ਲੁਧਿਆਣਾ, (ਰਿਸ਼ੀ)- ਅੰਮ੍ਰਿਤਸਰ ਦੇ ਅਜਨਾਲਾ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਲਰਟ ਲੁਧਿਆਣਾ ਪੁਲਸ ਵਲੋਂ ਸ਼ਹਿਰ ਦੇ ਭਾਰਤ ਭਗਰ ਚੌਕ, ਸੰਗੋਵਾਲ ਅਤੇ ਤਾਜਪੁਰ ਰੋਡ ਦੇ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਭਰ ’ਚ ਨਾਕਾਬੰਦੀ ਕਰਵਾਉਣ ਦੇ ਨਾਲ-ਨਾਲ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਅੰਦਰੂਨੀ ਬਾਜ਼ਾਰਾਂ ’ਚ ਸਪੈਸ਼ਲ ਚੈਕਿੰਗ ਕਰ ਕੇ ਸ਼ੱਕੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਸ਼ਹਿਰ ਭਰ ’ਚ ਚੱਪੇ-ਚੱਪੇ ’ਤੇ ਤਾਇਨਾਤ ਲਗਭਗ 4 ਹਜ਼ਾਰ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਅਗਲੇ ਆਦੇਸ਼ਾਂ ਤੱਕ ਸਡ਼ਕਾਂ ’ਤੇ ਹੀ ਡਿਊਟੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਧਾਰਮਿਕ ਅਸਥਾਨਾਂ ਨੇੜੇ ਪੈਟਰੋਲਿੰਗ ਵਧਾਈ
ਪੁਲਸ ਵਲੋਂ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਨੇਡ਼ੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਪੁਲਸ ਅਨੁਸਾਰ ਇਲਾਕਾ ਐੱਸ. ਐੱਚ. ਓ. ਤੋਂ ਇਲਾਵਾ, ਪੀ. ਸੀ. ਆਰ. ਦਸਤੇ ਨੂੰ ਵੀ ਹਰ ਅੱਧੇ ਘੰਟੇ ਬਾਅਦ ਹਰੇਕ ਧਾਰਮਿਕ ਸਥਾਨ ’ਤੇ ਜਾਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰੇਕ ਧਾਰਮਿਕ ਅਸਥਾਨ ਦੇ ਪ੍ਰਮੁੱਖ ਨਾਲ ਗੱਲਬਾਤ ਕਰ ਕੇ ਕੈਮਰਿਆਂ ਦੇ ਜ਼ਰੀਏ ਹਰੇਕ ਸ਼ੱਕੀ ’ਤੇ ਨਜ਼ਰ ਰੱਖਣ ਬਾਰੇ ਕਿਹਾ ਜਾ ਰਿਹਾ ਹੈ।
ਐਂਟਰੀ ਪੁਆਇੰਟ ਸੀਲ
ਪੁਲਸ ਕਮਿਸ਼ਨਰ ਵਲੋਂ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਅਤੇ ਬੈਰੀਕੇਡ ਲਾ ਕੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ। ਦੂਜੇ ਜ਼ਿਲਿਅਾਂ ਦੇ ਨੰਬਰਾਂ ਵਾਲੇ ਵਾਹਨਾਂ ਨੂੰ ਰੋਕ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ।
ਵਪਾਰੀਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ
ਸ਼ਹਿਰ ਦੇ ਭੀਡ਼-ਭਡ਼ੱਕੇ ਵਾਲੇ ਇਲਾਕਿਆਂ ਤੋਂ ਇਲਾਵਾ ਬਾਹਰ ਤੋਂ ਆਉਣ ਵਾਲੇ ਸਾਰੇ ਵਪਾਰੀਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਪੁਰਾਣੇ ਸ਼ਹਿਰ ਦਾਲ ਬਾਜ਼ਾਰ, ਚੌਲ ਬਾਜ਼ਾਰ, ਮਾਧੋਪੁਰੀ, ਚੌਡ਼ਾ ਬਾਜ਼ਾਰ, ਸਾਬਣ ਬਾਜ਼ਾਰ, ਅਕਾਲਗਡ਼੍ਹ ਮਾਰਕੀਟ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੁਰੱਖਿਆ ਜ਼ਿਆਦਾ ਵਧਾਈ ਗਈ ਹੈ ਕਿਉਂਕਿ ਪੁਲਸ ਦਾ ਮੰਨਣਾ ਹੈ ਕਿ ਉਕਤ ਇਲਾਕੇ ਮਾਹੌਲ ਖਰਾਬ ਕਰਨ ਦੇ ਸਾਫਟ ਟਾਰਗੈੱਟ ਹੋ ਸਕਦੇ ਹਨ।
ਸਾਰੇ ਡੇਰਿਆਂ ਤੇ ਆਰ. ਐੱਸ. ਐੱਸ. ਸ਼ਾਖਾ ’ਤੇ ਵੀ ਲਾਈ ਫੋਰਸ
ਪੁਲਸ ਵਲੋਂ ਸ਼ਹਿਰ ਦੇ ਸਾਰੇ ਡੇਰਿਆਂ ’ਤੇ ਪੁਲਸ ਫੋਰਸ ਤਾਇਨਾਤ ਕਰਨ ਦੇ ਨਾਲ-ਨਾਲ ਆਰ. ਐੱਸ. ਐੱਸ. ਸ਼ਾਖਾਵਾਂ ’ਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਦੀ ਫੋਰਸ ਵਧਾ ਦਿੱਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ।
ਕੁੱਟ-ਮਾਰ ਦੇ ਦੋਸ਼ ’ਚ 3 ਖਿਲਾਫ ਕੇਸ ਦਰਜ
NEXT STORY