ਮਾਛੀਵਾੜਾ ਸਾਹਿਬ, (ਟੱਕਰ)- ਮਾਛੀਵਾੜਾ ਅਨਾਜ ਮੰਡੀ ਵਿਚ ਮੱਕੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਅੱਜ ਕਿਸਾਨ ਇਕਬਾਲ ਸਿੰਘ ਵਾਸੀ ਗੜ੍ਹੀ ਤਰਖਾਣਾ ਨੇ ਆੜ੍ਹਤੀ ਰਾਮ ਜੀ ਦਾਸ ਸਤਪਾਲ ਹੇਡੋਂ ਵਾਲਿਆਂ ਦੀ ਦੁਕਾਨ ’ਤੇ ਆਪਣੀ ਫਸਲ ਵੇਚਣ ਲਈ ਲੈ ਕੇ ਆਏ। ਪ੍ਰਾਈਵੇਟ ਵਪਾਰੀਆਂ ਵਲੋਂ ਅੱਜ ਇਸ ਮੱਕੀ ਫਸਲ ਦੀ ਖੁੱਲ੍ਹੀ ਬੋਲੀ ਲਗਾਈ ਗਈ ਜੋ ਕਿ 1900 ਤੋਂ ਸ਼ੁਰੂ ਹੋਈ ਅਤੇ 2031 ਵਿਚ ਚਿਰਾਗ ਟਰੇਡਿੰਗ ਕੰਪਨੀ ਵਲੋਂ ਖਰੀਦੀ ਗਈ।
ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੱਕੀ ਦੀ ਕਾਸ਼ਤ ਕਰਦਾ ਆ ਰਿਹਾ ਹੈ ਪਰ ਇਸ ਵਾਰ ਜਿਆਦਾ ਗਰਮੀ ਪੈਣ ਕਾਰਨ ਮੱਕੀ ਦਾ ਝਾੜ ਘੱਟ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੱਕੀ ਦੀ ਫਸਲ ਔਸਤਨ 2200 ਤੋਂ 2300 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਪਰ ਇਸ ਵਾਰ ਘੱਟ ਭਾਅ ’ਤੇ ਵਿਕ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨ ਨੇ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵਲੋਂ ਮੱਕੀ ਫਸਲ ਦਾ ਸਮਰਥਨ ਮੁੱਲ 2410 ਰੁਪਏ ਨਿਰਧਾਰਿਤ ਕੀਤਾ ਹੈ ਪਰ ਸਰਕਾਰਾਂ ਵਲੋਂ ਇਸ ਫਸਲ ਦੀ ਖਰੀਦ ਦੇ ਪੁਖਤਾ ਪ੍ਰਬੰਧ ਨਾ ਕੀਤੇ ਹੋਣ ਕਾਰਨ ਇਹ ਸਮਰਥਨ ਮੁੱਲ ’ਤੇ ਨਹੀਂ ਵਿਕ ਰਹੀ ਜਿਸ ਦਾ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਰਥਨ ਮੁੱਲ ਤੋਂ ਘੱਟ ਵਿਕਣ ਕਾਰਨ ਮੱਕੀ ਦੀ ਫਸਲ ’ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਬੋਨਸ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਟਹਿਲ ਸਿੰਘ ਅਤੇ ਸੂਬਾ ਸਕੱਤਰ ਅਰਵਿੰਦਰਪਾਲ ਸਿੰਘ ਵਿੱਕੀ ਨੇ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ ਮੱਕੀ ਦੀ ਫਸਲ ਦਾ ਵੱਡਾ ਖਰੀਦ ਕੇਂਦਰ ਹੈ। ਉਨ੍ਹਾਂ ਕਿਹਾ ਕਿ ਬਾਕੀ ਆਸਪਾਸ ਦੀਆਂ ਮੰਡੀਆਂ ਨਾਲੋਂ ਮਾਛੀਵਾੜਾ ਵਿਚ ਮੱਕੀ ਜਿਆਦਾ ਭਾਅ ’ਤੇ ਵਿਕਦੀ ਹੈ ਕਿਉਂਕਿ ਇੱਥੇ ਪ੍ਰਾਈਵੇਟ ਵਪਾਰੀ ਜਿਆਦਾ ਹਨ। ਆੜ੍ਹਤੀਆਂ ਨੇ ਇਹ ਚਿੰਤਾ ਵੀ ਪ੍ਰਗਟਾਈ ਕਿ ਸਮਰਥਨ ਮੁੱਲ ’ਤੇ ਮੱਕੀ ਫਸਲ ਦਾ ਨਾ ਵਿਕਣਾ ਵੀ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਹੈ।
ਲੁਧਿਆਣਾ 'ਚ ਖੌਫ਼ਨਾਕ ਵਾਰਦਾਤ! ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਚਾਕੂ ਦੀ ਨੋਕ 'ਤੇ ਮੁਟਿਆਰ ਤੋਂ ਖੋਹਿਆ ਬੈਗ
NEXT STORY