ਫਰੀਦਕੋਟ, (ਹਾਲੀ)- ਪੰਜਾਬ ’ਚ ਪਿਛਲੇ ਕਈ ਦਿਨਾਂ ਤੋਂ ਅੱਤਵਾਦੀਆਂ ਦੀ ਘੁਸਪੈਠ ਦੀਆਂ ਆ ਰਹੀਆਂ ਖਬਰਾਂ ਦੇ ਮੱਦੇਨਜ਼ਰ ਭਾਵੇਂ ਪਹਿਲਾਂ ਤੋਂ ਹੀ ਫਰੀਦਕੋਟ ਜ਼ਿਲੇ ਦੀਆਂ ਹੱਦਾਂ ਅੰਦਰ ਪੁਲਸ ਪੂਰੀ ਤਰ੍ਹਾਂ ਮੁਸਤੈਦ ਸੀ, ਪਰ ਐਤਵਾਰ ਨੂੰ ਅਮ੍ਰਿਤਸਰ ਦੇ ਅਜਨਾਲਾ ਨਜ਼ਦੀਕ ਪਿੰਡ ਦੇ ਨਿਰੰਕਾਰੀ ਸਤਿਸੰਗ ਘਰ ’ਤੇ ਹੋਏ ਅੱਤਵਾਦੀ ਹਮਲੇ ਬਾਅਦ ਤਾਂ ਫਰੀਦਕੋਟ ਵਿਚ ਚੈਕਿੰਗ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀ ਗਈ ਅਤੇ ਇਥੇ ਹਾਈ ਅਲਾਟਰ ਜਾਰੀ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਲਕਿਆਂ ਦੇ ਡੀ. ਐੱਸ. ਪੀ. ਨੂੰ ਆਪਣੇ-ਆਪਣੇ ਅਧੀਨ ਆਉਂਦਿਆਂ ਥਾਣਿਆਂ ’ਚ ਨਾਕੇ ਲਾਉਣ ਅਤੇ ਗਸ਼ਤ ਤੇਜ਼ ਕਰਨ ਅਤੇ ਚੈਕਿੰਗ ਕਰਨ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਅੰਤਰਰਾਸ਼ਟਰੀ ਸਰਹੱਦ ’ਤੇ ਹੋਣ ਅਤੇ ਫਰੀਦਕੋਟ ਇਥੋਂ ਨਜ਼ਦੀਕ ਹੋਣ ਕਾਰਨ ਇਸ ਦੀਆਂ ਸਾਰੀਆਂ ਹੱਦਾਂ ’ਤੇ ਪੁਲਸ ਨੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਜ਼ਿਲੇ ਅੰਦਰ ਆਉਣ-ਜਾਣ ਵਾਲੇ ਸਾਰੇ ਹੀ ਵਾਹਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਆਉਂਦੇ ਸਾਰੇ ਹੀ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਦੀ ਵੀ ਸੁਰੱਖਿਆ ਵਧਾ ਦਿੱਤੀ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ਅੰਦਰ ਆਉਂਦੇ ਨਿਰੰਕਾਰੀ ਸਤਿਸੰਗ ਘਰ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਚੁੱਕਾ ਹੈ ਅਤੇ ਇਥੇ ਸੁਰੱਖਿਆ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੰਤ ਨਿਰੰਕਾਰੀ ਸਤਿਸੰਗ ਭਵਨ ਦੇ ਬਾਹਰ ਤਾਇਨਾਤ ਕੀਤੀ ਪੁਲਸ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਪਵਨ)-ਸੰਤ ਨਿਰੰਕਾਰੀ ਮਿਸ਼ਨ ਦੇ ਰਾਜਾਸਾਂਸੀ ਰੋਡ ’ਤੇ ਪਿੰਡ ਅਦਲੀਵਾਲ ’ਚ ਨਿਰੰਕਾਰੀ ਮਿਸ਼ਨ ਦੇ ਡੇਰੇ ’ਤੇ ਹੋਏ ਹਮਲੇ ਤੋਂ ਬਾਅਦ ਜ਼ਿਲਾ ਪੁਲਸ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ’ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ’ਤੇ ਸੁਰੱਖਿਆਂ ਦੇ ਪ੍ਰਬੰਧ ਵਧਾ ਦਿੱਤੇ ਹਨ। ਡੇਰੇ ਦੇ ਬਾਹਰ ਤੈਨਾਤ ਕੀਤੇ ਗਏ ਪੁਲਸ ਜਵਾਨ ਸਖਤ ਪਹਿਰਾ ਦੇ ਰਹੇ ਹਨ। ਗੌਰਤਲਬ ਹੈ ਕਿ ਅੰਮ੍ਰਿਤਸਰ ਡੇਰੇ ਤੇ ਦੋ ਅਣਪਛਾਤੇ ਲੋਕਾਂ ਨੇ ਜਦੋਂ ਡੇਰੇ ਦੇ ਬਾਹਰ ਗੋਲੀ ਚਲਾਉਣ ਤੋਂ ਬਾਅਦ ਅੰਦਰ ਜਾ ਕੇ ਧਮਾਕਾ ਕੀਤਾ, ਤਾਂ ਉਸ ਵੇਲੇ ਡੇਰੇ ਵਿਚ ਸਪਤਾਹਿਕ ਸਤਿਸੰਗ ਚਲ ਰਿਹਾ ਸੀ। ਜਿਸ ਕਾਰਨ ਡੇਰੇ ’ਚ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।
ਉਧਰ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਜ਼ਿਲਾ ਅੰਦਰ ਰੈੱਡ ਅਲਾਰਟ ਜਾਰੀ ਕਰਦਿਆਂ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਲੋਕਾਂ ਦੀ ਸੁਰੱਖਿਆਂ ਨੂੰ ਦੇਖਦੇ ਹੋਏ ਡੇਰੇ ਦੇ ਬਾਹਰ ਪੁਲਸ ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ। ਜਦਕਿ ਥਾਣਾ ਸਿਟੀ ਮੁਖੀ ਭੂਪਿੰਦਰ ਸਿੰਘ ਨੇ ਕਿਹਾ ਕਿ ਐੱਸ.ਐੱਸ.ਪੀ. ਦੇ ਨਿਰਦੇਸ਼ਾਂ ’ਤੇ ਤਹਿਤ ਡੇਰੇ ਦੇ ਬਾਹਰ ਸੁਰੱਖਿਆ ਪ੍ਰਬੰਧ ਕਡ਼ੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਸ਼ਹਿਰ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਦੇਖਦੇ ਹਨ ਤਾਂ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦੇਣ ਤਾਂਕਿ ਕਿਸੇ ਵੀ ਅਣਸੁਖਾਵੀ ਘਟਨਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।
ਪੁਲਸ ਨੇ ਨਿਰੰਕਾਰੀ ਸਤਿਸੰਗ ਭਵਨਾਂ ’ਚ ਵਧਾਈ ਸੁਰੱਖਿਆ
NEXT STORY