ਚੰਡੀਗੜ੍ਹ,(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਖੌਤੀ ਅਕਾਲੀ ਦਲ ਟਕਸਾਲੀ ਆਗੂ ਰਣਜੀਤ ਸਿੰਘ ਬ੍ਰ੍ਰਹਮਪੁਰਾ ਨੇ ਆਪਣੀ ਪਾਰਟੀ ਦੇ ਉਮੀਦਵਾਰ ਜਨਰਲ (ਸੇਵਾਮੁਕਤ) ਜੇ. ਜੇ. ਸਿੰਘ ਨੂੰ ਖਡੂਰ ਸਾਹਿਬ ਦੇ ਚੋਣ ਮੈਦਾਨ 'ਚੋਂ ਬਾਹਰ ਕਰਕੇ ਉਸ ਦੀ ਪਿੱਠ 'ਚ ਛੁਰਾ ਮਾਰਿਆ ਸੀ। ਹੁਣ ਉਸ ਦੀ ਆਪਣੀ ਹਾਲਤ ਬਹੁਤ ਪਤਲੀ ਹੋ ਗਈ ਹੈ ਕਿਉਂਕਿ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਮੁਖੀ ਸੁਖਪਾਲ ਖਹਿਰਾ ਨੇ ਬ੍ਰਹਮਪੁਰਾ ਵੱਲੋ ਦਿੱਤੇ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰੇ ਜਾਣ ਦੇ ਸੁਝਾਅ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਦਿੱਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੋ ਸਲੂਕ ਬ੍ਰਹਮਪੁਰਾ ਨੇ ਜੇ.ਜੇ. ਸਿੰਘ ਨਾਲ ਕੀਤਾ ਹੈ, ਖਹਿਰਾ ਉਸ ਤੋਂ ਵੀ ਭੈੜਾ ਸਲੂਕ ਬ੍ਰਹਮਪੁਰਾ ਨਾਲ ਕਰ ਰਿਹਾ ਹੈ। ਉਹ ਬ੍ਰਹਮਪੁਰਾ ਵੱਲੋਂ ਦਿੱਤੇ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ ਬੀਬੀ ਖਾਲੜਾ ਨੂੰ ਆਜ਼ਾਦ ਜਾਂ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਨ ਦੇ ਸੁਝਾਅ ਨੂੰ ਪੂਰੀ ਤਰਾਂ ਅਣਗੌਲਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਆਪਣੇ ਜ਼ੱਦੀ ਇਲਾਕੇ ਚੋਹਲਾ ਸਾਹਿਬ ਵਿਖੇ ਖਾਲੜਾ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਬ੍ਰਹਮਪੁਰਾ ਨੂੰ ਖਹਿਰੇ ਅੱਗੇ ਇਸ ਦੀ ਬੇਨਤੀ ਕਰਨੀ ਪਈ ਸੀ।
ਇਹ ਮਹਿਸੂਸ ਕਰਦਿਆਂ ਕਿ ਖਹਿਰਾ ਨਾ ਸਿਰਫ ਸ਼ੁਹਰਤ ਬਟੋਰ ਲਵੇਗਾ, ਸਗੋਂ ਗਰਮਖ਼ਿਆਲੀਆਂ ਤੇ ਖਾਲਿਸਤਾਨੀ ਪਰਵਾਸੀਆਂ ਕੋਲੋਂ ਮਿਲਣ ਵਾਲੇ ਪੈਸੇ ਵੀ ਹੜੱਪ ਕਰ ਜਾਵੇਗਾ। ਪਰੇਸ਼ਾਨ ਹੋਏ ਬ੍ਰਹਮਪੁਰਾ ਨੇ ਜਨਤਕ ਤੌਰ 'ਤੇ ਬੀਬੀ ਖਾਲੜਾ ਨੂੰ ਇਕ ਆਜ਼ਾਦ ਉਮੀਦਵਾਰ ਵਜੋਂ ਉਤਾਰੇ ਜਾਣ ਦੀ ਮੰਗ ਕੀਤੀ ਹੈ। ਬ੍ਰਹਮਪੁਰਾ ਨੇ ਖਹਿਰਾ ਨੂੰ ਅਪੀਲ ਕੀਤੀ ਹੈ ਕਿ ਉਹ ਬੀਬੀ ਖਾਲੜਾ ਨੂੰ ਪਾਰਟੀ ਦੀ ਬੰਦਿਸ਼ ਤੋਂ ਆਜ਼ਾਦ ਕਰ ਦੇਵੇ ਤੇ ਉਸ ਨੂੰ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇਵੇ ਤਾਂ ਕਿ ਸਾਰੀਆਂ ਹਮਖ਼ਿਆਲ ਪਾਰਟੀਆਂ ਉਸ ਦਾ ਸਮਰਥਨ ਕਰ ਸਕਣ। ਇਸ ਤੋਂ ਇਲਾਵਾ ਬ੍ਰਹਮਪੁਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਪ ਕਨਵੀਨਰ ਭਗਵੰਤ ਮਾਨ ਵੀ ਇਸ ਸ਼ਰਤ 'ਤੇ ਬੀਬੀ ਖਾਲੜਾ ਦੀ ਹਮਾਇਤ ਕਰਨ ਵਾਸਤੇ ਰਾਜ਼ੀ ਹੋ ਗਿਆ ਹੈ ਕਿ ਉਸ ਨੂੰ ਇੱਕ ਆਜ਼ਾਦ ਜਾਂ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਜਾਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਖਹਿਰਾ ਕਦੇ ਵੀ ਬੀਬੀ ਖਾਲੜਾ ਨੂੰ ਇੱਕ ਆਜ਼ਾਦ ਉਮੀਦਵਾਰ ਜਾਂ ਸਾਂਝਾ ਉਮੀਦਵਾਰ ਨਹੀਂ ਬਣਨ ਦੇਵੇਗਾ ਕਿਉਂਕਿ ਇਹ ਉਸ ਦੇ ਸੁਭਾਅ ਵਿਚ ਨਹੀਂ ਹੈ। ਇਸ ਤੋਂ ਪਹਿਲਾਂ ਮੈਂ ਇਹ ਕਿਹਾ ਸੀ ਕਿ ਬ੍ਰਹਮਪੁਰਾ ਜਨਰਲ ਜੇ.ਜੇ. ਸਿੰਘ ਨੂੰ ਧੋਖਾ ਦੇਵੇਗਾ ਤੇ ਦਸ ਦਿਨਾਂ ਬਾਅਦ ਹੀ ਮੇਰੀ ਗੱਲ ਸੱਚ ਸਾਬਿਤ ਹੋ ਗਈ ਸੀ ਜਦੋਂ ਬ੍ਰਹਮਪੁਰਾ ਨੇ ਜਨਰਲ ਸਾਹਿਬ ਨੂੰ ਚੋਣ ਮੈਦਾਨ 'ਚੋਂ ਬਾਹਰ ਕਰ ਦਿੱਤਾ ਸੀ।
ਬੀਬੀ ਖਾਲੜਾ ਨੂੰ ਸਮਰਥਨ ਦੇਣ 'ਤੇ ਭਗਵੰਤ ਮਾਨ ਦੀ ਸ਼ਰਤ!
NEXT STORY