ਮਾਛੀਵਾੜਾ ਸਾਹਿਬ, (ਟੱਕਰ)- ਪੁਰਾਣੇ ਸਮਿਆਂ ਵਿਚ ਸੱਟਾ ਪਰਚੀ ’ਤੇ ਲੱਗਦਾ ਸੀ ਅਤੇ ਸੱਟਾ ਲਗਾਉਣ ਵਾਲਾ ਜਿਸ ਨੂੰ ਖਾਈਵਾਲ ਕਿੰਗ ਕਿਹਾ ਜਾਂਦਾ ਸੀ ਉਹ ਨੰਬਰ ਲਗਾਉਣ ਵਾਲੇ ਵਿਅਕਤੀ ਨੂੰ ਪਰਚੀ ਤੇ ਉਸਦੀ ਬਣਦੀ ਰਾਸ਼ੀ ਲਿਖ ਕੇ ਦੇ ਦਿੰਦਾ ਸੀ ਪਰ ਹੁਣ ਜ਼ਮਾਨਾ ਡਿਜੀਟਲ ਹੋ ਗਿਆ ਅਤੇ ਸੱਟੇਬਾਜ ਵੀ ਸਮੇਂ ਦੇ ਨਾਲ ਡਿਜੀਟਲ ਹੋ ਗਏ। ਮਾਛੀਵਾੜਾ ਇਲਾਕੇ ਵਿਚ ਸੱਟੇਬਾਜ਼ਾਂ ਨੇ ਆਪਣਾ ਵੱਟਸਐਪ ਗਰੁੱਪ ਬਣਾ ਲਿਆ ਹੈ ਅਤੇ ਪੱਤਰਕਾਰਾਂ ਸਾਹਮਣੇ ਜੋ ਗਰੁੱਪ ਆਇਆ ਹੈ ਉਸ ਵਿਚ 400 ਤੋਂ ਵੱਧ ਵਿਅਕਤੀ ਸ਼ਾਮਲ ਹਨ ਅਤੇ ਅਜਿਹੇ ਹੋਰ ਵੀ ਕਈ ਗਰੁੱਪ ਸੱਟੇਬਾਜਾਂ ਦੇ ਚੱਲਦੇ ਦੱਸੇ ਜਾ ਰਹੇ ਹਨ।
ਪਹਿਲਾਂ ਤਾਂ ਪੁਲਸ ਸੱਟੇਬਾਜ਼ ਤੋਂ ਪਰਚੀ ਤੇ ਰਾਸ਼ੀ ਪ੍ਰਾਪਤ ਕਰ ਪਰਚਾ ਦਰਜ ਕਰ ਦਿੰਦੀ ਸੀ ਪਰ ਹੁਣ ਪੁਲਸ ਦੀ ਨਜ਼ਰ ਤੋਂ ਬਚਣ ਲਈ ਸੱਟੇਬਾਜ਼ਾਂ ਨੇ ਵੱਟਸਐਪ ਗਰੁੱਪ ਬਣਾ ਲਿਆ ਜਿਸ ਵਿਚ ਜਾਣਕਾਰੀ ਅਨੁਸਾਰ ਰੋਜ਼ਾਨਾ ਦਿਨ ਵਿਚ 5 ਤੋਂ 6 ਵਾਰੀ ਨੰਬਰ ਆਉਂਦਾ ਹੈ। ਸੱਟੇਬਾਜ਼ਾਂ ਵਲੋਂ ਸਵੇਰ ਤੋਂ ਸ਼ਾਮ ਤੱਕ ਜੋ ਨੰਬਰ ਕੱਢੇ ਜਾਂਦੇ ਹਨ ਉਨ੍ਹਾਂ ਦੇ ਵੀ ਨਾਮ ਰੱਖੇ ਹੋਏ ਹਨ ਜਿਸ ਵਿਚ ਦਿੱਲੀ ਬਜ਼ਾਰ, ਸ੍ਰੀ ਗਣੇਸ਼, ਫਰੀਦਾਬਾਦ, ਗਾਜ਼ਿਆਬਾਦ, ਗਲੀ, ਦੁਸ਼ਾਵਰ ਅਤੇ ਇੱਥੋਂ ਤੱਕ ਹਿੰਦੂ ਦੇਵੀ, ਦੇਵਤਿਆਂ ਦੇ ਨਾਮ ’ਤੇ ਵੀ ਸੱਟਿਆਂ ਦੇ ਡਰਾਅ ਕੱਢੇ ਜਾਂਦੇ ਹਨ।
