ਪਟਿਆਲਾ, (ਬਲਜਿੰਦਰ, ਰਾਣਾ)- ਦਸੰਬਰ ਦਾ ਮਹੀਨਾ ਸ਼ੁਰੂੁ ਹੁੰਦੇ ਹੀ ਪਟਿਆਲਾ ਦੀਆਂ ਸਡ਼ਕਾਂ ਨੇ ਖੂਨੀ ਰੂਪ ਧਾਰ ਲਿਆ। ਸਿਰਫ ਦਸੰਬਰ ਮਹੀਨੇ ਦੇ ਪਹਿਲੇ 23 ਦਿਨਾਂ ਵਿਚ ਹੀ ਵੱਖ-ਵੱਖ ਸਡ਼ਕ ਹਾਦਸਿਆਂ ਵਿਚ 10 ਮੌਤਾਂ ਹੋ ਗਈਆਂ। ਇਹ ਪੂਰੇ ਸਾਲ ਵਿਚ ਹੋਣ ਵਾਲੀਆਂ ਮੌਤਾਂ ਦਾ 15 ਫੀਸਦੀ ਕਿਹਾ ਜਾ ਸਕਦਾ ਹੈ। ਦਸੰਬਰ ਮਹੀਨੇ ਦੇ 7 ਦਿਨ ਬਾਕੀ ਹਨ। ਉਹ ਵੀ ਸੰਘਣੀ ਧੁੰਦ ਅਤੇ ਕੋਹਰੇ ਵਾਲੇ ਹਨ। ਜੇਕਰ ਇਹੀ ਅੰਕਡ਼ਾ ਚਲਦਾ ਰਿਹਾ ਤਾਂ ਇਹ 25 ਫੀਸਦੀ ਤੱਕ ਵੀ ਪਹੁੰਚ ਸਕਦਾ ਹੈ। ਇੰਨਾ ਹੀ ਨਹੀਂ, ਪਿਛਲੇ 23 ਦਿਨਾਂ ਵਿਚ 12 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਸਾਡੇ ਸਾਰਿਆਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਹੈ। ਸਰਕਾਰ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਿਰਫ ਇੰਨੇ ਘੱਟ ਦਿਨਾਂ ਵਿਚ ਇਕੱਲੇ ਪਟਿਆਲਾ ਸ਼ਹਿਰ ਵਿਚ ਵੱਖ-ਵੱਖ ਸਡ਼ਕ ਹਾਦਸਿਆਂ ’ਚ ਇੰਨੀਆਂ ਜਾਨਾਂ ਜਾਣ ਨੂੰ ਸ਼ਾਇਦ ਰੋਕਿਆ ਜਾ ਸਕਦਾ ਸੀ, ਜੇਕਰ ਕੁਝ ਨਿਯਮਾਂ ਦਾ ਪਾਲਣ ਕੀਤਾ ਜਾਂਦਾ। ਪਿਛਲੇ ਲੰਬੇ ਸਮੇਂ ਤੋਂ ਦੇਖਣ ਨੂੰ ਮਿਲਿਆ ਹੈ ਕਿ ਸਡ਼ਕ ਹਾਦਸਿਆਂ ਵਿਚ ਜਾਣ ਵਾਲੀਆਂ ਕੀਮਤੀ ਜਾਨਾਂ ਬਾਰੇ ਸਿਰਫ ਭਾਸ਼ਣਬਾਜ਼ੀ ਅਤੇ ਕਾਗਜ਼ਾਂ ਵਿਚ ਹੀ ਕੰਮ ਹੋ ਰਿਹਾ ਹੈ।
ਸਭ ਤੋਂ ਵੱਧ ਮੌਤਾਂ ਸਰਹਿੰਦ ਤੇ ਨਾਭਾ ਰੋਡ ’ਤੇ ਹੋਈਆਂ
ਸਭ ਤੋਂ ਜ਼ਿਆਦਾ ਮੌਤਾਂ ਸਰਹਿੰਦ ਅਤੇ ਨਾਭਾ ਰੋਡ ’ਤੇ ਹੋਈਆਂ। ਸਰਹਿੰਦ ਰੋਡ ਤਾਂ ਪਟਿਆਲਾ ਦੀ ਸਭ ਤੋਂ ਜ਼ਿਆਦਾ ਹਾਦਸਿਆਂ ਵਾਲੀ ਰੋਡ ਬਣ ਚੁੱਕੀ ਹੈ। ਦੋਵਾਂ ਸਡ਼ਕਾਂ ’ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਣ ਦੀ ਖਬਰ ਆਈ ਰਹਿੰਦੀ ਹੈ। ਦੋਵਾਂ ਸਡ਼ਕਾਂ ’ਤੇ ਜਿਹਡ਼ਾ ਵੀ ਹਾਦਸਾ ਹੁੰਦਾ ਹੈ, ਉਹ ਖਤਰਨਾਕ ਹੀ ਹੁੰਦਾ ਹੈ। ਦੋਵਾਂ ਸਡ਼ਕਾਂ ’ਤੇ ਕਈ ਥਾਵਾਂ ’ਤੇ ਟਰੈਫਿਕ ਦੇ ਲਿਹਾਜ ਨਾਲ ਕਾਫੀ ਘਾਟਾਂ ਹਨ। ਖਾਸ ਤੌਰ ’ਤੇ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸਡ਼ਕਾਂ ’ਤੇ ਮੁਡ਼ਨ ਲੱਗਿਅਾਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਟਿਆਲਾ ’ਚ ਹਰ ਸਾਲ 65 ਤੋਂ 70 ਵਿਅਕਤੀਆਂ ਦੀ ਹੁੰਦੀ ਹੈ ਮੌਤ
