ਤਪਾ ਮੰਡੀ, (ਢੀਂਗਰਾ)- ਤਪਾ ਨਗਰ ਕੌਂਸਲ ਦੀ ਹਦੂਦ ’ਚ ਹਰ ਗਲੀ ’ਚ ਬਣੇ ਗੋਦਾਮ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ ਕਿਉਂਕਿ ਇਸ ਨਾਲ ਨਾ ਸਿਰਫ ਆਵਾਜਾਈ ਪ੍ਰਭਾਵਤ ਹੁੰਦੀ ਹੈ ਬਲਕਿ ਇਨ੍ਹਾਂ ’ਚ ਲੱਦੇ ਸਾਮਾਨ ਦਾ ਈ-ਬਿੱਲ ਨਾ ਹੋਣ ਕਾਰਨ ਸਰਕਾਰ ਨੂੰ ਟੈਕਸ ’ਚ ਮੋਟਾ ਚੂਨਾ ਲੱਗਦਾ ਹੈ। ਤਪਾ ਦੀ ਹਰੇਕ ਗਲੀ ’ਚ ਉਹ ਪੁਰਾਣੇ ਘਰ ਜੋ ਲੋਕਾਂ ਨੇ ਛੱਡ ਦਿੱਤੇ ਹਨ, ਉਹ ਘਰ ਇਨ੍ਹਾਂ ਲੋਕਾਂ ਨੇ ਕਈ ਦੁਕਾਨਦਾਰਾਂ ਨੂੰ ਬਤੌਰ ਗੋਦਾਮ ਕਿਰਾਏ ’ਤੇ ਦਿੱਤੇ ਹੋਏ ਹਨ।
ਇਨ੍ਹਾਂ ਗੋਦਾਮਾਂ ’ਚ ਰਾਤ-ਬਰਾਤੇ ਜਾਂ ਸਵੇਰ ਦੇ ਸਮੇਂ ਟਰੱਕਾਂ ’ਚ ਹਰ ਰੋਜ਼ ਵਾਲੀ ਜ਼ਰੂਰਤ ਦਾ ਸਾਮਾਨ ਲਿਆਂਦਾ ਜਾਂਦਾ ਹੈ ਜਿਥੇ ਇਨ੍ਹਾਂ ਨੂੰ ਅਣਲੋਡ ਕੀਤਾ ਜਾਂਦਾ ਹੈ ਕਿਉਂਕਿ ਮਾਲ ਵੱਡੇ ਟਰੱਕਾਂ ਵਿਚ ਹੁੰਦਾ ਹੈ ਇਸ ਕਾਰਨ ਆਵਾਜਾਈ ’ਚ ਕਾਫੀ ਵਿਘਨ ਪੈਂਦਾ ਹੈ। ਸਰਕਾਰ ਵਲੋਂ ਇਨ੍ਹਾਂ ਗੋਦਾਮਾਂ ਦੀ ਕੋਈ ਜਾਂਚ ਨਾਲ ਹੋਣ ਕਾਰਨ ਇਨ੍ਹਾਂ ਗੋਦਾਮਾਂ ਦੀ ਸੰਖਿਆ ਦਿਨੋ-ਦਿਨ ਵੱਧਦੀ ਜਾਂਦੀ ਹੈ। ਨਗਰ ਕੌਂਸਲ ਤਪਾ ਵਲੋਂ ਵੀ ਇਸ ਮਾਮਲੇ ’ਤੇ ਬਹੁਤੀ ਜਾਂਚ ਨਹੀਂ ਕੀਤੀ ਜਾਂਦੀ ਕਿਉਂਕਿ ਜੇਕਰ ਨਗਰ ਕੌਂਸਲ ਦੇ ਅਧਿਕਾਰੀ ਸਰਵੇ ਕਰਨ ਤਾਂ ਇਨ੍ਹਾਂ ਗੋਦਾਮਾਂ ’ਤੇ ਲੱਗਣ ਵਾਲਾ ਪ੍ਰਾਪਰਟੀ ਟੈਕਸ ਵਪਾਰਕ ਦਰ ’ਚ ਆਉਂਦਾ ਹੈ ਜਦੋਂਕਿ ਇਹ ਗੋਦਾਮ ਮਾਲਕ ਇਹ ਟੈਕਸ ਘਰੇਲੂ ਦਰ ’ਤੇ ਹੀ ਭਰਦੇ ਹਨ। ਇਹ ਗੋਦਾਮ ਸੁੱਖਾਨੰਦ ਬਸਤੀ, ਸਕੂਲ ਰੋਡ, ਰੂਪ ਚੰਦ ਰੋਡ, ਦਰਾਜ ਰੋਡ, ਗਲੀ ਨੰਬਰ 4, ਗੀਤਾ ਭਵਨ ਰੋਡ ਆਦਿ ’ਤੇ ਸਥਿਤ ਹਨ।
ਇਸ ਮਾਮਲੇ ਸਬੰਧੀ ਜਦੋਂ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸੰਬਧੀ ਜਾਂਚ ਕਰਵਾਉਣਗੇ ਕਿ ਇਨ੍ਹਾਂ ਗੋਦਾਮਾਂ ’ਚ ਆ ਰਿਹਾ ਮਾਲ ਕੀ ਬਿਨਾਂ ਈ-ਬਿੱਲ ਦੇ ਆਉਂਦਾ ਹੈ ਅਤੇ ਰਿਪੋਰਟ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਹਲਾਕ
NEXT STORY