ਫਰੀਦਕੋਟ (ਜਗਤਾਰ ਦੁਸਾਂਝ)- ਇੱਕ ਸਮਾਂ ਹੁੰਦਾ ਸੀ ਜਦੋਂ ਕਿਸੇ ਦੇ ਘਰ ਕੁੜੀ ਜਨਮ ਲੈਂਦੀ ਸੀ ਤਾਂ ਉਸ ਪਰਿਵਾਰ ਦੇ ਨਾਲ-ਨਾਲ ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਵੀ ਅਫ਼ਸੋਸ ਜ਼ਾਹਰ ਕਰਦੇ ਸੀ ਕਿ ਕੁੜੀ ਕਿਉਂ ਪੈਦਾ ਹੋ ਗਈ। ਪਰ ਸਮਾਂ ਬਦਲ ਰਿਹਾ ਹੈ, ਕੁੜੀਆਂ ਦੀ ਕਿਸਮਤ ਉਨ੍ਹਾਂ ਨੂੰ ਅਜਿਹੀ ਮੰਜ਼ਿਲ ਤੱਕ ਪਹੁੰਚਾ ਦਿੰਦੀ ਹੈ ਕਿ ਉਹੀ ਅਫਸੋਸ ਕਰਨ ਵਾਲੇ ਲੋਕਾਂ ਤੋਂ ਖੁਸ਼ੀਆਂ ਨਹੀਂ ਸਾਂਭੀਆਂ ਜਾਂਦੀਆਂ ਤੇ ਉਸੇ ਮੂੰਹ ਨਾਲ ਵਧਾਈਆਂ ਦਿੰਦੇ ਦਿਖਾਈ ਦਿੰਦੇ ਹਨ।
ਅਜਿਹੀ ਹੀ ਇਕ ਘਟਨਾ ਦੇਖਣ ਨੂੰ ਮਿਲੀ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਤੋਂ, ਜਿੱਥੋਂ ਦੇ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲੇ ਬਲਜੀਤ ਸਿੰਘ ਅਤੇ ਮਨਦੀਪ ਕੌਰ ਦੀਆਂ 3 ਧੀਆਂ ਵਿੱਚੋਂ ਇੱਕ ਧੀ ਨਵਦੀਪ ਕੌਰ ਨੇ ਪੰਜਾਬ ਦੀ ਪਹਿਲੀ ਕੁੜੀ ਵੱਜੋਂ ਲੇਹ-ਲੱਦਾਖ਼ 'ਚ ਆਰਮੀ ਦੇ ਆਰਡਨੈਂਸ ਵਿਭਾਗ 'ਚ ਭਰਤੀ ਹੋ ਕੇ ਆਪਣੇ ਇਲਾਕੇ, ਪਿੰਡ, ਮਾਪਿਆਂ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਮੈਰਿਜ ਪੈਲਸ 'ਚ ਕੰਮ ਕਰ ਰਹੇ 3 ਵਿਅਕਤੀਆਂ ਨੂੰ ਲੱਗਿਆ ਕਰੰਟ, ਹਾਲਤ ਗੰਭੀਰ
ਉਸ ਕੁੜੀ ਵੱਲੋਂ ਪਹਿਲੀ ਵਾਰ ਘਰ ਆਉਣ 'ਤੇ ਹਾਰ ਪਾ ਕੇ ਮੂੰਹ ਮਿੱਠਾ ਕਰਵਾ ਪਿੰਡ ਵਾਸੀਆਂ ਤੇ ਪਰਿਵਾਰ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮਜ਼ਦੂਰ ਪਰਿਵਾਰ ਦੀ ਧੀ ਨਵਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਪੰਜਾਬ ਦੀ ਪਹਿਲੀ ਕੁੜੀ ਵਜੋਂ ਲੇਹ-ਲੱਦਾਖ਼ ਚ ਬਤੌਰ ਫੌਜੀ ਭਰਤੀ ਹੋਣ ਦਾ ਜੋ ਸੁਭਾਗ ਪ੍ਰਾਪਤ ਹੋਇਆ ਹੈ, ਉਸ ਪਿੱਛੇ ਉਸਦੇ ਮਾਤਾ ਪਿਤਾ ਦਾ ਹੱਥ ਹੈ ਜਿਨ੍ਹਾਂ ਨੇ ਦਿਹਾੜੀ ਮਜ਼ਦੂਰੀ ਕਰਕੇ ਉਸਨੂੰ ਪੜ੍ਹਾਇਆ ਤੇ ਇਹ ਉਨ੍ਹਾਂ ਦੀ ਮਿਹਨਤ ਦਾ ਹੀ ਫਲ ਹੈ।
