ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਧੁੰਦ ਕਾਰਨ ਸਡ਼ਕ ਹਾਦਸਿਆਂ ਦੀ ਗਿਣਤੀ ’ਚ ਕਾਫੀ ਵਾਧਾ ਹੋ ਜਾਂਦਾ ਹੈ। ਇਸ ਦਾ ਮੁੱਖ ਕਾਰਨ ਟੁੱਟੀਆਂ ਹੋਈਆਂ ਸਡ਼ਕਾਂ, ਪੁਲਾਂ ’ਤੇ ਟੁੱਟੀ ਹੋਈ ਰੇਲਿੰਗ ਸਡ਼ਕ ਹਾਦਸਿਆਂ ’ਚ ਵਾਧਾ ਕਰਦੇ ਹਨ। ਜ਼ਿਲਾ ਬਰਨਾਲਾ ’ਚ ਚਾਰੇ ਪਾਸੇ ਸਡ਼ਕਾਂ ਟੁੱਟੀਆਂ ਪਈਆਂ ਹਨ। ਸ਼ਹਿਰ ਦੀਆਂ ਸਡ਼ਕਾਂ ਦਾ ਬੁਰਾ ਹਾਲ ਹੈ। ਲਿੰਕ ਰੋਡਾਂ ਦਾ ਇਸ ਤੋਂ ਵੀ ਵੱਧ ਬੁਰਾ ਹਾਲ ਹੈ। ਧੁੰਦ ਦੇ ਮੌਸਮ ’ਚ ਵਾਹਨ ਚਾਲਕਾਂ ਦੀ ਨਿਗ੍ਹਾ ਸਡ਼ਕਾਂ ’ਤੇ ਪਏ ਟੋਇਆਂ ’ਤੇ ਨਹੀਂ ਜਾਂਦੀ, ਜਿਸ ਜਗ੍ਹਾ ’ਤੇ ਸਡ਼ਕ ਟੁੱਟੀ ਹੁੰਦੀ ਹੈ ਉਥੇ ਕੋਈ ਸਾਈਨ ਬੋਰਡ ਜ਼ਿਆਦਾਤਰ ਜਗ੍ਹਾ ’ਤੇ ਨਹੀਂ ਲੱਗਾ ਹੋਇਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਟੋਇਆਂ ਅਤੇ ਟੁੱਟੀ ਹੋਈ ਰੇਲਿੰਗ ਦਾ ਪਤਾ ਨਹੀਂ ਚਲਦਾ ਅਤੇ ਵਾਹਨ ਹਾਦਸਾਗ੍ਰਸਤ ਹੋ ਜਾਂਦੇ ਹਨ।
®ਸ਼ਹਿਰ ਦੇ ਪਾਸ਼ ਇਲਾਕੇ ਦੀਆਂ ਸਡ਼ਕਾਂ ਵੀ ਟੁੱਟੀਆਂ ਹੋਣ ਕਾਰਨ ਵਾਪਰ ਰਹੇ ਹਨ ਹਾਦਸੇ
ਸ਼ਹਿਰ ਦੇ ਪਾਸ਼ ਇਲਾਕਿਆਂ ’ਚ ਵੀ ਸਡ਼ਕਾਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ। ਸ਼ਹਿਰ ਦਾ ਮੁੱਖ ਬਾਜ਼ਾਰ ਫਰਵਾਹੀ ਬਾਜ਼ਾਰ ਦੀ ਸਡ਼ਕ ਦਾ ਤਾਂ ਬਹੁਤ ਬੁਰਾ ਹਾਲ ਹੈ। ਇਸ ਬਾਜ਼ਾਰ ਦੀ ਸਡ਼ਕ ’ਤੇ ਕਰੀਬ 100 ਦੇ ਲਗਭਗ ਵੱਡੇ-ਵੱਡੇ ਟੋਏ ਹਨ। ਬਾਜ਼ਾਰ ਦੇ ਆਸੇ-ਪਾਸੇ ਦੀਆਂ ਗਲੀਆਂ ਵੀ ਟੁੱਟੀਆਂ ਹੋਈਆਂ ਹਨ। ਇਸੇ ਤਰ੍ਹਾਂ ਸਦਰ ਬਾਜ਼ਾਰ ਦੇ ਆਸੇ-ਪਾਸੇ ਦੀਆਂ ਗਲੀਆਂ ਦਾ ਵੀ ਬਹੁਤ ਬੁਰਾ ਹਾਲ ਹੈ। ਕਮਲਾ ਮਾਰਕੀਟ ’ਚ ਤਾਂ ਵਾਹਨਾਂ ਦੇ ਟਾਇਰਾਂ ਨਾਲ ਬੁਡ਼ਕ ਕੇ ਪੱਥਰ ਦੁਕਾਨਾਂ ਦੇ ਸ਼ੀਸ਼ੇ ਵੀ ਭੰਨ ਚੁੱਕੇ ਹਨ, ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਪਰ ਮਸਲਾ ਉਥੇ ਦਾ ਉਥੇ ਹੀ ਖਡ਼੍ਹਾ ਹੈ। ਸਿਵਲ ਹਸਪਤਾਲ ਦੇ ਨਜ਼ਦੀਕ ਵੀ ਸਡ਼ਕ ਜਗ੍ਹਾ-ਜਗ੍ਹਾ ’ਤੇ ਟੁੱਟੀ ਹੋਈ ਹੈ। ਸਿਵਲ ਹਸਪਤਾਲ ਦੇ ਨਜ਼ਦੀਕ ਇਕ ਕਾਰ ਸਡ਼ਕ ਧਸ ਜਾਣ ਕਾਰਨ ਉਸ ’ਚ ਫਸ ਗਈ ਸੀ ਤਾਂ ਆਸੇ-ਪਾਸੇ ਦੇ ਦੁਕਾਨਦਾਰਾਂ ਨੇ ਇਸ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਉਸ ਟੋਏ ਦੀ ਤਾਂ ਮੁਰੰਮਤ ਕਰ ਦਿੱਤੀ ਗਈ ਸੀ ਪਰ ਆਸੇ-ਪਾਸੇ ਦੇ ਟੋਇਆਂ ਨੂੰ ਅਜੇ ਤੱਕ ਨਹੀਂ ਭਰਿਆ ਗਿਆ। ਇਸੇ ਤਰ੍ਹਾਂ ਨਾਲ ਬੱਸ ਸਟੈਂਡ ਤੋਂ ਲੈ ਕੇ ਅਨਾਜ ਮੰਡੀ ਵੱਲ ਜਾਣ ਵਾਲੀ ਸਡ਼ਕ ਵੀ ਟੁੱਟੀ ਹੋਈ ਹੈ। ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਕਿਸਾਨ ਆਪਣੀਆਂ ਫਸਲਾਂ ਲੈ ਕੇ ਇਸ ਸਡ਼ਕ ਤੋਂ ਦੀ ਲੰਘਦੇ ਹਨ। ਟਰਾਲੀਆਂ ਝੋਨੇ ਦੀਆਂ ਭਰੀਆਂ ਹੁੰਦੀਆਂ ਹਨ। ਵੱਡੇ-ਵੱਡੇ ਟੋਇਆਂ ਕਾਰਨ ਇਸ ਸਡ਼ਕ ’ਤੇ ਵੀ ਧੁੰਦ ਦੇ ਮੌਸਮ ’ਚ ਵੱਡਾ ਹਾਦਸਾ ਵਾਪਰ ਸਕਦਾ ਹੈ।
®®ਪਿੰਡਾਂ ਨੂੰ ਜੋਡ਼ਨ ਵਾਲੀਆਂ ਲਿੰਕ ਸਡ਼ਕਾਂ ਦਾ ਹੈ ਬੁਰਾ ਹਾਲ
