ਚੰਡੀਗੜ੍ਹ,(ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਹੈ ਕਿ ਉਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਪਰਾਲੀ ਫੂਕਣ ਤੋਂ ਰੋਕਣ ਵਾਸਤੇ ਕਿਸੇ ਇਕ ਵੀ ਕਿਸਾਨ ਨੂੰ ਮੁਆਵਜ਼ਾ ਦੇਣ 'ਚ ਕਿਉਂ ਨਾਕਾਮ ਹੋਈ ਹੈ? ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਹੈ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਬੇਵਕੂਫ ਬਣਾਉਣ ਲਈ ਪ੍ਰਧਾਨ ਮੰਤਰੀ ਨਾਲ ਫੋਟੋਆਂ ਖਿਚਵਾ ਕੇ ਝੂਠ ਅਤੇ ਧੋਖੇ ਦੀ ਸਿਆਸਤ ਕਿਉਂ ਕਰ ਰਹੇ ਹਨ?
ਪਰਾਲੀ ਦੀ ਸੰਭਾਲ 'ਤੇ ਆਉਂਦੀ ਲਾਗਤ ਦੀ ਪੂਰਤੀ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ 'ਚ ਆਪਣੀ ਸਰਕਾਰ ਦੀ ਨਾਕਾਮੀ ਨੂੰ ਲੁਕੋਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ 'ਚ ਕੀਤੇ ਤਮਾਸ਼ੇ ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਪਰਾਲੀ ਦੀ ਸੰਭਾਲ ਵਾਸਤੇ ਕੇਂਦਰ ਤੋਂ ਹਾਸਲ ਕੀਤੀ। 385 ਕਰੋੜ ਰੁਪਏ ਦੀ ਰਾਸ਼ੀ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਅਜੀਬ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਕੋਲੋਂ ਹੋਰ ਪੈਸਾ ਮੰਗ ਰਹੇ ਹਨ ਅਤੇ ਉਹ ਇਸ ਬਾਰੇ ਕੁੱਝ ਨਹੀਂ ਦੱਸ ਪਾਏ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਅੰਨਦਾਤਾ ਨੂੰ ਇਸ ਕੰਮ ਵਾਸਤੇ ਇਕ ਪੈਸਾ ਵੀ ਕਿਉਂ ਨਹੀਂ ਦਿੱਤਾ ਹੈ?
ਮੁੱਖ ਮੰਤਰੀ ਨੂੰ ਕੇਂਦਰ ਕੋਲੋਂ ਹੋਰ ਪੈਸੇ ਮੰਗਣ ਤੋਂ ਪਹਿਲਾਂ ਆਪਣੀ ਕਥਨੀ 'ਤੇ ਅਮਲ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਰਾਲੀ ਸੰਭਾਲ 'ਤੇ ਆਉਂਦੀ ਲਾਗਤ ਦੀ ਪੂਰਤੀ ਲਈ ਤੁਰੰਤ ਸਾਰੇ ਝੋਨਾ ਉਤਪਾਦਕਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਇਹ ਕਰ ਦਿਓਗੇ ਤਾਂ ਅਸੀਂ ਖੁਦ ਤੁਹਾਡੇ ਨਾਲ ਜਾਵਾਂਗੇ ਅਤੇ ਕਿਸਾਨਾਂ ਦੀ ਭਲਾਈ ਲਈ ਕੇਂਦਰ ਕੋਲੋਂ ਹੋਰ ਫੰਡਾਂ ਦੀ ਮੰਗ ਕਰਾਂਗੇ ਪਰ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਇਸ ਦਾ ਜਵਾਬ ਦੇਣਾ ਪਵੇਗਾ ਕਿ ਤੁਸੀਂ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਿਉਂ ਕੀਤੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਫੰਡਾਂ ਦਾ ਸਿੱਧਾ ਲਾਭ ਕਿਉਂ ਨਹੀਂ ਦਿੱਤਾ?
ਮੁੱਖ ਮੰਤਰੀ ਤੋਂ ਇਹ ਪੁੱਛਦਿਆਂ ਕਿ ਉਹ ਜਵਾਬ ਦੇਣ ਕਿ 385 ਕਰੋੜ ਰੁਪਏ ਕਿੱਥੇ ਗਏ ਕਿਉਂਕਿ ਜ਼ਮੀਨੀ ਪੱਧਰ 'ਤੇ ਕਿਤੇ ਵੀ ਪਰਾਲੀ ਦੀ ਸੰਭਾਲ ਹੋਈ ਨਜ਼ਰ ਨਹੀਂ ਆ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਘਪਲਾ ਹੈ, ਜਿਸ ਦਾ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਵਲੋਂ ਪਰਦਾਫਾਸ਼ ਕੀਤਾ ਜਾਵੇਗਾ ।
ਕੈਪਟਨ ਅਮਰਿੰਦਰ ਸਿੰਘ 23 ਅਕਤੂਬਰ ਨੂੰ ਕਰਨਗੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ
NEXT STORY