ਉਸਨੇ ਦੱਸਿਆ ਕਿ ਉਹ ਖੁਦ ਝੋਨਾ ਲਗਾਉਂਦੀ ਰਹੀ ਹੈ, ਸੰਤਰੇ ਤੋੜਦੀ ਰਹੀ, ਨਰਮਾ ਚੁਗਦੀ ਰਹੀ ਹੈ, ਹਰ ਕੰਮ 'ਚ ਦਿਹਾੜੀ ਮਜ਼ਦੂਰੀ ਕਰਦੀ ਰਹੀ ਹੈ। ਉਸਦੀ ਸੋਚ ਸੀ ਪੁਲਸ ਵਿਚ ਨੌਕਰੀ ਕਰਨ ਦੀ, ਪਰ ਪਰਮਾਤਮਾ ਨੇ ਉਸਨੂੰ ਫੌਜ 'ਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਜਿਸ ਲਈ ਉਹ ਦਿਲੋਂ ਧੰਨਵਾਦ ਕਰਦੀ ਹੈ ਤੇ ਹੋਰਨਾਂ ਮੁੰਡੇ-ਕੁੜੀਆਂ ਨੂੰ ਆਪਣੇ ਮਾਤਾ-ਪਿਤਾ ਦੀ ਮਿਹਨਤ ਦਾ ਮੁੱਲ ਇਸੇ ਤਰ੍ਹਾਂ ਚੁਕਾਉਣ ਦੀ ਗੱਲ ਕਹੀ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਸਿਮ ਸਣੇ ਬਰਾਮਦ ਹੋਏ 3 ਮੋਬਾਇਲ ਫ਼ੋਨ, ਮਾਮਲਾ ਦਰਜ
ਇਸ ਮੌਕੇ ਨਵਦੀਪ ਕੌਰ ਦੇ ਦਾਦਾ ਬਾਬੂ ਸਿੰਘ, ਪਿਤਾ ਬਲਜੀਤ ਸਿੰਘ, ਮਾਤਾ ਮਨਦੀਪ ਕੌਰ ਅਤੇ ਭਰਜਾਈ ਕੰਵਲਦੀਪ ਕੌਰ ਨੇ ਦੱਸਿਆ ਕਿ ਇਹ ਸਾਡੀ ਕੁੜੀ ਨਹੀਂ, ਸਾਡਾ ਪੁੱਤ ਹੈ। ਅਸੀਂ ਪਹਿਲਾਂ ਤੋਂ ਤਿੰਨਾ ਕੁੜੀਆਂ ਨੂੰ ਦਿਹਾੜੀ ਮਜ਼ਦੂਰੀ ਕਰਕੇ ਪੜ੍ਹਾਇਆ ਹੈ। ਉਨ੍ਹਾਂ ਨੇ ਵੀ ਪੜ੍ਹ ਕੇ ਸਾਡਾ ਨਾਮ ਬਣਾਉਣ ਦੀ ਸੋਚ ਰੱਖੀ ਸੀ ਜੋ ਪੂਰੀ ਹੋਈ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਕੁੜੀ ਖੁਦ ਦਿਹਾੜੀ ਮਜ਼ਦੂਰੀ ਕਰਦੀ ਰਹੀ ਹੈ। ਉਸ ਨੇ ਬਹੁਤ ਮਿਹਨਤ ਕੀਤੀ ਹੈ। ਅਸੀਂ ਸਾਰੇ ਇਹੀ ਕਹਿੰਦੇ ਹਾਂ ਕਿ ਸਾਰੇ ਬੱਚੇ ਆਪਣੇ ਮਾਪਿਆਂ ਦਾ ਖਿਆਲ ਰੱਖਣ ਤੇ ਇਸੇ ਤਰ੍ਹਾਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੋੜਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੈਣਾਂ ਦੇ ਵਿਆਹ ਕਾਰਨ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਭਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY