ਮੁੱਦਕੀ, (ਹੈਪੀ)– ਕਸਬੇ ਦੇ ਅੱਧੀ ਦਰਜਨ ਤੋਂ ਵਧ ਲੋਕਾਂ ਦੀ ਮੈਡੀਕਲ ਰਿਪੋਰਟ ’ਚ ‘ਡੇਂਗੂ ਪਾਜ਼ੀਟਿਵ’ ਆਉਣ ’ਤੇ ਜਿਥੇ ਨਗਰ ਪੰਚਾਇਤ ਮੁੱਦਕੀ ਦੇ ਸਫਾਈ ਪ੍ਰਬੰਧਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਉਥੇ ਸਿਹਤ ਵਿਭਾਗ ਦੇ ਪ੍ਰਬੰਧ ਵੀ ਨੰਗੇ-ਚਿੱਟੇ ਹੋ ਗਏ ਹਨ। ਦੱਸ ਦਈਏ ਕਿ ਡੇਂਗੂ ਦੇ ਸ਼ਿਕਾਰ ਹੋਏ ਮਰੀਜ਼ਾਂ ’ਚ ਜ਼ਿਆਦਾਤਰ ਉਹ ਲੋਕ ਹਨ, ਜਿਨ੍ਹਾਂ ਦੇ ਘਰਾਂ ’ਚ ਡੇਂਗੂ ਦੇ ਲਾਰਵੇ ਤੋਂ ਬਚਾਅ ਦੇ ਸਭ ਸਾਧਨ ਮੌਜੂਦ ਹਨ ਪਰ ਗਰੀਬ ਲੋਕਾਂ ’ਚ ਇਹ ਬੀਮਾਰੀ ਕਿੰਨੀ ਕੁ ਫੈਲ ਚੁੱਕੀ ਹੈ, ਇਹ ਜਾਂਚ ਦਾ ਵਿਸ਼ਾ ਹੈ। ਇਕ ਹੋਰ ਮਹੱਤਵਪੂਰਨ ਤੱਥ ਇਹ ਹੈ ਕਿ ਡੇਂਗੂ ਦੇ ਸ਼ਿਕਾਰ ਮਰੀਜ਼ਾਂ ’ਚ ਨਗਰ ਪੰਚਾਇਤ ਦਾ ਇਕ ਮੌਜੂਦਾ ਐੱਮ. ਸੀ. ਵੀ ਸ਼ਾਮਲ ਹੈ।
ਨਗਰ ਪੰਚਾਇਤ ਦੇ ਕੋਲ ਫੌਗਿੰਗ ਲਈ ਕੋਈ ਪ੍ਰਬੰਧ ਨਹੀਂ : ਐੱਮ. ਸੀ. Îਮਨਚੰਦਾ
ਨਗਰ ਪੰਚਾਇਤ ਦੇ ਸਫਾਈ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਡੇਂਗੂ ਪੀਡ਼ਤ ਐੱਮ. ਸੀ. ਲੱਕੀ ਮਨਚੰਦਾ ਦਾ ਕਹਿਣਾ ਹੈ ਕਿ ਇੰਨੀ ਵੱਡੀ ਤਾਦਾਦ ’ਚ ਡੇਂਗੂ ਦੇ ਮਰੀਜ਼ਾਂ ਦੀ ਹੋਂਦ ਨਗਰ ਪੰਚਾਇਤ ਦੇ ਸਫਾਈ ਪ੍ਰਬੰਧਾਂ ’ਤੇ ਖੁਦ-ਬ-ਖੁਦ ਉਂਗਲ ਉਠਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖਰਚ ਕਰ ਕੇ ਨਗਰ ਪੰਚਾਇਤ ਵੱਲੋਂ ਥਾਂ-ਥਾਂ ਪਲਾਸਟਿਕ ਅਤੇ ਲੋਹੇ ਦੇ ਡਸਟਬਿਨ ਰਖਵਾਏ ਗਏ ਸਨ, ਜਿਨ੍ਹਾਂ ’ਚੋਂ ਵਧੇਰੇ ਜਾਂ ਤਾਂ ਛੂ-ਮੰਤਰ ਹੋ ਗਏ ਹਨ ਤੇ ਜਾਂ ਉਨ੍ਹਾਂ ਦਾ ਇਸਤੇਮਾਲ ਹੀ ਬੰਦ ਕਰ ਦਿੱਤਾ ਗਿਆ ਹੈ। ਮਾਹਲਾ ਰੋਡ, ਡਾਕਖਾਨੇ ਵਾਲੀ ਗਲੀ ਤੇ ਹੋਰ ਕਈ ਅਜਿਹੇ ਸਥਾਨ ਹਨ, ਜੋ ਨਗਰ ਪੰਚਾਇਤ ਨੇ ਕੂਡ਼ੇ ਦੇ ਡੰਪ ਬਣਾ ਰੱਖੇ ਹਨ ਤੇ ਹਰ ਸਮੇਂ ਇਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਨਗਰ ਪੰਚਾਇਤ ਕੋਲ ਫੌਗਿੰਗ ਆਦਿ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਹਾਲਾਂਕਿ ਨਗਰ ਪੰਚਾਇਤ ਵੱਲੋਂ ਫੌਗਿੰਗ ਮਸ਼ੀਨਾਂ ’ਤੇ ਵੀ ਲੱਖਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਤੇ ਮਸ਼ੀਨਾਂ ਬੇਕਾਰ ਕਰ ਕੇ ਨੁਕਰੇ ਲਗਾ ਰੱਖੀਆਂ ਹਨ ਤੇ ਇਕ ਹੋਰ ਨਵੀਂ ਮਸ਼ੀਨ ਲਈ ਕਰੀਬ 1.20 ਲੱਖ ਰੁਪਏ ਦੀ ਪ੍ਰਪੋਜ਼ਲ ਬਣਾ ਕੇ ਟੈਂਡਰ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਆਉਣ ਵਾਲੀ ਨਵੀਂ ਮਸ਼ੀਨ ਵੀ ਪਹਿਲੀਆਂ ਮਸ਼ੀਨਾਂ ਵਾਂਗ ਬੇਕਾਰ ਹੀ ਸਾਬਤ ਹੋਵੇਗੀ ਕਿਉਂਕਿ ਜੋ ਮਸ਼ੀਨਾਂ ਨਗਰ ਪੰਚਾਇਤ ਵੱਲੋਂ ਖਰੀਦੀਆਂ ਜਾਂਦੀਆਂ ਹਨ, ਉਹ ਹੱਦ ਦਰਜੇ ਦੀਆਂ ਘਟੀਆ ਮਸ਼ੀਨਾਂ ਹੁੰਦੀਆਂ ਹਨ। ਵੈਸੇ ਵੀ ਜਦ ਤੱਕ ਨਵੀਂ ਮਸ਼ੀਨ ਆਵੇਗੀ, ਤਦ ਤੱਕ ਡੇਂਗੂ ਪਤਾ ਨਹੀਂ ਕਿੰਨੇ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੋਵੇਗਾ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵਾਰਡ ਨੰਬਰ 8 ਦੀ ਮਹਿਲਾ ਐੱਮ. ਸੀ. ਸੁਖਪਾਲ ਕੌਰ ਦੇ ਪਤੀ ਗੁਰਲਾਭ ਸਿੰਘ ਬਰਾਡ਼ ਵੀ ਨਗਰ ਪੰਚਾਇਤ ਦੇ ਸਫਾਈ ਪ੍ਰਬੰਧਾਂ ’ਤੇ ਮੀਡੀਆ ’ਚ ਕਿੰਤੂ-ਪ੍ਰੰਤੂ ਕਰ ਚੁੱਕੇ ਹਨ।
ਡਾ. ਬੇਅੰਤ ਨੇ ਵੀ ਨਗਰ ਪੰਚਾਇਤ ਨੂੰ ਹੀ ਠਹਿਰਾਇਆ ਜ਼ਿੰਮੇਵਾਰ
ਦਿਹਾਤੀ ਹਸਪਤਾਲ ਮੁੱਦਕੀ ਦੇ ਇੰਚਾਰਜ ਡਾ. ਬੇਅੰਤ ਸਿੰਘ ਨੇ ਵੀ ਡੇਂਗੂ ਦੇ ਫੈਲਾਅ ਲਈ ਨਗਰ ਪੰਚਾਇਤ ਦੇ ਸਫਾਈ ਪ੍ਰਬੰਧਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰ ’ਤੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ-ਪਡ਼ਤਾਲ ਕਰਨ ਤੇ ਉੁਨ੍ਹਾਂ ਦੇ ਇਲਾਜ ਲਈ ਪ੍ਰਬੰਧ ਮੁਕੰਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਮੁੱਢਲੇ ਸਿਹਤ ਕੇਂਦਰ ਵਿਖੇ ਵੀ ਮਰੀਜ਼ਾਂ ਨੂੰ ਮੁੱਢਲੀ ਸਿਹਤ ਸੇਵਾ ਦੇਣ ਦੇ ਵੀ ਸਾਰੇ ਪ੍ਰਬੰਧ ਅਤੇ ਦਵਾਈਆਂ ਮੌਜੂਦ ਹਨ। ਡੇਂਗੂ ਦੇ ਉਕਤ ਪੀਡ਼ਤ ਮਰੀਜ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਨਿੱਜੀ ਹਸਪਤਾਲਾਂ ’ਚ ਆਪਣਾ ਇਲਾਜ ਕਰਵਾਇਆ ਜਾ ਰਿਹਾ ਹੈ ਪਰ ਫਿਰ ਵੀ ਵਿਭਾਗ ਵੱਲੋਂ ਸੋਮਵਾਰ ਨੂੰ ਉਕਤ ਮਰੀਜ਼ਾਂ ਦੇ ਘਰਾਂ ਅਤੇ ਆਸ-ਪਾਸ ਦੇ ਇਲਾਕੇ ’ਚ ਡੇਂਗੂ ਦੇ ਲਾਰਵੇ ਦੀ ਖੋਜ ਕਰ ਕੇ ਲੋਡ਼ੀਂਦੇ ਪ੍ਰਬੰਧ ਕੀਤੇ ਜਾਣਗੇ। ਪੂਰੀ ਸਥਿਤੀ ਤੋਂ ਸਿਹਤ ਵਿਭਾਗ ਦੇ ਜ਼ਿਲਾ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਲੋਕ ਹਨ ਡੇਂਗੂ ਦੇ ਸ਼ਿਕਾਰ
ਡੇਂਗੂ ਦੇ ਸ਼ਿਕਾਰਾਂ ’ਚ ਮੁੱਦਕੀ ਦੇ ਵਾਰਡ ਨੰਬਰ 3 ਤੋਂ ਐੱਮ. ਸੀ. ਰਜਿੰਦਰ ਕੁਮਾਰ ਲੱਕੀ ਮਨਚੰਦਾ ਤੋਂ ਇਲਾਵਾ ਰਾਮ ਨਗਰ ਦੇ ਰਵਿੰਦਰ ਕੁਮਾਰ ਪੁੱਤਰ ਭਗਵਾਨ ਦਾਸ ਤੇ ਉਨ੍ਹਾਂ ਦੀ ਪਤਨੀ ਵੀਨੂੰ ਗਰਗ, ਜੈਦ ਪੱਤੀ ਦੇ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਪ੍ਰਦੀਪ ਸਿੰਘ ਅਤੇ ਵਾਰਡ ਨੰਬਰ 3 ਤੋਂ ਬਿਲਡਿੰਗ ਮਟੀਰੀਅਲ ਦੇ ਕਾਰੋਬਾਰੀ ਰਾਜੇਸ਼ ਕੁਮਾਰ ਗੁਪਤਾ ਦੇ ਪੁੱਤਰ ਕਸ਼ਿਸ਼ ਗੁਪਤਾ ਤੋਂ ਇਲਾਵਾ ਇਕ-ਦੋ ਹੋਰ ਲੋਕ ਵੀ ਸ਼ਾਮਲ ਹਨ।
ਈ. ਓ. ਮੈਡਮ ਭਟਨਾਗਰ ਨੇ ਨਹੀਂ ਚੁੱਕਿਆ ਫੋਨ
ਪੂਰੇ ਮਾਮਲੇ ਸਬੰਧੀ ਦਫਤਰ ਨਗਰ ਪੰਚਾਇਤ ਦਾ ਪੱਖ ਜਾਣਨ ਲਈ ਦਫਤਰ ਦੀ ਕਾਰਜਸਾਧਕ ਅਫਸਰ ਮੈਡਮ ਪੂਨਮ ਭਟਨਾਗਰ ਨਾਲ ਗੱਲ ਕਰਨ ਲਈ ਕਈ ਵਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ। ਇਥੇ ਇਹ ਵੀ ਦੱਸ ਦਈਏ ਕਿ ਲੋਕ ਪੱਖੀ ਖਬਰਾਂ ਛਾਪਣ ’ਤੇ ਮੈਡਮ ਭਟਨਾਗਰ ‘ਜਗ ਬਾਣੀ’ ਦੇ ਇਸ ਪੱਤਰਕਾਰ ਨਾਲ ਕਈ ਵਾਰ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕਰ ਚੁੱਕੀ ਹੈ।
ਮੰਡੀਆਂ ’ਚ ਹੋ ਰਹੀ ਲੁੱਟ ਦੇ ਵਿਰੋਧ ਵਿਚ ਕਿਸਾਨਾਂ ਨੇ ਕੀਤਾ ਚੱਕਾ ਜਾਮ
NEXT STORY