ਬਾਘਾ ਪੁਰਾਣਾ (ਅਜੇ, ਮੁਨੀਸ਼)- ਜਦੋਂ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਪੰਜਾਬ ਵਾਸੀਆਂ ਨੂੰ ‘ਆਪ’ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ ਕਿ ਉਨ੍ਹਾਂ ਦੀ ਪਹਿਲਾਂ ਵਾਂਗ ਸਰਕਾਰੀ ਦਫ਼ਤਰਾਂ ਵਿਚ ਖੱਜਲ-ਖੁਆਰੀ ਹੋਣੀ ਬੰਦ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਰਕਾਰੀ ਅਮਲੇ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਲੋਕਾਂ ਦੀ ਖੱਜਲ-ਖੁਆਰੀ ਸਰਕਾਰੀ ਦਫ਼ਤਰਾਂ ਵਿਚ ਨਾ ਕੀਤੀ ਜਾਵੇ ਉਨ੍ਹਾਂ ਦੇ ਕੰਮ ਤੁਰੰਤ ਕੀਤੇ ਜਾਣ। ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਗੁਜਰਾਤ ਵਿਚ ਕੱਢੇ ਰੋਡ ਸ਼ੋਅ ਦੌਰਾਨ ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਵਿਚ ਸਰਕਾਰ ਬਣਦਿਆਂ ਸਾਰ 10 ਦਿਨ ਦੇ ਅੰਦਰ-ਅੰਦਰ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਕਰ ਦਿੱਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਹਲਕਾ ਬਾਘ ਪੁਰਾਣਾ ਵਾਸੀਆਂ ਨੇ ਉਦੋਂ ਖੋਲ੍ਹ ਦਿੱਤੀ ਜਦੋਂ ਸਥਾਨਕ ਸ਼ਹਿਰ ਦੇ ਮੁੱਦਕੀ ਰੋਡ ਉਪਰ ਸਥਿਤ ਤਹਿਸੀਲ ਕੰਪਲੈਕਸ ਵਿਚ ਕੰਮ ਕਰਵਾਉਣ ਆਏ ਲੋਕਾਂ ਨੇ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਅੰਦਰ ਕੰਮ ਕਰਦੇ ਅਧਿਕਾਰੀਆਂ ’ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਵਿਚ ਉਨ੍ਹਾਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ, ਜੋ ਲੋਕ ਸਿਫਾਰਿਸ਼ੀ ਹਨ ਜਾਂ ਕੋਈ ਤਹਿਸੀਲ ਅੰਦਰ ਬੈਠੇ ਅਧਿਕਾਰੀਆਂ ਨਾਲ ਅੰਦਰ ਖਾਤੇ ਕਥਿਤ ਤੌਰ ’ਤੇ ਲੈਣ-ਦੇਣ ਕਰਦੇ ਹਨ।
ਤੀਹਸੀਲ ਕੰਪਲੈਕਸ ਵਿਖੇ ਰਜਿਸਟਰੀਆਂ ਅਤੇ ਹੋਰ ਕੰਮ ਕਰਵਾਉਣ ਆਏ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਹਿਸੀਲ ਦਫ਼ਤਰ ਵਲੋਂ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਪਹਿਲਾਂ ਆਉਂਦੇ ਹਨ, ਉਨ੍ਹਾਂ ਦਾ ਕੰਮ ਹੁੰਦਾ ਨਹੀਂ ਜਿਹੜੇ ਸਿਫਾਰਿਸ਼ੀ ਲੋਕ ਬਾਅਦ ਵਿਚ ਆਉਂਦੇ ਹਨ, ਉਹ ਸਿੱਧੇ ਤਹਿਸੀਲਦਾਰ ਦੇ ਕਮਰੇ ਵਿਚ ਜਾ ਕੇ ਅਪਣਾ ਕੰਮ ਕਰਵਾ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਬਾਹਰ ਖੜੇ ਦੇ ਖੜੇ ਰਹਿ ਜਾਂਦੇ ਹਾਂ ਕਿ ਸਾਡੀ ਵਾਰੀ ਹੁਣ ਆਉਂਦੀ ਹੈ, ਅਸੀ ਪਿੰਡਾਂ ਤੋਂ ਭੁੱਖੇ ਭਾਣੇ ਆ ਕੇ ਬੈਠ ਜਾਂਦੇ ਹਾਂ ਹੁਣ ਕਰੀਬ 5 ਵੱਜਣ ਵਾਲੇ ਹੋ ਗਏ ਪਰ ਸਾਨੂੰ ਕਿਸੇ ਨੇ ਆਵਾਜ਼ ਨਹੀਂ ਮਾਰੀ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਨਾਇਬ ਤਹਿਸੀਲਦਾਰ ਕਰੀਬ 3 ਵਜੇ ਰਜਿਸਟਰੀਆਂ ਕਰਨ ਲੱਗੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਿਫਾਰਿਸ਼ੀ ਲੋਕਾਂ ਅਤੇ ਦਲਾਲਾਂ ਦੀ ਦਫ਼ਤਰਾਂ ਵਿਚ ਦਖਲ ਅੰਦਾਜ਼ੀ ਬੰਦ ਨਹੀਂ ਹੁੰਦੀ, ਉਨ੍ਹਾਂ ਚਿਰ ਲੋਕਾਂ ਦੀ ਖੱਜਲ-ਖੁਆਰੀ ਦਫ਼ਤਰਾਂ ਵਿਚ ਹੁੰਦੀ ਰਹੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਨੂੰ ਕੂਪਨ ਜਾਰੀ ਕੀਤੇ ਜਾਣ ਤਾਂ ਕਿ ਲੋਕ ਆਪਣੀ ਵਾਰੀ ਸਿਰ ਕੰਮ ਕਰਵਾ ਸਕਣ ਅਤੇ ਰਜਿਸਟਰੀਆਂ ਨਾ ਕਰਨ ਦੇ ਬਹਾਨੇ ਬਾਜੀਆਂ ਕੀਤੀਆਂ ਜਾਂਦੀਆਂ ਹਨ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜ਼ਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਦਫ਼ਤਰਾਂ ਵਿਚ ਲੋਕਾਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ ਅਤੇ ਲੋਕਾਂ ਦਾ ਕੰਮ ਸੁਚਾਰੂ ਢੰਗ ਨਾਲ ਕਰਵਾਇਆ ਜਾਵੇ।
ਕੀ ਕਹਿਣਾ ਹੈ ਹਲਕਾ ਵਿਧਾਇਕ ਸੁਖਾਨੰਦ ਦਾ
ਜਦੋਂ ਇਸ ਸਬੰਧੀ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਨਾਲ ਫੋਨ ’ਤੇ ਗੱਲ ਕੀਤੀ ਤਾਂ ੳਨ੍ਹਾਂ ਕਿਹਾ ਕਿ ਕਿਸੇ ਦਫ਼ਤਰ ਵਿਚ ਕਿਸੇ ਵੀ ਵਿਅਕਤੀ ਦੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਪੱਖਪਾਤ ਹੋਵੇਗਾ, ਲੋਕਾਂ ਦੀ ਪੂਰੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਮੇਰੇ ਧਿਆਨ ਵਿਚ ਲਿਆਂਦਾ ਜਾਵੇ।
ਕੀ ਕਹਿਣਾ ਨਾਇਬ ਤਹਿਸੀਲਦਾਰ ਦਾ
ਜਦੋਂ ਰਜਿਸਟਰੀਆਂ ਸਬੰਧੀ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਗਾ ਵਿਖੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਸੀ, ਜਿਸ ਕਰ ਕੇ ਰਜਿਸਟਰੀਆਂ ਦਾ ਕੰਮ 3 ਵਜੇ ਸ਼ੁਰੂ ਕੀਤਾ ਗਿਆ ਹੈ, ਕਿਸੇ ਵੀ ਆਦਮੀ ਨਾਲ ਪੱਖਪਾਤ ਨਹੀਂ ਕੀਤਾ, ਜਿਸ ਤਰ੍ਹਾਂ ਰਜਿਸਟਰੀਆਂ ਆ ਗਈਆਂ ਉਸੇ ਤਰ੍ਹਾਂ ਕੀਤੀਆਂ ਜਾ ਰਹੀਆਂ ਹਨ।
ਮਾਮਲਾ ਨੌਜਵਾਨ ਦੇ ਭੇਤਭਰੇ ਹਾਲਤ ’ਚ ਹੋਏ ਕਤਲ ਦਾ: ਪਤਨੀ ਨਾਮਜ਼ਦ
NEXT STORY