ਮੋਹਾਲੀ,(ਕੁਲਦੀਪ)— ਪੁਲਸ ਸਟੇਸ਼ਨ ਸੋਹਾਣਾ ਅਧੀਨ ਆਉਂਦੇ ਪਿੰਡ ਲਾਂਡਰਾਂ ਸਥਿਤ ਇਕ ਪ੍ਰਾਈਵੇਟ ਕਾਲਜ ਦੇ ਹੋਸਟਲ 'ਚ ਹੋਸਟਲ ਦੇ ਹੀ ਵਾਰਡਨ ਵਲੋਂ ਇਕ ਵਿਦਿਆਰਥੀ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥੀ ਨੇ ਇਸ ਸਬੰਧੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਦੌਰਾਨ ਪੁਲਸ ਨੇ ਉਸ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਵਾਰਡਨ ਦਾ ਨਾਂ ਸੰਜੀਵ ਕੁਮਾਰ ਦੱਸਿਆ ਜਾਂਦਾ ਹੈ, ਜੋ ਕਿ ਮੂਲ ਰੂਪ 'ਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਅੱਜ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਡਿਊਟੀ ਮੈਜਿਸਟਰੇਟ ਨੇ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਹੈ।
ਕਮਰੇ 'ਚ ਬੁਲਾ ਕੇ ਕੀਤੀ ਅਸ਼ਲੀਲ ਹਰਕਤ
ਜਾਣਕਾਰੀ ਮੁਤਾਬਕ ਘਟਨਾ ਕਾਲਜ ਦੇ ਨਿਊ ਹੋਸਟਲ ਦੀ ਹੈ। ਮੰਗਲਵਾਰ ਰਾਤ ਨੂੰ 19 ਸਾਲਾ ਵਿਦਿਆਰਥੀ ਆਪਣੇ ਹੋਸਟਲ ਵਾਲੇ ਕਮਰੇ 'ਚ ਸੀ। ਹੋਸਟਲ ਦਾ ਵਾਰਡਨ ਸੰਜੀਵ ਕੁਮਾਰ ਰਾਤ ਨੂੰ 11 ਵਜੇ ਉਸ ਦੇ ਕਮਰੇ 'ਚ ਆਇਆ ਅਤੇ ਉਸ ਨੂੰ ਆਪਣੇ ਕਮਰੇ 'ਚ ਬੁਲਾ ਕੇ ਲੈ ਗਿਆ ਅਤੇ ਉਥੇ ਡਰਾ-ਧਮਕਾ ਕੇ ਉਸ ਨਾਲ ਬਦਫੈਲੀ ਕੀਤੀ। ਇੰਨਾ ਹੀ ਨਹੀਂ, ਉਸ ਨੂੰ ਧਮਕਾਇਆ ਵੀ ਕਿ ਜੇਕਰ ਉਸ ਨੇ ਕਿਸੇ ਨੂੰ ਇਹ ਗੱਲ ਦੱਸੀ ਤਾਂ ਉਹ ਉਸ ਨੂੰ ਸਮੈਕ ਅਤੇ ਚਰਸ ਦੇ ਕਿਸੇ ਝੂਠੇ ਕੇਸ 'ਚ ਫਸਾ ਦੇਵੇਗਾ। ਵਿਦਿਆਰਥੀਆਂ ਨੇ ਰਾਤ ਨੂੰ ਪੁਲਸ ਕੰਟਰੋਲ ਰੂਮ 'ਤੇ ਦਿੱਤੀ ਸੂਚਨਾ ਆਪਣੇ ਸਾਥੀ ਨਾਲ ਵਾਰਡਨ ਵਲੋਂ ਕੀਤੀ ਗਈ ਇਸ ਅਸ਼ਲੀਲ ਹਰਕਤ ਬਾਰੇ ਵਿਦਿਆਰਥੀਆਂ ਨੇ ਰਾਤ ਨੂੰ ਹੀ ਪੁਲਸ ਕੰਟਰੋਲ ਰੂਮ 'ਤੇ ਵੀ ਸ਼ਿਕਾਇਤ ਦਰਜ ਕਰਵਾਈ, ਜਿਸ ਦੌਰਾਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ।
ਵਿਦਿਆਰਥੀਆਂ ਵਲੋਂ ਕਾਲਜ 'ਚ ਤੋੜ-ਭੰਨ
ਪੀੜਤ ਵਿਦਿਆਰਥੀ ਨੇ ਵਾਰਡਨ ਵਲੋਂ ਉਸ ਨਾਲ ਕੀਤੀ ਗਈ ਇਸ ਘਟੀਆ ਹਰਕਤ ਬਾਰੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਦੱਸਿਆ ਤਾਂ ਵਿਦਿਆਰਥੀਆਂ ਨੇ ਗੁੱਸੇ 'ਚ ਆ ਕੇ ਹੋਸਟਲ ਦੇ ਨੇੜੇ-ਤੇੜੇ ਖੜ੍ਹੀਆਂ ਗੱਡੀਆਂ ਅਤੇ ਹੋਸਟਲ 'ਚ ਵੀ ਤੋੜ-ਭੰਨ ਕਰ ਦਿੱਤੀ। ਇੰਸਪੈਕਟਰ ਤਰਲੋਚਨ ਸਿੰਘ ਐੱਸ. ਐੱਚ. ਓ. ਪੁਲਸ ਸਟੇਸ਼ਨ ਸੋਹਾਣਾ ਨੇ ਦੱਸਿਆ ਕਿ ਅਸੀਂ ਹੋਸਟਲ ਵਾਰਡਨ ਸੰਜੀਵ ਕੁਮਾਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਅੱਜ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਬਾਦਲ ਦੇ ਰੂਟ 'ਚ ਵਿਘਨ ਪਾਉਣ ਵਾਲੇ ਕਾਰ ਚਾਲਕ ਖਿਲਾਫ ਕੇਸ ਦਰਜ
NEXT STORY