ਭਗਤਾ ਭਾਈ(ਪਰਮਜੀਤ ਢਿੱਲੋਂ ) : ਕੋਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਸੂਬਾ ਸਰਕਾਰ ਵੱਲ਼ੋਂ ਨਵੇਂ ਸਾਲ ਵਾਲੇ ਦਿਨ ਤੋਂ ਹੀ ਸੂਬੇ ਅੰਦਰ ਸਕੂਲਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੋਇਆ ਹੈ। ਇਸ ਦੌਰਾਨ ਸਕੂਲਾਂ ਦੁਆਰਾ ਬੱਚਿਆਂ ਦੀ ਪੜਾਈ ਨੂੰ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸਨੂੰ ਲੈਕੇ ਮਾਪਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਇਸਦੇ ਚਲਦਿਆਂ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਖੇ ਆਸਪਾਸ ਦੇ ਪਿੰਡਾਂ ਤੋਂ ਮਾਪਿਆਂ ਨੇ ਇਕੱਤਰਤਾ ਕਰਕੇ ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਪੈਦਲ ਮਾਰਚ ਕੱਢਦਿਆਂ ਪ੍ਰਸ਼ਾਸਨ ਨੂੰ ਸਕੂਲ ਖੋਲਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਲੁਟੇਰਿਆਂ ਦੀ ਦਹਿਸ਼ਤ : ਪਹਿਲਾਂ ਸ਼ਰਾਬ ਦੇ ਠੇਕੇ ’ਤੇ ਲੁੱਟ, ਫਿਰ ਗੰਨ ਪੁਆਇੰਟ ’ਤੇ ਮਨੀ ਐਕਸਚੇਂਜਰ ਨੂੰ ਲੁੱਟਿਆ
ਇਸ ਮੌਕੇ ਦਾਣਾ ਮੰਡੀ ’ਚ ਮਾਪਿਆਂ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਸਰਬਪਾਲ ਸ਼ਰਮਾ ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ, ਛਿੰਦਰਪਾਲ ਕੌਰ ਦਿਓਲ ਕੰਟਰੋਲਰ ਸੰਤ ਮੁਹੇਸ਼ਮੁਨੀ ਜੀ ਬੋਰੇ ਵਾਲੇ ਕਾਲਜ ਲੜਕੀਆਂ ਤੇ ਰਣਧੀਰ ਸਿੰਘ ਚੀਦਾ ਨੇ ਕਿਹਾ ਕਿ ਆਨਲਾਈਨ ਮਾਧਿਅਮ ਰਾਹੀਂ ਬੱਚਿਆਂ ਦੀਆਂ ਕਲਾਸਾਂ ਲਗਾਕੇ ਉਨ੍ਹਾਂ ਦੀ ਸਿੱਖਿਆ ਦੀ ਲੋੜ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆਨਲਾਈਨ ਮਾਧਿਅਮ ਰਾਹੀਂ ਕਲਾਸਾਂ ਲੱਗਣ ਕਰਕੇ ਕੁਝ ਮਾਪੇ ਮਹਿੰਗੇ ਭਾਅ ਦੇ ਮੋਬਾਈਲ ਖਰੀਦਣ ਵਿਚ ਅਸਮਰਥ ਹੁੰਦੇ ਹਨ ਪਰ ਜੇਕਰ ਮੋਬਾਈਲ ਖਰੀਦ ਵੀ ਲੈਣ ਤਾਂ ਫਿਰ ਅਸਮਾਨੀ ਛੂਹ ਰਹੇ ਇੰਟਰਨੈੱਟ ਪਲਾਨਸ ਦੇ ਰੇਟਾਂ ਕਰਕੇ ਉਨ੍ਹਾਂ ਨੂੰ ਭਾਰੀ ਆਰਥਿਕ ਸਮੱਸਿਆ ਖੜ੍ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਸ਼ਰਾਬਾਂ ਦੇ ਠੇਕਿਆਂ ’ਤੇ ਤਾਂ ਕੋਰੋਨਾ ਆਉਂਦਾ ਨਹੀਂ ਫਿਰ ਸਕੂਲਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੂਬੇ ਅੰਦਰ ਵਿਧਾਨਸਭਾ ਚੋਣਾਂ ਕਰਕੇ ਲੀਡਰ ਵੱਡੇ-ਵੱਡੇ ਇਕੱਠ ਕਰਕੇ ਪ੍ਰਚਾਰ ਕਰ ਰਹੇ ਹਨ ਫਿਰ ਉਨ੍ਹਾਂ ’ਤੇ ਪਾਬੰਦੀਆਂ ਕਿਉਂ ਨਹੀਂ ਲਾਗੂ ਕੀਤੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਭਾਵੇਂ ਸਕੂਲ ਸੂਬਾ ਸਰਕਾਰ ਨੇ ਬੰਦ ਕੀਤੇ ਹੋਏ ਹਨ ਤੇ ਸੂਬੇ ਅੰਦਰ ਚੋਣਾਂ ਕਰਕੇ ਚੋਣ ਜ਼ਾਬਤਾ ਲੱਗਣ ਮਗਰੋਂ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਸਕੂਲ ਖੋਲ੍ਹਣ ਲਈ ਕਦਮ ਉਠਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਫਿਲੌਰ ਪਹੁੰਚੇ ਭਗਵੰਤ ਮਾਨ ਲੋਕਾਂ ਦੇ ਹੋਏ ਰੂ-ਬ-ਰੂ, ਕੀਤੇ ਵੱਡੇ ਦਾਅਵੇ