ਸੱਟੇਬਾਜ਼ਾਂ ਦੇ ਵੱਟਸਐਪ ਗਰੁੱਪ ਵਿਚ ਸ਼ਾਮਲ ਮੈਂਬਰ ਸੱਟਾ ਬਜ਼ਾਰ ਦਾ ਨਾਮ, ਨੰਬਰ ਤੇ ਰਾਸ਼ੀ ਲਿਖ ਕੇ ਗਰੁੱਪ ਵਿਚ ਪਾ ਦਿੰਦੇ ਹਨ ਅਤੇ ਉਸਦੀ ਗੂਗਲ ਪੇਅ ਰਾਹੀਂ ਡਿਜੀਟਲ ਅਦਾਇਗੀ ਕਰ ਦਿੱਤੀ ਜਾਂਦੀ ਹੈ। ਜੇਕਰ ਕਿਸੇ ਮੈਂਬਰ ਦਾ ਸੱਟਾ ਨੰਬਰ ਆ ਜਾਂਦਾ ਹੈ ਤਾਂ ਉਸਦੀ ਅਦਾਇਗੀ ਵੀ ਡਿਜੀਟਲ ਹੀ ਕੀਤੀ ਜਾਂਦੀ ਹੈ। ਪੁਲਸ ਜੇਕਰ ਕਿਸੇ ਸੱਟੇਬਾਜ਼ ਨੂੰ ਫੜ੍ਹ ਵੀ ਲੈਂਦੀ ਹੈ ਤਾਂ ਨਾ ਹੀ ਉਸ ਕੋਲੋਂ ਪਰਚੀ ਬਰਾਮਦ ਹੁੰਦੀ ਹੈ ਅਤੇ ਨਾ ਹੀ ਰਾਸ਼ੀ ਜਿਸ ਕਾਰਨ ਉਹ ਕਾਨੂੰਨੀ ਕਾਰਵਾਈ ਤੋਂ ਬਚ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਨ੍ਹਾਂ ਵੱਟਸਐਪ ਗਰੁੱਪਾਂ ਵਾਲੇ ਅਤੇ ਡਿਜੀਟਲ ਅਦਾਇਗੀ ਕਰਨ ਵਾਲੇ ਸੱਟੇਬਾਜ਼ਾਂ ਨੂੰ ਕਿਹੜੀ ਤਕਨੀਕ ਨਾਲ ਨੱਥ ਪਾਵੇਗੀ।
ਸੱਟਾ ਨੰਬਰ ਆਉਣ ’ਤੇ 1 ਰੁਪਏ ਬਦਲੇ 96 ਰੁਪਏ ਦਾ ਭੁਗਤਾਨ ਕੀਤਾ ਜਾਂਦਾ
ਵੱਟਸਐਪ ਗਰੁੱਪ ਵਿਚ ਜੇਕਰ ਕੋਈ ਮੈਂਬਰ ਸੱਟੇ ਦਾ ਨੰਬਰ ਲਗਾਉਂਦਾ ਹੈ ਤਾਂ ਉਸਦਾ ਨੰਬਰ ਆਉਣ ’ਤੇ 1 ਰੁਪਏ ਬਦਲੇ 96 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ। ਮਾਛੀਵਾੜਾ ਇਲਾਕੇ ਵਿਚ ਸੱਟੇ ਦੇ 2-3 ਖਾਈਵਾਲ ਵੀ ਦੱਸੇ ਜਾ ਰਹੇ ਹਨ ਜੋ ਕਿ ਇਸ ਦਾ ਮੁੱਖ ਕੰਮ ਕਰਦੇ ਹਨ ਅਤੇ ਕਈ ਗਰੀਬ ਵਿਅਕਤੀ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦੇਖਦੇ ਹੋਏ ਸੱਟਾ ਨੰਬਰ ਲਗਾ ਦਿੰਦੇ ਹਨ ਅਤੇ ਆਪਣੀ ਮਿਹਨਤ ਦੀ ਕਮਾਈ ਵੀ ਗੁਆ ਲੈਂਦੇ ਹਨ।
