ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਵਰਕਰ ਸਵਰਨਜੀਤ ਕੌਰ ਗੰਧੜ ਤੇ ਵੱਖ-ਵੱਖ ਜਥੇਬੰਦੀਆਂ ’ਚ ਕੰਮ ਕਰਦੀਆਂ ਉਨ੍ਹਾਂ ਦੀਆਂ ਧੀਆਂ ਨੌਦੀਪ, ਹਰਵੀਰ ਕੌਰ ਤੇ ਰਾਜਵੀਰ ਕੌਰ ਦੇ ਘਰ ਪਿੰਡ ਗੰਧੜ ਜ਼ਿਲਾ ਸ੍ਰੀ ਮੁਕਤਸਰ ਵਿਖੇ ਐੱਨ.ਆਈ.ਏ. ਵੱਲੋਂ ਬੀਤੀ ਸਵੇਰੇ ਸਵਾ 5 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ।
ਇਸ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ’ਚ ਜੁੜੇ ਖੇਤ ਮਜ਼ਦੂਰਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ। ਇਸ ਕਰ ਕੇ ਪੁਲਸ ਸਵਰਨਜੀਤ ਕੌਰ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰ ਸਕੀ। ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਇਸ ਕਾਰਵਾਈ ਨੂੰ ਲੋਕਾਂ ਦੀ ਜ਼ੁਬਾਨਬੰਦੀ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਸਮੁੱਚੇ ਮੁਲਕ ਨੂੰ ਪੁਲਸ ਰਾਜ ’ਚ ਤਬਦੀਲ ਕਰਨ ’ਤੇ ਤੁਲੀ ਹੋਈ ਹੈ ਤੇ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹੀਆਂ ਨੂੰ ਅੱਜ ਪੂਰਾ ਦਿਨ ਆਫ਼ਤ, ਪੁਲਸ ਮੁਲਾਜ਼ਮਾਂ ਨੂੰ ਵੀ ਬਾਮੁਸ਼ੱਕਤ ਨਿਭਾਉਣੀ ਪਵੇਗੀ ਡਿਊਟੀ
ਇਸੇ ਦੌਰਾਨ ਸਵਰਨਜੀਤ ਕੌਰ ਤੇ ਉਨ੍ਹਾਂ ਦੇ ਪੁੱਤਰ ਰਾਮਪਾਲ ਨੇ ਦੱਸਿਆ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਚਾਹ-ਪਾਣੀ ਨਹੀਂ ਪੀਣ ਦਿੱਤਾ ਤੇ ਜੰਗਲ ਪਾਣੀ ਜਾਣ ਤੋਂ ਵੀ ਜਬਰੀ ਰੋਕ ਕੇ ਮਾਨਸਿਕ ਤੇ ਸਰੀਰਿਕ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐੱਨ.ਆਈ.ਏ. ਦੇ ਅਧਿਕਾਰੀ ਉਨ੍ਹਾਂ ਦਾ ਮੋਬਾਇਲ ਫੋਨ, ਇਕ ਡਾਇਰੀ ਵਗੈਰਾ ਲੈ ਗਏ।
ਛਾਪੇਮਾਰੀ ਸਮੇਂ ਪਹੁੰਚੇ ਖੇਤ ਮਜ਼ਦੂਰ ਆਗੂਆਂ ਵੱਲੋਂ ਜਦੋਂ ਐੱਨ.ਆਈ.ਏ. ਦੇ ਅਧਿਕਾਰੀਆਂ ਨੂੰ ਇਸ ਪਰਿਵਾਰ ਖਿਲਾਫ ਦਰਜ ਮਾਮਲੇ ਤੇ ਤਲਾਸ਼ੀ ਵਰੰਟਾਂ ਬਾਰੇ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੂੰ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ, ਲੱਖੇਵਾਲੀ ਥਾਣੇ ਆ ਕੇ ਜਾਣਕਾਰੀ ਹਾਸਲ ਕਰਨ ਦਾ ਕਹਿ ਕੇ ਇਹ ਅਧਿਕਾਰੀ ਚਲੇ ਗਏ।
ਇਹ ਵੀ ਪੜ੍ਹੋ- ਮਕਾਨ ਦੇ ਨਕਸ਼ੇ 'ਤੇ ਬਣਾ'ਤੇ PG ! ਹੁਣ ਪ੍ਰਸ਼ਾਸਨ ਨੇ ਲਿਆ ਸਖ਼ਤ ਐਕਸ਼ਨ
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ’ਚ ਸੈਂਕੜੇ ਮਜ਼ਦੂਰ ਮਰਦ ਔਰਤਾਂ ਨੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਬਿੱਟੂ ਮੱਲਣ, ਬਲਾਕ ਪ੍ਰਧਾਨ ਹਰਫੂਲ ਸਿੰਘ ਭਾਗਸਰ, ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ, ਕਿਰਤੀ ਕਿਸਾਨ ਯੂਨੀਅਨ ਦੇ ਬਲਜੀਤ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤਰਸੇਮ ਸਿੰਘ ਖੁੰਡੇ ਹਲਾਲ, ਅਮਰੀਕ ਸਿੰਘ ਭਾਗਸਰ, ਪੀ. ਐੱਸ. ਯੂ. ਦੇ ਧੀਰਜ ਕੁਮਾਰ ਵੱਡੇ ਕਾਫਲੇ ਦੇ ਰੂਪ ’ਚ ਥਾਣਾ ਲੱਖੇਵਾਲੀ ਪਹੁੰਚੇ।
ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਪਿੰਡ ਗੰਧੜ੍ਹ ਦੇ ਮਜ਼ਦੂਰ ਪਰਿਵਾਰ ਦੇ ਘਰ ਮਾਰੀ ਰੇਡ ਦਾ ਕਾਰਨ ਜਾਨਣਾ ਚਾਹਿਆ। ਉਨ੍ਹਾਂ ਟੀਮ ਨਾਲ ਇਕ ਅਧਿਕਾਰੀ ਵੱਲੋਂ ਆਗੂਆਂ ਤੋਂ ਕਥਿਤ ਰੂਪ ’ਚ ਆਪਣਾ ਚਿਹਰਾ ਲੁਕਾਉਣ ’ਤੇ ਸੁਆਲ ਉਠਾਏ। ਨਾਲ ਹੀ ਉਨ੍ਹਾਂ ਐੱਨ.ਆਈ.ਏ. ਟੀਮ ਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਲੁਕੋਣ ’ਤੇ ਸ਼ੰਕਾ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਵੱਲੋਂ ਜ਼ੁਬਾਨਬੰਦੀ ਤੇ ਜਬਰ ਕਰਨ ਦੇ ਯਤਨਾਂ ਦੀ ਤਿੱਖੀ ਆਲੋਚਨਾ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ 5 ਨਗਰ ਨਿਗਮਾਂ ’ਚ ਕਿਹੜੀ ਪਾਰਟੀ ਦੀ ਬਣੇਗੀ ‘ਸਰਕਾਰ’, ਅੱਜ ਹੋਵੇਗਾ ਫੈਸਲਾ
NEXT STORY