ਮੋਗਾ, (ਗੋਪੀ ਰਾਊਕੇ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾਈ ਸੱਦੇ ’ਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਲਈ ਡੀ. ਐੱਮ. ਕਾਲਜ ਮੋਗਾ ਤੇ ਗੁਰੂ ਨਾਨਕ ਕਾਲਜ ਮੋਗਾ ਦੇ ਗੇਟ ਮੂਹਰੇ ਰੋਸ ਪ੍ਰਦਰਸ਼ਨ ਤੇ ਹਡ਼ਤਾਲ ਕੀਤੀ ਗਈ। ਪੀ. ਐੱਸ. ਯੂ. ਦੇ ਜ਼ਿਲਾ ਖ਼ਜ਼ਾਨਚੀ ਜਗਵੀਰ ਕੌਰ ਮੋਗਾ ਅਤੇ ਸੁਖਵਿੰਦਰ ਕੌਰ ਡਰੋਲੀ ਨੇ ਕ੍ਰਮਵਾਰ ਗੁਰੂ ਨਾਨਕ ਕਾਲਜ ਅਤੇ ਡੀ. ਐੱਮ. ਕਾਲਜ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 34 ਸਾਲ ਬੀਤ ਜਾਣ ਦੇ ਬਾਵਜੂਦ 1984 ਸਿੱਖ ਕਤਲੇਆਮ ਦੇ ਦੋਸ਼ੀ ਸ਼ਰੇਆਮ ਲੀਡਰੀ ਕਰ ਰਹੇ ਹਨ ਤੇ ਪੀਡ਼ਤਾਂ ਨੂੰ ਕੋਰਟ- ਕਚਹਿਰੀਆਂ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਅਤੇ ਵਿਧਵਾ ਅੌਰਤਾਂ ਸੰਤਾਪ ਹੰਢਾਅ ਰਹੀਆਂ ਹਨ, ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਸੁਹਾਗ ਜ਼ਿੰਦਾ ਸਾਡ਼ੇ ਗਏ। ਇਸ ਕਤਲੇਆਮ ਦੇ ਕਈ ਗਵਾਹ ਜਿੱਥੇ ਕੁਦਰਤੀ ਮੌਤ ਮਰ ਚੁੱਕੇ ਹਨ, ਉਥੇ ਹੀ ਕਈਆਂ ਨੂੰ ਮਾਰ ਜਾਂ ਮਰਵਾ ਦਿੱਤਾ ਗਿਆ ਅਤੇ ਕਈਆਂ ਨੂੰ ਅੱਜ ਤੱਕ ਡਰਾਅ-ਧਮਕਾ ਕੇ ਰੱਖਿਆ ਗਿਆ ਹੈ। ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐੱਚ. ਕੇ. ਐੱਲ. ਭਗਤ ਵਰਗੇ ਮੁੱਖ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਡੀ.ਐੱਮ. ਕਾਲਜ ਕਮੇਟੀ ਪ੍ਰਧਾਨ ਡਿੰਪਲ ਰਾਣਾ ਨੇ ਕਿਹਾ ਕਿ ਦੇਸ਼ ਦੀ ਸਮੁੱਚੀ ਪਾਰਲੀਮੈਂਟ ਨੂੰ ਸਿੱਖ ਵਿਰੋਧੀ ਕਤਲੇਆਮ ਲਈ ਖੁੱਲ੍ਹੀ ਮੁਆਫੀ ਮੰਗਣੀ ਚਾਹੀਦੀ ਹੈ। ਪੀਡ਼ਤਾਂ ਦੇ ਪੂਰਨ ਰੂਪ ’ਚ ਮੁਡ਼ ਵਸੇਬੇ ਲਈ ਵਿਸ਼ੇਸ਼ ਪਹਿਲਕਦਮੀ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਮੌਕੇ ਸਟੇਜ ਦੀ ਕਾਰਵਾਈ ਅਰਸ਼ਦੀਪ ਕੌਰ ਬਿਲਾਸਪੁਰ ਕਾਲਜ ਕਮੇਟੀ ਸਕੱਤਰ ਡੀ. ਐੱਮ. ਕਾਲਜ ਅਤੇ ਹਰਮਨ ਸਿੰਘ ਵਿਦਿਆਰਥੀ ਆਗੂ ਗੁਰੂ ਨਾਨਕ ਕਾਲਜ ਮੋਗਾ ਨੇ ਨਿਭਾਈ। ਇਸ ਸਮੇਂ ਵਿਦਿਆਰਥੀ ਆਗੂ ਕਰਮਜੀਤ ਕੌਰ, ਰਵੀ ਰਊਲੀ, ਪ੍ਰਭਜੋਤ ਕੌਰ ਅਤੇ ਜਸਪ੍ਰੀਤ ਸਿੰਘ ਕਰਮਜੀਤ ਸਿੰਘ, ਹਰੀਸ਼ ਸ਼ਰਮਾ ਅਤੇ ਸਮੂਹ ਕਾਲਜ ਵਿਦਿਆਰਥੀ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ)-1984 ਸਿੱਖ ਕਤਲੇਆਮ ਦੇ ਦੋਸ਼ੀਆਂਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਨਿਹਾਲ ਸਿੰਘ ਵਾਲਾ ਵਿਖੇ ਦੀਪ ਹਸਪਤਾਲ ਤੋਂ ਇਕੱਠੇ ਹੋ ਕੇ ਪੁਰਾਣੀ ਦਾਣਾ ਮੰਡੀ ਤੱਕ ਰੋਸ ਮਾਰਚ ਕੀਤਾ ਗਿਆ ਤੇ ਮੰਡੀ ਵਿਖੇ ਧਰਨਾ ਲਾਇਆ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਅੌਲਖ, ਜਗਵੀਰ ਸਿੰਘ ਜੱਸ ਅਤੇ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 34 ਸਾਲ ਪਹਿਲਾਂ ਗਿਣੀ ਮਿੱਥੀ ਸਾਜਿਸ਼ ਤਹਿਤ ਦਿੱਲੀ ਸਮੇਤ ਪੂਰੇ ਭਾਰਤ ’ਚ ਕਾਂਗਰਸ ਪਾਰਟੀ ਦੇ ਲੀਡਰਾਂ ਐੱਚ. ਕੇ. ਐੱਲ. ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਆਦਿ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਨਿਰਦੋਸ਼ ਸਿੱਖ ਲੋਕਾਂ ਨੂੰ ਕੋਹ-ਕੋਹ ਕੇ ਮਾਰਿਆ ਸੀ। ਕਾਗਜ਼ੀ ਅੰਕਡ਼ਿਆਂ ਮੁਤਾਬਕ 2733 ਲੋਕਾਂ ਦੀ ਮੌਤ ਹੋਈ, ਪਰ ਵੱਖ-ਵੱਖ ਜਾਂਚ ਮਿਸ਼ਨਾਂ ਅਤੇ ਜਾਂਚ ਕਮੇਟੀਆਂ ਅਨੁਸਾਰ 8 ਤੋਂ 10 ਹਜ਼ਾਰ ਸਿੱਖਾਂ ਨੂੰ ਮਾਰਿਆ ਗਿਆ।
ਇਕੱਲੇ ਦਿੱਲੀ ’ਚ ਸਿੱਖਾਂ ਦੀ ਜਾਇਦਾਦ ਦੀ ਸਾਡ਼ ਫੂਕ ਅਤੇ ਲੁੱਟ-ਮਾਰ ਦੀਆਂ 10897 ਘਟਨਾਵਾਂ ਵਾਪਰੀਆਂ। ਪੀਡ਼ਤ 34 ਸਾਲ ਬੀਤਣ ਦੇ ਬਾਵਜੂਦ ਇਨਸਾਫ ਲਈ ਦਰ-ਦਰ ’ਤੇ ਠੋਕਰਾਂ ਖਾ ਰਹੇ ਹਨ ਅਤੇ ਦੋਸ਼ੀ ਰਾਜਨੀਤਿਕ ਅਹੁਦਿਆਂ ’ਤੇ ਬਿਰਾਜਮਾਨ ਹੋਣ ਕਾਰਨ ਪੀਡ਼ਤਾ ਨੂੰ ਇਨਸਾਫ ਨਹੀਂ ਮਿਲ ਰਿਹਾ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਸਮੁੱਚੀ ਪਾਰਲੀਮੈਂਟ ਨੂੰ ਸਿੱਖ ਵਿਰੋਧੀ ਕਤਲੇਆਮ ਲਈ ਖੁੱਲੀ ਮੁਆਫੀ ਮੰਗਣੀ ਚਾਹੀਦੀ ਹੈ। ਪੀਡ਼ਤਾਂ ਦੇ ਪੂਰਨ ਰੂਪ ’ਚ ਮੁਡ਼ ਵਸੇਬੇ ਲਈ ਵਿਸ਼ੇਸ਼ ਪਹਿਲ ਕਦਮੀ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਪੀ. ਐੱਸ. ਯੂ. ਦੇ ਅਨਿਲ ਰਾਮ ਬਿੰਦ, ਨਿਰਮਲ ਸਿੰਘ, ਨੌਜਵਾਨ ਸਭਾ ਦੇ ਰਾਜੂ ਬਿਲਾਸਪੁਰ, ਰੰਗਕਰਮੀ ਸੁਖਦੇਵ ਲੱਧਡ਼, ਮੱਖਣ ਰਾਮਗਡ਼੍ਹ, ਮਾਸਟਰ ਜੋਗਿੰਦਰ ਸਿੰਘ ਡੀ. ਪੀ. ਆਦਿ ਹਾਜ਼ਰ ਸਨ।
ਨਸ਼ੇ ਵਾਲੇ ਪਾਊਡਰ ਸਮੇਤ 2 ਕਾਬੂ
NEXT STORY