ਪਿੰਡਾਂ ਨੂੰ ਜੋਡ਼ਨ ਵਾਲੀਆਂ ਲਿੰਕ ਸਡ਼ਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਬਰਨਾਲਾ ਤੋਂ ਲੈ ਕੇ ਫਰਵਾਹੀ ਤੱਕ ਦੀ ਸਡ਼ਕ ਜਗ੍ਹਾ- ਜਗ੍ਹਾ ਤੋਂ ਟੁੱਟੀ ਹੋਈ ਹੈ। ਬਰਨਾਲਾ ਮੇਨ ਰੋਡ ਤੋਂ ਫਰਵਾਹੀ ਤੱਕ ਦੀ ਦੂਰੀ 2 ਕਿਲੋਮੀਟਰ ਹੈ ਪਰ ਇਸ 2 ਕਿਲੋਮੀਟਰ ਦੀ ਸਡ਼ਕ ’ਤੇ 400 ਤੋਂ ਵੀ ਵੱਧ ਟੋਏ ਹਨ। ਇਸੇ ਤਰ੍ਹਾਂ ਨਾਲ ਧਨੌਲਾ ਤੋਂ ਛੰਨਾ, ਭੈਣੀਜੱਸਾ, ਬੁੱਗਰ ਮੰਡੇਰ, ਕੱਟੂ ਬਾਲੀਆਂ, ਭੱਠਲਾਂ, ਕੱਟੂ ਸੇਖਾਂ, ਰਾਜਗਡ਼੍ਹ, ਉਪਲੀ ਦੀਆਂ ਸਡ਼ਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਇਨ੍ਹਾਂ ਸਡ਼ਕਾਂ ’ਤੇ ਵਾਹਨਾਂ ਦੀ ਆਵਾਜਾਈ ਵੀ ਬਹੁਤ ਜ਼ਿਆਦਾ ਰਹਿੰਦੀ ਹੈ। ਧੁੰਦ ਦੇ ਮੌਸਮ ’ਚ ਇਨ੍ਹਾਂ ਸਡ਼ਕਾਂ ’ਤੇ ਪਏ ਟੋਇਆਂ ਨੂੰ ਦਰਸਾਉਣ ਲਈ ਕੋਈ ਸਾਈਨ ਬੋਰਡ ਵੀ ਨਹੀਂ ਹੈ, ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਇਨ੍ਹਾਂ ਸਡ਼ਕਾਂ ’ਤੇ ਹਾਦਸਿਆਂ ਕਾਰਨ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਨਾਲ ਧਨੌਲਾ ’ਚ ਗੁਜ਼ਰਦੇ ਦੋ ਪੁਲਾਂ ਦੀਆਂ ਰੇਲਿੰਗਾਂ ਟੁੱਟਣ ਕਾਰਨ ਇਥੇ ਕਦੇ ਵੀ ਅਣਹੋਣੀ ਵਾਪਰ ਸਕਦੀ ਹੈ।
®ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਸਮੇਂ ਦਰਸ਼ਨ ਹੁੰਦੇ ਹਨ ਟੁੱਟੀਆਂ ਸਡ਼ਕਾਂ ਦੇ
ਸ਼ਹਿਰ ਦੀਆਂ ਚਾਰੇ ਪਾਸੇ ਸਡ਼ਕਾਂ ਟੁੱਟੀਆਂ ਹੋਣ ਕਾਰਨ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਸਮੇਂ ਟੁੱਟੀਆਂ ਹੋਈਆਂ ਸਡ਼ਕਾਂ ਦੇ ਦਰਸ਼ਨ ਹੁੰਦੇ ਹਨ। ਸ਼ਹਿਰ ਦੀ ਮੁੱਖ ਜਗ੍ਹਾ ਬੱਸ ਅੱਡਾ ਹੈ। ਇਥੋਂ ਲਗਭਗ 700 ਬੱਸਾਂ ਦੀ ਆਵਾਜਾਈ ਬੱਸ ਸਟੈਂਡ ਤੋਂ ਹੁੰਦੀ ਹੈ ਪਰ ਬੱਸ ਸਟੈਂਡ ਤੋਂ ਬਾਹਰ ਨਿਕਲਣ ਲਈ ਬੱਸਾਂ ਲਈ ਕੋਈ ਸਾਫ-ਸੁਥਰਾ ਰਸਤਾ ਨਹੀਂ। ਤਰਕਸ਼ੀਲ ਚੌਕ ’ਚ ਸੀਵਰੇਜ ਪੈਣ ਕਾਰਨ ਸਡ਼ਕ ਪੁੱਟੀ ਗਈ ਸੀ। ਇਸ ਤੋਂ ਬਾਅਦ ਇਸ ਸਡ਼ਕ ਦਾ ਨਿਰਮਾਣ ਨਹੀਂ ਕੀਤਾ ਗਿਆ। ਬੱਸ ਸਟੈਂਡ ਤੋਂ ਲੈ ਕੇ ਤਰਕਸ਼ੀਲ ਚੌਕ ਤੱਕ ਲਗਭਗ 200 ਦੇ ਕਰੀਬ ਟੋਏ ਪਏ ਹੋਏ ਹਨ। ਤਰਕਸ਼ੀਲ ਚੌਕ ਟੁੱਟਾ ਹੋਣ ਕਾਰਨ ਕਈ ਬੱਸਾਂ 22 ਏਕਡ਼ ’ਚੋਂ ਦੀ ਨਿਕਲਦੀਆਂ ਹਨ ਪਰ ਇੱਥੇ ਵੀ ਜਗ੍ਹਾ-ਜਗ੍ਹਾ ’ਤੇ ਸਡ਼ਕ ਟੁੱਟੀ ਹੋਈ ਹੈ। ਨਗਰ ਸੁਧਾਰ ਟਰੱਸਟ ਦੇ ਦਫਤਰ ਤੋਂ ਲੈ ਕੇ ਕਾਲਾ ਮਹਿਰ ਸਟੇਡੀਅਮ ਤੱਕ ਸਡ਼ਕ ਦਾ ਬਹੁਤ ਬੁਰਾ ਹਾਲ ਹੈ। ਹੁਣ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ।
ਹਾਦਸਿਆਂ ਨੂੰ ਰੋਕਣ ਲਈ ਲਾਉਣੇ ਚਾਹੀਦੇ ਹਨ ਸਾਈਨ ਬੋਰਡ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਟੁੱਟੀਆਂ ਹੋਈਆਂ ਸਡ਼ਕਾਂ ਦੇ ਟੋਏ ਭਰਨ ਲਈ ਕੋਈ ਠੋਸ ਨੀਤੀ ਅਪਣਾਏ। ਜਿਨ੍ਹਾਂ ਥਾਵਾਂ ’ਤੇ ਸਡ਼ਕਾਂ ਟੁੱਟੀਆਂ ਪਈਆਂ ਹਨ, ਪ੍ਰਸ਼ਾਸਨ ਨੂੰ ਉਥੇ ਸਾਈਨ ਬੋਰਡ ਲਾਉਣੇ ਚਾਹੀਦੇ ਹਨ ਤਾਂ ਕਿ ਵਾਹਨ ਚਾਲਕ ਸਾਈਨ ਬੋਰਡ ਨੂੰ ਦੇਖ ਕੇ ਆਪਣੇ ਵਾਹਨਾਂ ਦੀ ਗਤੀ ਧੀਮੀ ਕਰ ਸਕਣ ਅਤੇ ਸਡ਼ਕ ਹਾਦਸਅਿਾਂ ਤੋਂ ਬਚਿਆ ਜਾ ਸਕੇ। ਲਿੰਕ ਰੋਡਾਂ ਦੀਆਂ ਸਡ਼ਕਾਂ ਜੋ ਟੁੱਟੀਆਂ ਹੋਈਆਂ ਹਨ, ਉਨ੍ਹਾਂ ਸਡ਼ਕਾਂ ਨੂੰ ਨਵਾਂ ਬਣਾਉਣਾ ਚਾਹੀਦਾ ਹੈ।
ਰੇਲਵੇ ਸਟੇਸ਼ਨ ’ਤੇ ਲਾਗੂ ਹੋਇਆ ਹਾਈ ਅਲਰਟ
NEXT STORY