ਸੱਟੇਬਾਜ਼ਾਂ ਦੇ ਵੱਟਸਐਪ ਗਰੁੱਪ ਵਿਚ ਮਾਛੀਵਾੜਾ ਇਲਾਕੇ ਦੇ ਵੱਡਿਆਂ ਘਰਾਂ ਦੇ ਕਾਕੇ ਵੀ ਸ਼ਾਮਲ
ਮਾਛੀਵਾੜਾ ਵਿਚ ਜੋ ਸੱਟੇਬਾਜ਼ਾਂ ਦਾ ਗਰੁੱਪ ਚੱਲਦਾ ਹੈ ਉਸ ਵਿਚ ਗਰੀਬ ਮਜ਼ਦੂਰ ਤਾਂ ਸ਼ਾਮਲ ਹਨ ਪਰ ਨਾਲ ਹੀ ਕਈ ਵੱਡਿਆਂ ਘਰਾਂ ਦੇ ਕਾਕੇ ਵੀ ਸੱਟਾ ਲਗਾਉਣ ਦੇ ਸ਼ੌਕੀਨ ਦੱਸੇ ਜਾਂਦੇ ਹਨ। ਸਵੇਰ ਸਮੇਂ ਸ਼ੁਰੂ ਹੁੰਦਾ ਸੱਟੇ ਦੇ ਨੰਬਰਾਂ ਦਾ ਖੇਡ ਦੇਰ ਰਾਤ ਤੱਕ ਚੱਲਦਾ ਹੈ ਅਤੇ ਸੱਟਾ ਖੇਡਣ ਵਾਲੇ ਨੰਬਰ ਲਗਾਉਂਦੇ ਰਹਿੰਦੇ ਹਨ ਜਿਸ ਵਿਚ ਉਹ ਕਦੇ ਹਾਰ ਜਾਂਦੇ ਹਨ ਅਤੇ ਕਦੇ ਜਿੱਤ ਜਾਂਦੇ ਹਨ।
ਥਾਣਾ ਮੁਖੀ ਨੇ ਕਿਹਾ ਕਿ ਕੋਈ ਸੱਟੇਬਾਜ਼ ਨਹੀਂ ਬਖਸ਼ਿਆ ਜਾਵੇਗਾ
ਥਾਣਾ ਮੁਖੀ ਹਰਵਿੰਦਰ ਸਿੰਘ ਨੇ ਕਿਹਾ ਕਿ ਮਾਛੀਵਾੜਾ ਪੁਲਸ ਵਲੋਂ ਜੇਕਰ ਕੋਈ ਸੱਟੇ ਦੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਸਖ਼ਤ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਟਸਐਪ ਗਰੁੱਪ ਰਾਹੀਂ ਸੱਟਾ ਲਗਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਅੱਜ ਹੀ ਆਇਆ ਹੈ ਅਤੇ ਉਹ ਜੋ ਵੀ ਗਰੁੱਪ ਚਲਾਉਂਦੇ ਹਨ ਉਨ੍ਹਾਂ ਦੀ ਪਹਿਚਾਣ ਕਰਕੇ ਕਾਨੂੰਨੀ ਕਾਰਵਾਈ ਕਰਨਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਪਿੰਡ ਕੁਰੜ 'ਚ ਵਾਪਰੀ ਦੁੱਖਦਾਈ ਘਟਨਾ, ਪਰਿਵਾਰ ਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ
NEXT STORY