ਪਟਿਆਲਾ ਸ਼ਹਿਰ ਵਿਚ ਹਰ ਸਾਲ 65 ਤੋਂ 70 ਵਿਅਕਤੀ ਦੀ ਸਡ਼ਕ ਹਾਦਸਿਆਂ ਵਿਚ ਮੌਤ ਹੋ ਜਾਂਦੀ ਹੈ। ਜ਼ਿਆਦਾਤਰ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਲਈ ਟਰੱਕ, ਬੱਸ ਅਤੇ ਕਾਰਾਂ ਜ਼ਿੰਮੇਵਾਰ ਹਨ। ਆਈ. ਆਈ. ਟੀ. ਦਿੱਲੀ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਰਵੇ ਮੁਤਾਬਕ ਜ਼ਿਆਦਾਤਰ ਹਾਦਸੇ ਲੀਲਾ ਭਵਨ, ਰਾਜਪੁਰਾ ਰੋਡ, ਸਰਹਿੰਦ ਰੋਡ, ਪਟਿਆਲਾ ਬੱਸ ਸਟੈਂਡ ਦੇ ਕੋਲ ਬੱਤੀਆਂ ਵਾਲਾ ਚੌਕ ਅਤੇ ਨਾਭਾ ਰੋਡ ’ਤੇ ਕਈ ਪੁਆਇੰਟ ਸ਼ਾਮਲ ਹਨ। ਇਹ ਡਾਟਾ ਸਿਰਫ ਪਟਿਆਲਾ ਸ਼ਹਿਰ ਦੇ ਅਧੀਨ ਪੈਣ ਵਾਲੇ ਥਾਣਿਆਂ ਦਾ ਹੈ।
ਸ਼ੁੱਕਰਵਾਰ ਨੂੰ ਹੀ ਵਾਪਰਦੇ ਹਨ ਹਾਦਸੇ
ਸਰਵੇ ਮੁਤਾਬਕ ਸਭ ਤੋਂ ਜ਼ਿਆਦਾ ਸਡ਼ਕ ਹਾਦਸੇ ਸ਼ੁੱਕਰਵਾਰ ਨੂੰ ਹੀ ਹੁੰਦੇ ਹਨ। ਸਭ ਤੋਂ ਜ਼ਿਆਦਾ ਮੌਤਾਂ ਦਸੰਬਰ ਮਹੀਨੇ ’ਚ ਹੁੰਦੀਆਂ ਹਨ। ਸ਼ੁੱਕਰਵਾਰ ਨੂੰ ਸ਼ਾਮ 5 ਤੋਂ 10 ਵਜੇ ਤੱਕ ਸਡ਼ਕ ’ਤੇ ਹਾਦਸੇ ਹੋਣਾ ਨੋਟ ਕੀਤਾ ਗਿਆ ਹੈ। ਇਸ ਮਹੀਨੇ ਵਿਚ ਜ਼ਿਆਦਾ ਮੌਤਾਂ ਹੋਣ ਪਿੱਛੇ ਮਾਹਰਾਂ ਵੱਲੋਂ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਜਦੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਹਾਦਸੇ ਵਾਪਰਦੇ ਹਨ। ਜਨਵਰੀ ’ਚ ਜ਼ਿਆਦਾ ਧੁੰਦ ਪੈਣ ਦੇ ਕਾਰਨ ਵੀ ਘੱਟ ਹਾਦਸੇ ਹੁੰਦੇ ਹਨ।
ਠੰਢ ਨਾਲ ਕੰਬਿਆ ਪਟਿਆਲਾ
ਪਹਾਡ਼ਾਂ ਵਿਚ ਬਫਰਬਾਰੀ ਹੁੰਦੇ ਹੀ ਪਟਿਆਲਾ ਵੀ ਠੰਢ ਨਾਲ ਕੰਬ ਉਠਿਆ। ਪਟਿਆਲਾ ਦਾ ਅੱਜ ਘੱਟੋ-ਘੱਟ ਤਾਪਮਾਨ 4 ਡਿਗਰੀ ਰਹਿ ਗਿਆ। ਪਟਿਆਲਾ ਇਸ ਸਮੇਂ ਸੀਤ ਲਹਿਰ ਦੀ ਲਪੇਟ ਵਿਚ ਹੈ। ਸਵੇਰੇ ਧੁੰਦ ਦੀ ਕਾਫੀ ਸੰਘਣੀ ਸੀ। ਦੁਪਹਿਰ ਹੁੰਦੇ ਤੱਕ ਧੁੱਪ ਖਿਡ਼ ਗਈ। ਸ਼ਾਮ ਹੁੰਦੇ ਹੀ ਫਿਰ ਸ਼ਹਿਰ ਧੁੰਦ ਦੀ ਲਪੇਟ ਵਿਚ ਆ ਗਿਆ। ਛੁੱਟੀ ਦਾ ਦਿਨ ਹੋਣ ਕਾਰਨ ਲੋਕ ਘਰਾਂ ਵਿਚ ਹੀ ਦੁਬਕੇ ਰਹੇ। ਸ਼ਹਿਰ ਦੀਆਂ ਸਡ਼ਕਾਂ ’ਤੇ ਲੋਕ ਘੱਟ ਹੀ ਨਿਕਲੇ।
ਜੇਲ ’ਚ ਨਸ਼ਾ ਪਹੁੰਚਾਉਣ ਵਾਲਾ ਕਾਬੂ
NEXT STORY