ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਇੱਕ ਵਿਅਕਤੀ ਦਾ ਉਸ ਦੀ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਹੱਥ-ਪੈਰ ਬੰਨੇ ਗਲੀ ਸੜੀ ਲਾਸ਼ ਘਰ ਵਿੱਚੋਂ ਮਿਲੀ ਹੈ। ਹਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਤੋ ਹੀਰਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੇਰਾ ਭਰਾ ਅਮਨਦੀਪ ਸਿੰਘ ਉਰਫ ਅਮਨਾ ਜਿਸ ਦੀ ਉਮਰ 35 ਸਾਲ ਦੇ ਕਰੀਬ ਹੈ। ਜਿਸ ਦਾ ਵਿਆਹ ਜਸਵਿੰਦਰ ਕੌਰ ਉਰਫ ਨਿੱਕੀ ਪੁੱਤਰੀ ਚੇਤ ਸਿੰਘ ਵਾਸੀ ਉਗੋਕੇ ਜ਼ਿਲ੍ਹਾ ਫਿਰੋਜ਼ਪੁਰ ਨਾਲ 15 ਸਾਲ ਪਹਿਲਾਂ ਹੋਇਆ ਸੀ। ਜਿਸ ਦੇ ਦੋ ਬੱਚੇ ਹਨ। ਮੇਰੀ ਭਰਜਾਈ ਜਸਵਿੰਦਰ ਕੌਰ ਦਾ ਚਾਲ ਚੱਲਣ ਠੀਕ ਨਾ ਹੋਣ ਕਰਕੇ ਇਹ ਦੋਵੇਂ ਜੀ ਆਪਸ ਵਿੱਚ ਲੜਾਈ ਝਗੜਾ ਕਰਦੇ ਰਹਿੰਦੇ ਸਨ। ਮੇਰੀ ਭਰਜਾਈ ਜਸਵਿੰਦਰ ਕੌਰ ਮੇਰੇ ਭਾਈ ਅਮਨਦੀਪ ਸਿੰਘ ਉਰਫ ਅਮਨਾ ਦੇ ਕਹਿਣੇ ਵਿੱਚ ਨਹੀਂ ਸੀ ਅਤੇ ਲੜਕੇ ਘਰੋਂ ਅਕਸਰ ਚਲੀ ਜਾਂਦੀ ਸੀ। ਇਸ ਸਬੰਧੀ ਸਾਡੇ ਵੱਲੋਂ ਪੰਚਾਇਤੀ ਤੌਰ ਤੇ ਕਈ ਵਾਰ ਮੇਰੀ ਭਰਜਾਈ ਜਸਵਿੰਦਰ ਕੌਰ ਨੂੰ ਸਮਝਾਇਆ ਗਿਆ ਸੀ ਪਰ ਉਸ ਤੇ ਕੋਈ ਅਸਰ ਨਹੀਂ ਹੋਇਆ।

ਆਪਣੇ ਬਿਆਨਾਂ 'ਚ ਉਸਨੇ ਦੱਸਿਆ ਕਿ ਹੁਣ ਮੇਰੀ ਭਰਜਾਈ ਜਸਵਿੰਦਰ ਕੌਰ ਨਿਹਾਲ ਸਿੰਘ ਵਾਲਾ ਵਿਖੇ ਆਪਣੇ ਪ੍ਰੇਮੀ ਗੁਲਜਾਰ ਸਿੰਘ ਉਰਫ ਬਿੱਟੂ ਪੁੱਤਰ ਲਛਮਣ ਸਿੰਘ ਨਾਲ ਰਹਿੰਦੀ ਸੀ ਅਤੇ ਕਦੇ-ਕਦੇ ਪੱਤੋ ਹੀਰਾ ਸਿੰਘ ਆਪਣੇ ਪ੍ਰੇਮੀ ਗੁਲਜਾਰ ਸਿੰਘ ਨਾਲ ਆਉਂਦੀ ਜਾਂਦੀ ਸੀ। ਥੋੜੇ ਦਿਨ ਪਹਿਲਾਂ ਮੇਰੇ ਭਾਈ ਅਮਨਦੀਪ ਸਿੰਘ ਨੇ ਮੈਨੂੰ ਕਿਹਾ ਸੀ ਕਿ ਇਹ ਮੇਰੀ ਪਤਨੀ ਅਤੇ ਉਸ ਦਾ ਪ੍ਰੇਮੀ ਮੈਨੂੰ ਮਾਰਨ ਨੂੰ ਫਿਰਦੇ ਹਨ ਤਾਂ ਮੈਂ ਉਸਨੂੰ ਕਿਹਾ ਸੀ ਕਿ ਆਪਾਂ ਪੰਚਾਇਤੀ ਤੌਰ ਤੇ ਇਹਨਾਂ ਨੂੰ ਸਮਝਾਉਂਦੇ ਹਾਂ ਅਤੇ ਫਿਰ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਕੇ ਪੱਕੇ ਤੌਰ ਤੇ ਇਹਨਾਂ ਤੋਂ ਅਲੱਗ ਹੋ ਜਾਵੀ। ਇਹਨਾਂ ਦੋਨੋਂ ਜੀਆਂ ਦੇ ਕਲੇਸ਼ ਕਰਕੇ ਮੈਂ ਵੀ ਪੱਕੇ ਤੌਰ ਤੇ ਆਪਣੇ ਸਹੁਰੇ ਪਿੰਡ ਅਕਾਲੀਆਂ ਜਲਾਲ ਰਹਿਣ ਲੱਗ ਪਿਆ ਸੀ। ਅੱਜ ਮੇਰੇ ਤਾਏ ਦੇ ਲੜਕੇ ਗੁਰਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪੱਤੋ ਹੀਰਾ ਸਿੰਘ ਨੇ ਮੈਨੂੰ ਫੋਨ ਤੇ ਦੱਸਿਆ ਕਿ ਤੇਰੇ ਭਾਈ ਅਮਨਦੀਪ ਸਿੰਘ ਉਰਫ ਅਮਨਾ ਦੇ ਘਰੋਂ ਬਦਬੂ ਆ ਰਹੀ ਹੈ ਤਾਂ ਮੈਂ ਆਪਣੇ ਤਾਏ ਦੇ ਮੁੰਡੇ ਦੇ ਕਹਿਣ ਤੇ ਪਿੰਡ ਪੱਤੋ ਹੀਰਾ ਸਿੰਘ ਗਿਆ ਅਸੀਂ ਪਿੰਡ ਦੀ ਪੰਚਾਇਤ ਤੇ ਮੋਹਤਵਰਾਂ ਨੂੰ ਨਾਲ ਲੈ ਕੇ ਆਪਣੇ ਭਾਈ ਅਮਨਦੀਪ ਸਿੰਘ ਦੇ ਕਮਰੇ ਦਾ ਤਾਲਾ ਤੋੜ ਕੇ ਦੇਖਿਆ ਤਾਂ ਮੇਰੇ ਭਾਈ ਅਮਨਦੀਪ ਸਿੰਘ ਉਰਫ ਅਮਨਾ ਦੀ ਗਲੀ ਸੜੀ ਲਾਸ਼ ਬੈਡ ਅਤੇ ਪੇਟੀ ਦੇ ਵਿਚਕਾਰ ਪਈ ਸੀ ਜਿਸ ਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਸਦੇ ਜਿਸਮ ਵਿੱਚ ਕੀੜੇ ਚੱਲ ਰਹੇ ਸਨ। ਮੈਨੂੰ ਪਤਾ ਲੱਗਾ ਕਿ 3-4 ਜੂਨ ਦੀ ਵਿਚਕਾਰਲੀ ਰਾਤ ਨੂੰ ਮੇਰੀ ਭਰਜਾਈ ਜਸਵਿੰਦਰ ਕੌਰ ਉਰਫ ਨਿੱਕੀ ਪਤਨੀ ਅਮਨਦੀਪ ਸਿੰਘ ਵਾਸੀ ਪੱਤੋ ਹੀਰਾ ਸਿੰਘ ਅਤੇ ਇਸ ਦੇ ਪ੍ਰੇਮੀ ਗੁਲਜਾਰ ਸਿੰਘ ਉਰਫ ਬਿੱਟੂ ਪੁੱਤਰ ਲਛਮਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨੇ ਮਿਲ ਕੇ ਮੇਰੇ ਭਾਈ ਦੇ ਸਿਰ ਵਿੱਚ ਕੁਝ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ ਅਤੇ ਦੋਵੇਂ ਹੱਥ ਲੱਤਾਂ ਬੰਨ ਕੇ ਇਸਨੂੰ ਕਮਰੇ ਵਿੱਚ ਸੁੱਟ ਕੇ ਕਮਰੇ ਨੂੰ ਤਾਲਾ ਲਗਾ ਕੇ ਭੱਜ ਗਏ ਹਨ।
ਡੀ ਐੱਸ ਪੀ ਅਨਵਰ ਅਲੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਪੂਰਨ ਸਿੰਘ ਘਟਨਾਂ ਸ਼ਥਾਨ ਤੇ ਪਹੁਚ ਗਏ ਅਤੇ ਮ੍ਰਿਤਿਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਹੈ। ਹਰਦੀਪ ਸਿੰਘ ਦੇ ਬਿਆਨਾਂ ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਜਸਵਿੰਦਰ ਕੌਰ ਅਤੇ ਉਸਦੇ ਪ੍ਰੇਮੀ ਗੁਲਜਾਰ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ।
ਦੁਕਾਨ ਦਾ ਸ਼ਟਰ ਤੋੜ ਕੇ ਕੈਸ਼ ਵਾਲਾ ਗੱਲਾ ਚੋਰੀ ਕਰਕੇ ਲੈ ਗਏ ਚੋਰ
NEXT STORY