ਅੰਮ੍ਰਿਤਸਰ (ਛੀਨਾ)- ਡੇਰਾ ਸੰਤ ਅਮੀਰ ਸਿੰਘ ਦੇ ਮੁਖੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਬੀਤੇ ਦਿਨ ਡੇਰੇ ਦੇ ਮੁੱਖ ਸੇਵਾਦਾਰ ਸੰਤ ਅਮਨਦੀਪ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਆਖਿਆ ਕਿ ਵਿਰੋਧੀ ਧਿਰ ਹਰਵਿੰਦਰ ਸਿੰਘ ਗੋਲਡੀ ਨੇ ਸੱਚਖੰਡ ਵਾਸੀ ਸੰਤ ਮੱਖਣ ਸਿੰਘ ਦੇ ਦੁਸਹਿਰਾ ਸਮਾਗਮ ਨੂੰ ਤਾਰਪੀਡੋ ਕਰਨ ਲਈ ਡੂੰਘੀ ਸਾਜ਼ਿਸ਼ ਰਚੀ ਹੈ, ਜਿਸ ਦੇ ਤਹਿਤ ਹੀ ਉਸ ਨੇ ਕੱਲ੍ਹ ਆਪਣੀ ਪਤਨੀ ਤੇ ਕੁਝ ਹੋਰ ਰਿਸ਼ਤੇਦਾਰ ਔਰਤਾਂ ਨੂੰ ਡੇਰੇ ਭੇਜ ਕੇ ਰੌਲਾ-ਰੱਪਾ ਪਵਾਇਆ ਹੈ। ਸੰਤ ਅਮਨਦੀਪ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਹੀ ਪੁਲਸ ਪ੍ਰਸ਼ਾਸਨ ਨੂੰ ਚੌਕਸ ਕੀਤਾ ਸੀ ਕਿ ਸੰਤ ਮੱਖਣ ਸਿੰਘ ਦੇ ਦੁਸਹਿਰਾ ਸਮਾਗਮ ’ਤੇ ਵਿਰੋਧੀ ਧਿਰ ਵੱਲੋਂ ਮਾਹੋਲ ਵਿਗਾੜਨ ਲਈ ਹਰ ਹੀਲਾ ਵਰਤਿਆ ਜਾ ਸਕਦਾ ਹੈ, ਜਿਸ ਨੂੰ ਵਿਰੋਧੀਆਂ ਨੇ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ
ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਗੋਲਡੀ ਦੀ ਪਤਨੀ ਪਰਮੀਤ ਕੌਰ ਕੱਲ ਕੁਝ ਔਰਤਾਂ ਨਾਲ ਗਿਣੀ-ਮਿਥੀ ਸਾਜਿਸ਼ ਤਹਿਤ ਡੇਰੇ ਪਹੁੰਚੀ ਸੀ, ਜਿਨ੍ਹਾਂ ’ਚੋਂ ਇਕ ਔਰਤ ਨੇ ਡੇਰੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਜਦੋਂ ਸੇਵਾਦਾਰ ਨੇ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਪਹਿਲਾਂ ਹੀ ਮਿਥੀ ਵਿਉਂਤਬੰਦੀ ਮੁਤਾਬਕ ਉਕਤ ਔਰਤਾਂ ਨੇ ਡੇਰੇ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਉੱਚੀ-ਉੱਚੀ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਸੰਤ ਅਮਨਦੀਪ ਸਿੰਘ ਨੇ ਆਖਿਆ ਕਿ ਜਦੋਂ ਵਾਰ-ਵਾਰ ਸਮਝਾਉਣ ਦੇ ਬਾਵਜੂਦ ਔਰਤਾਂ ਸਾਨੂੰ ਅਪਮਾਨਜਨਕ ਸ਼ਬਦ ਬੋਲਣ ਤੋਂ ਨਾ ਹਟੀਆਂ ਤਾਂ ਇਸ ਸਾਰੇ ਘਟਨਾਕ੍ਰਮ ਬਾਰੇ ’ਚ ਪੁਲਸ ਥਾਣਾ ਗੇਟ ਹਕੀਮਾ ਵਿਖੇ ਸੂਚਨਾ ਦਿੱਤੀ ਗਈ, ਜਿੱਥੋਂ ਆਈ ਪੁਲਸ ਫੋਰਸ ਨੇ ਉਕਤ ਔਰਤਾਂ ਨੂੰ ਡੇਰੇ ’ਚੋਂ ਬਾਹਰ ਕੱਢ ਕੇ ਮਾਹੌਲ ਸ਼ਾਂਤ ਕੀਤਾ। ਸੰਤ ਅਮਨਦੀਪ ਸਿੰਘ ਕਿਹਾ ਕਿ ਹਰਵਿੰਦਰ ਗੋਲਡੀ ਆਪਣੇ ਮਕਸਦ ਨੂੰ ਅੰਜ਼ਾਮ ਦੇਣ ਲਈ ਇਸ ਹੱਦ ਤੱਕ ਜਾ ਸਕਦਾ ਹੈ, ਇਹ ਅਸੀਂ ਕਦੇ ਸੋਚਿਆ ਵੀ ਨਹੀਂ ਸੀ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ
ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਦੇ ਵਾਪਰਨ ਤੋਂ ਬਾਅਦ ਸਾਨੂੰ ਪੂਰਾ ਸ਼ੱਕ ਹੈ ਕਿ ਵਿਰੋਧੀ ਦੁਸਹਿਰਾ ਸਮਾਗਮ ’ਚ ਵੀ ਖਲਲ ਪਾਉਣ ਲਈ ਹਰ ਹੱਥਕੰਡਾ ਵਰਤ ਸਕਦੇ ਹਨ, ਜਿਸ ਸਦਕਾ ਪੁਲਸ ਪ੍ਰਸ਼ਾਸਨ ਨੂੰ ਪੂਰਾ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਦੁਸਹਿਰਾ ਸਮਾਗਮ ’ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਪਹੁੰਚੀਆਂ ਹੋਣਗੀਆਂ, ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਨਾਲ ਮਾਹੌਲ ਹੋਰ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ- ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਵੱਡੀ ਖ਼ਬਰ : ਬੋਨੀ ਅਜਨਾਲਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
NEXT STORY