ਮਾਈਸਰਖਾਨਾ (ਬਠਿੰਡਾ) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ, ''ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਬੋਲਦੇ ਹਨ ਉਹ ਕਰਦੇ ਹਨ, ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ ਐਲਾਨ ਹੀ ਕਰਦੇ ਹਨ ਤੇ 'ਐਲਾਨਜੀਤ' ਚੰਨੀ ਨੇ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਧੋਖ਼ਾ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਪੰਜਾਬ 'ਚ ਭਾਰਤੀ ਜਨਤਾ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਵਜੂਦ ਨਹੀਂ ਹੈ। ਪਾਰਟੀ ਉਮੀਦਵਾਰ ਸੁਖਵੀਰ ਸਿੰਘ ਦੇ ਪਿੰਡ ਮਾਈਸਰਖਾਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰਦੀ ਹੈ, ਕੇਜਰੀਵਾਲ ਐਲਾਨ ਨਹੀਂ, ਕੰਮ ਕਰਦੇ ਹਨ। ਬੀਤੇ ਕੱਲ੍ਹ ਹੀ ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਦਿੱਲੀ 'ਚ ਸਾਰੇ ਕੱਚੇ ਮੁਲਾਜ਼ਮ ਪੱਕੇ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਅੱਗੇ ਲਿਜਾਣ ਲਈ ਸਹੀ ਆਗੂ ਤੇ ਗਠਜੋੜ ਚੁਣੋ : ਸੁਖਬੀਰ ਬਾਦਲ
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤਾਂ ਆਮ ਆਦਮੀ ਪਾਰਟੀ ਦੀ ਫੁੱਲ ਪਾਵਰ ਵਾਲੀ ਸਰਕਾਰ ਵੀ ਨਹੀਂ ਹੈ, ਫਿਰ ਵੀ ਕੇਜਰੀਵਾਲ ਨੇ ਕੰਮ ਕਰਕੇ ਦਿਖਾਏ ਹਨ, ਜਦੋਂ ਕਿ ਪੰਜਾਬ 'ਚ ਫੁੱਲ ਪਾਵਰ ਦੀ ਸਰਕਾਰ ਹੈ ਤਾਂ ਵੀ ਇੱਥੇ ਨਾ ਲੋਕਾਂ ਦੇ ਆਮ ਕੰਮਕਾਰ ਹੁੰਦੇ ਹਨ ਤੇ ਨਾ ਹੀ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਂਦੇ ਹਨ। ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਨੇ ਪੂਰੇ ਪੰਜਾਬ ਵਿਚ ਕੋਈ ਖੰਭਾ ਬੋਰਡ ਤੋਂ ਬਿਨਾਂ ਨਹੀਂ ਛੱਡਿਆ, ਜਿਸ 'ਤੇ ਪੰਜਾਬ ਦੇ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਬਾਰੇ ਮੁੱਖ ਮੰਤਰੀ ਚੰਨੀ ਦੀ ਹੱਥ ਜੋੜੀ ਫੋਟੋ ਨਾ ਲੱਗੀ ਹੋਵੇ। ਚੰਨੀ ਨੇ ਕਈ 100 ਕਰੋੜ ਦੇ ਇਸ਼ਤਿਹਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਲਗਵਾ ਦਿੱਤੇ ਪਰ ਅੱਜ ਤੱਕ ਇਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ। ਉਨ੍ਹਾਂ ਚੰਨੀ ਕੋਲੋਂ ਸਵਾਲ ਪੁੱਛਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਫਾਈਲ ਕਿੱਥੇ ਹੈ? ਜਦੋਂ ਇਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਤਾਂ ਸਰਕਾਰ ਦੇ ਕਰੋੜਾ ਰੁਪਏ ਇਸ਼ਤਿਹਾਰਾਂ 'ਤੇ ਕਿਉਂ ਉਡਾ ਦਿੱਤੇ ਗਏ? ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ 'ਚ ਅਧਿਆਪਕਾਂ 'ਤੇ ਲਾਠੀਆਂ ਚੱਲੀਆਂ ਕਿਉਂਕਿ ਅਧਿਆਪਕ ਆਪਣੀਆਂ ਮੰਗਾਂ ਲਈ ਧਰਨੇ ਲਾਉਂਦੇ ਰਹੇ। ਚੰਨੀ ਸਾਬ ਨੇ ਕੱਚੇ ਮੁਲਾਜ਼ਮਾਂ 'ਤੇ ਡੰਡੇ ਚਲਾ ਕੇ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ : ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹਮਾਇਤ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਨਾਭਾ : ਚੋਣ ਮੁਹਿੰਮ ਦੌਰਾਨ ਲੋਕਾਂ ਦੇ ਸਵਾਲਾਂ ’ਚ ਘਿਰੇ ਮੋਹਿਤ ਮਹਿੰਦਰਾ
NEXT STORY