ਫ਼ਰੀਦਕੋਟ, (ਹਾਲੀ)- ਇੱਥੋਂ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਅਧੀਨ ਕੰਮ ਕਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਸੁਰਖੀਆਂ ’ਚ ਰਹਿਣ ਦੀ ਆਦਤ ਬਣ ਗਈ ਹੈ। ਤਾਜ਼ਾ ਮਸਲਾ ਇੱਥੋਂ ਦੇ ਮੁੱਖ ਆਈ. ਸੀ. ਯੂ. ਦਾ ਹੈ, ਜਿੱਥੇ ਪਿਛਲੇ 30 ਘੰਟਿਆਂ ਤੋਂ ਬਿਜਲੀ ਬੰਦ ਹੈ ਅਤੇ ਉਸ ਨੂੰ ਚਾਲੂ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਇੱਥੇ ਦਾਖਲ 25 ਮਰੀਜ਼ਾਂ ਨੂੰ ਲਾਈਅਾਂ ਗਈਅਾਂ ਮਸ਼ੀਨਾਂ ਬੰਦ ਹੋਣ ਕਰ ਕੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ।
ਜਿਸ ਦੇ ਰੋਸ ਵਜੋਂ ਪਰਿਵਾਰਕ ਮੈਂਹਰਾਂ ਨੇ ਹਸਪਤਾਲ ’ਚ ਹੜਕੰਪ ਮਚਾ ਦਿੱਤਾ। ਜਾਣਕਾਰੀ ਅਨੁਸਾਰ ਉਕਤ ਹਸਪਤਾਲ ਦੇ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਵਾਰਡਾਂ ਅਤੇ ਐਮਰਜੈਂਸੀ ’ਚੋਂ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਨੂੰ ਡਾਕਟਰਾਂ ਦੀ 24 ਘੰਟੇ ਨਿਗਰਾਨੀ ’ਚ ਆਈ. ਸੀ. ਯੂ. ਵਿਚ ਰੱਖਿਆ ਜਾਂਦਾ ਹੈ। ਇਸ ਸਮੇਂ ਇਸ ਯੂਨਿਟ ਵਿਚ ਵੱਖ-ਵੱਖ ਬੀਮਾਰੀਆਂ ਨਾਲ ਪੀਡ਼ਤ ਮਰੀਜ਼ ਇਲਾਜ ਅਧੀਨ ਹਨ।
ਆਈ. ਸੀ. ਯੂ. ’ਚ ਦਾਖਲ ਆਪਣੇ ਇਕ ਨਜ਼ਦੀਕੀ ਮਰੀਜ਼ ਦਾ ਪਤਾ ਲੈਣ ਗਏ ਸਮਾਜ ਸੇਵੀ ਸਰਦੂਲ ਸਿੰਘ ਨੇ ਦੱਸਿਆ ਕਿ ਆਈ. ਸੀ. ਯੂ. ਵਿਚ ਜਾ ਕੇ ਉਸ ਨੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿ ਮਰੀਜ਼ਾਂ ਲਈ ਲਾਈਆਂ ਗਈਆਂ ਸਾਰੀਆਂ ਮਸ਼ੀਨਾਂ ਬੰਦ ਸਨ।
ਉਨ੍ਹਾਂ ਦੱਸਿਆ ਕਿ ਇੱਥੇ ਸਾਰੇ ਹੀ ਮਰੀਜ਼ ਬਹੁਤ ਗੰਭੀਰ ਹਾਲਤ ਵਿਚ ਹਨ ਅਤੇ ਬਿਜਲੀ ਪਿਛਲੇ 30 ਘੰਟਿਆਂ ਤੋਂ ਬੰਦ ਹੋਣ ਕਾਰਨ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਆਈ. ਸੀ. ਯੂ. ’ਚ ਮੌਜੂਦ ਮੁਲਾਜ਼ਮਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਇਸ ਬਾਰੇ ਜਦੋਂ ਆਈ. ਸੀ. ਯੂ. ਦੇ ਸਟਾਫ਼ ਨਾਲ ਮੌਕੇ ’ਤੇ ਜਾ ਕੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਬੀਤੀ ਰਾਤ ਬੰਦ ਹੋ ਗਈ ਸੀ ਅਤੇ ਸੋਮਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੋਣ ਕਰ ਕੇ ਅਜੇ ਤੱਕ ਠੀਕ ਨਹੀਂ ਹੋ ਸਕੀ। ਬਿਜਲੀ ਦੀ ਸਪਲਾਈ ਬਾਰੇ ਮੈਡੀਕਲ ਹਸਪਤਾਲ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਨੇ ਬਾਦਲਾਂ ਦੇ ਫੂਕੇ ਪੁਤਲੇ
NEXT STORY