ਇਸ ਮੌਕੇ ਸੁਖਜੀਤ ਸਿੰਘ ਕੋਠਾਗੁਰੂ ਤੇ ਰਣਧੀਰ ਸਿੰਘ ਮਲੂਕਾ ਨੇ ਕਿਹਾ ਕਿ ਸਕੂਲ ਬੰਦ ਹੋਣ ਦੇ ਚਲਦਿਆਂ ਵੈਨ ਚਾਲਕਾਂ ਨੂੰ ਆਪਣਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ ਕਿਉਂਕਿ ਕੁਝ ਵੈਨ ਚਾਲਕਾਂ ਨੇ ਕਰਜ਼ਾ ਚੁੱਕ ਕੇ ਵੈਨਾਂ ਪਾਈਆਂ ਹੋਈਆਂ ਹਨ ਪਰ ਸਕੂਲ ਬੰਦ ਹੋਣ ਦੇ ਚਲਦਿਆਂ ਉਹ ਕਿਸ਼ਤਾਂ ਭਰਨ ’ਚ ਅਸਮਰਥ ਹਨ ਜਿਸ ਕਰਕੇ ਉਨ੍ਹਾਂ ਨੂੰ ਘਰਦਾ ਗੁਜ਼ਾਰਾ ਕਰਨਾ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਮੌਕੇ ਪੈਦਲ ਮਾਰਚ ਦੀ ਸਮਾਪਤੀ ਦੌਰਾਨ ਸ਼ਹਿਰ ਦੇ ਮੁੱਖ ਚੌਂਕ ਵਿਚ ਮਾਪਿਆਂ ਦੇ ਪ੍ਰਦਰਸ਼ਨ ਨੂੰ ਸਮਰਥਨ ਕਰਦਿਆਂ ਬਸੰਤ ਸਿੰਘ ਕੋਠਾਗੁਰੂ ਜ਼ਿਲ੍ਹਾ ਮੀਤ ਪ੍ਰਧਾਨ ਭਾਕਿਯੂ ਏਕਤਾ ਉਗਰਾਹਾਂ ਤੇ ਤੀਰਥ ਸਿੰਘ ਕੋਠਾਗੁਰੂ ਆਗੂ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਕਿਹਾ ਇੱਕ ਤਾਂ ਸਰਕਾਰ ਨੇ ਪਹਿਲਾਂ ਤੋਂ ਹੀ ਸਕੂਲ ਬੰਦ ਕਰਕੇ ਬੱਚਿਆਂ ਦੀਆਂ ਕਲਾਸਾਂ ਆਨਲਾਈਨ ਤਰੀਕੇ ਰਾਹੀਂ ਲਗਾਕੇ ਉਨ੍ਹਾਂ ਦੀ ਸਿੱਖਿਆ ਨਾਲ ਖਿਲਵਾੜ ਹੋ ਰਿਹਾ ਹੈ ਤੇ ਦੂਜਾ ਸਕੂਲਾਂ ਨੇ ਮਾਪਿਆਂ ਤੋਂ ਹਜ਼ਾਰਾਂ ਰੁਪਏ ਫੀਸਾਂ ਭਰਵਾ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਇਕ ਵੀ ਕਿਸਾਨ ਦੀ ਮੌਤ ਕੋਰੋਨਾ ਕਰਕੇ ਨਹੀਂ ਹੋਈ ਸੀ ਪਰ ਸਰਕਾਰਾਂ ਕੋਰੋਨਾ ਦਾ ਬਹਾਨਾ ਬਣਾਕੇ ਲੋਕਾਂ ਦੇ ਰੁਜ਼ਗਾਰ ਤਾਂ ਖੋਹੇ ਹੀ ਹਨ ਸਗੋਂ ਸਕੂਲਾਂ ਨੂੰ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਵੀ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਕ ਫਰਵਰੀ ਤੱਕ ਪ੍ਰਸ਼ਾਸਨ ਸਕੂਲਾਂ ਨੂੰ ਨਹੀਂ ਖੋਲ੍ਹਦਾ ਤਾਂ ਉਸ ਮਗਰੋਂ ਮਜਬੂਰਨ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਤੇ ਜਿਸ ਵਿਚ ਸੂਬਾ ਪੱਧਰ, ਜ਼ਿਲਾ ਪੱਧਰ ਜਾਂ ਤਹਿਸੀਲ ਪੱਧਰ ਤੇ ਕਮੇਟੀਆਂ ਬਣਾਕੇ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਪੈਦਲ ਮਾਰਚ ਦੌਰਾਨ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਸੰਖਿਆ ਵਿਚ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
‘ਆਪ’ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਸਕੂਟਰੀ ’ਤੇ ਮਾਂ ਨਾਲ ਪੁੱਜੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ
NEXT STORY