ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ)- ਬੀਤੇ ਦਿਨੀਂ ਪਿੰਡਾਂ ’ਚ ਹੋਈਆਂ ਸਰਪੰਚੀ ਅਤੇ ਪੰਚੀ ਦੀਆਂ ਵੋਟਾਂ ਭਾਵੇਂ ਅਮਨ-ਅਮਾਨ ਨਾਲ ਨੇਪਰੇ ਚਡ਼੍ਹ ਗਈਆਂ ਪਰ ਚੋਣ ਅਮਲੇ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ ਸਬੰਧੀ ਜਦੋਂ “ਕਨਫੈੱਡਰੇਸ਼ਨ ਫਾਰ ਚੈਲੇਂਜਡ ਪਰਸਨਜ਼” ਦੇ ਸੂਬਾ ਜਨਰਲ ਸਕੱਤਰ ਰੋਹਿਤ ਗਰਗ ਦੀ ਟੀਮ ਨੇ ਜ਼ਿਲਾ ਸੰਗਰੂਰ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕਿਸੇ ਵੀ ਪੋਲਿੰਗ ਸਟੇਸ਼ਨ ’ਤੇ ਕੋਈ ਵ੍ਹੀਲਚੇਅਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਦਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਪੋਲਿੰਗ ਸਟੇਸ਼ਨ ’ਤੇ ਦੋ ਵ੍ਹੀਲਚੇਅਰ ਹੋਣੀਆਂ ਲਾਜ਼ਮੀ ਹਨ, ਜਿਸ ਕਾਰਨ ਅੰਗਹੀਣ ਅਤੇ ਬਜ਼ੁਰਗ ਵੋਟਰਾਂ ਨੂੰ ਬਹੁਤ ਜ਼ਿਆਦਾ ਖੱਜਲ-ਖੁਆਰ ਹੋਣਾ ਪਿਆ। ਜੋ ਅੰਗਹੀਣ ਵੋਟਰ ਆਪਣੀ ਟਰਾਈਸਾਈਕਲ ’ਤੇ ਵੋਟ ਪਾਉਣ ਲਈ ਆ ਰਹੇ ਸਨ, ਉਨ੍ਹਾਂ ਨੂੰ ਵੀ ਟਰਾਈਸਾਈਕਲ ਅੰਦਰ ਲਿਜਾਣ ਤੋਂ ਰੋਕਿਆ ਜਾ ਰਿਹਾ ਸੀ, ਜਿਸ ਸਬੰਧੀ ਅੰਗਹੀਣਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ “ਕਨਫੈੱਡਰੇਸ਼ਨ ਫਾਰ ਚੈਲੇਂਜਡ ਪਰਸਨਜ਼” ਦੇ ਸੂਬਾ ਜਨਰਲ ਸਕੱਤਰ ਰੋਹਿਤ ਗਰਗ ਨੇ ਚੋਣ ਅਮਲੇ ਨਾਲ ਬਹਿਸ ਕਰਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਟਰਾਈਸਾਈਕਲ ਵੋਟਿੰਗ ਬਾਕਸ ਤੱਕ ਲਿਜਾਣ ਦੀ ਪ੍ਰਵਾਨਗੀ ਦਿਵਾਈ ਅਤੇ ਵ੍ਹੀਲਚੇਅਰ ਨਾ ਹੋਣ ਕਰਕੇ ਪਿੰਡ ਢੱਡਰੀਆਂ ਵਿਖੇ ਉਨ੍ਹਾਂ ਵੱਲੋਂ ਇਕ ਰੇਹਡ਼ੀ ਦਾ ਪ੍ਰਬੰਧ ਕਰ ਕੇ ਅੰਗਹੀਣ ਵੋਟਰਾਂ ਦੀਆਂ ਵੋਟਾਂ ਪਵਾਈਆਂ ਗਈਆਂ। ਇਸ ਤੋਂ ਇਲਾਵਾ ਚੋਣ ਅਮਲੇ ਵੱਲੋਂ ਕਿਸੇ ਵੀ ਅੰਗਹੀਣ ਅਤੇ ਬਜ਼ੁਰਗ ਵੋਟਰ ਦਾ ਕੰਪੇਨੀਅਨ ਫਾਰਮ ਨਹੀਂ ਭਰਿਆ ਗਿਆ, ਜਦਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅੰਗਹੀਣ ਅਤੇ ਬਜ਼ੁਰਗ ਵੋਟਰਾਂ ਦੇ ਕੰਪੇਨੀਅਨ ਫਾਰਮ ਭਰੇ ਜਾਣੇ ਲਾਜ਼ਮੀ ਕੀਤੇ ਗਏ ਹਨ ਅਤੇ ਕਿਸੇ ਵੀ ਪੋਲਿੰਗ ਸਟੇਸ਼ਨ ’ਤੇ ਕੋਈ ਰੈਂਪ ਦੀ ਸੁਵਿਧਾ ਵੀ ਨਹੀਂ ਦਿੱਤੀ ਗਈ। ਇਸ ਸਬੰਧੀ ਜਦੋਂ ਟੀਮ ਨੇ ਚੋਣ ਅਮਲੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਸਭ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਚੋਣ ਅਮਲੇ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਬਿਲਕੁਲ ਵੀ ਪਾਲਣਾ ਨਹੀਂ ਕੀਤੀ ਗਈ।
ਬੈਲੇਟ ਪੇਪਰ ਪਾਡ਼ ਦੇਣ ਕਾਰਨ ਸਰਪੰਚੀ ਹਾਰਨ ਵਾਲੇ ਵਿਰੁੱਧ ਮਾਮਲਾ ਦਰਜ
NEXT STORY