ਲੁਧਿਆਣਾ (ਸਿਆਲ) : ਸੈਂਟਰਲ ਜੇਲ ’ਚ ਬੀਤੇ ਦਿਨੀਂ ਨਸ਼ਾ ਅਤੇ ਪਾਬੰਦੀਸ਼ੁਦਾ ਸਾਮਾਨ ਫੈਲਾਉਣ ਦੇ ਮਾਮਲੇ ’ਚ ਕੁਝ ਮੁਲਜ਼ਮਾਂ ’ਤੇ ਦਰਜ ਹੋਈ ਐੱਫ. ਆਈ. ਆਰ. ਤੋਂ ਬਾਅਦ ਪੁਲਸ ਵੱਲੋਂ ਸ਼ਿਕੰਜਾ ਕੱਸਣ ਉਪਰੰਤ ਸੈਂਟਰਲ ਜੇਲ ਦੇ 2 ਸਹਾਇਕ ਸੁਪਰਡੈਂਟਾਂ ਗਗਨਦੀਪ ਸ਼ਰਮਾ, ਸਤਨਾਮ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਮਾਮਲੇ ਦੇ ਅੰਦਰੂਨੀ ਜਾਂਚ ਦੀਆਂ ਪਰਤਾਂ ਵੀ ਖੁੱਲ੍ਹਣ ਲੱਗੀਆਂ ਹਨ ਕਿਉਂਕਿ ਜੇਲ ’ਚ ਬੀਤੇ ਸਾਲ ਸੈਂਕੜੇ ਮੋਬਾਈਲ ਬਰਾਮਦ ਹੋਏ ਸਨ ਤੇ ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੂੰ ਸ਼ੱਕ ਹੋ ਰਿਹਾ ਸੀ ਕਿ ਜੇਲ ’ਚ ਪਾਬੰਦੀਸ਼ੁਦਾ ਸਾਮਾਨ ਲਿਆਉਣ ’ਚ ਕਥਿਤ ਰੂਪ ਨਾਲ ਕੋਈ ਮਦਦ ਕਰ ਰਿਹਾ ਹੈ ਕਿਉਂਕਿ ਜੇਲ ਦੀਆਂ ਸਾਰੀਆਂ ਕੰਧਾਂ ਅਤੇ ਮੁੱਖ ਗੇਟ ’ਤੇ ਮੁਲਾਜ਼ਮ ਸਖ਼ਤ ਨਿਗਰਾਨੀ ’ਚ ਡਿਊਟੀ ਕਰਦੇ ਹਨ।
ਜੇਲ ਸੁਪਰਡੈਂਟ ਨੇ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ’ਚ ਮਦਦ ਮੰਗੀ ਸੀ। ਪੁਲਸ ਵੱਲੋਂ ਇਕ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੋਈ ਜਾਂਚ ਉਪਰੰਤ ਮੁਲਜ਼ਮਾਂ ਵੱਲੋਂ ਖੁਲਾਸਾ ਕਰਨ ’ਤੇ ਦੋਵੇਂ ਸਹਾਇਕ ਸੁਪਰਡੈਂਟਾਂ ਨੂੰ ਧਰ ਦਬੋਚਿਆ ਗਿਆ। ਦੱਸਿਆ ਜਾਂਦਾ ਹੈ ਕਿ ਜਾਂਚ ਦੀ ਅਗਲੀ ਪ੍ਰਕਿਰਿਆ ’ਚ ਮੁਲਜ਼ਮਾਂ ਦੇ ਖਾਤੇ ਵੀ ਚੈੱਕ ਕੀਤੇ ਜਾ ਸਕਦੇ ਹਨ, ਜਿਨ੍ਹਾਂ ’ਚ ਕਥਿਤ ਰੂਪ ਨਾਲ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਜ਼ਰੀਏ ਪੈਸੇ ਆਏ ਸਨ। ਸੂਤਰ ਦੱਸਦੇ ਹਨ ਕਿ ਜਾਂਚ ਮੁਲਜ਼ਮਾਂ ਦੀਆਂ ਜਾਇਦਾਦਾਂ ਦੀ ਵੀ ਹੋ ਸਕਦੀ ਹੈ, ਜੋ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਖਰੀਦੀਆਂ ਹੋਣ। ਜੇਲ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸਹਾਇਕ ਸੁਪਰਡੈਂਟਾਂ ਖਿਲਾਫ ਹੋਈ ਕਾਰਵਾਈ ਸਬੰਧੀ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਉਕਤ ਸਹਾਇਕ ਸੁਪਰਡੈਂਟਾਂ ’ਤੇ ਵਿਭਾਗੀ ਕਾਰਵਾਈ ਹੋਣ ਦੀ ਵੀ ਸੰਭਾਵਨਾ ਹੈ। ਉੱਧਰ ਦੋਵੇਂ ਸਹਾਇਕ ਸੁਪਰਡੈਂਟਾਂ ਦਾ ਪੁਲਸ ਰਿਮਾਂਡ ਵਧ ਗਿਆ ਹੈ।
ਗਣਤੰਤਰਤਾ ਦਿਵਸ ਮੌਕੇ ਵਿਧਾਇਕ ਸਿੱਧੂ ਨੇ ਹਲਕਾ ਆਤਮ ਨਗਰ ’ਚ ਲਹਿਰਾਇਆ 100 ਫੁੱਟ ਉੱਚਾ ਤਿਰੰਗਾ
NEXT STORY