ਮੋਗਾ (ਆਜ਼ਾਦ) : ਪ੍ਰੇਮ ਨਗਰ ਮੋਗਾ ਨਿਵਾਸੀ ਪ੍ਰਿਆ ਦੇ ਨਾਲ ਪਲਾਟ ਵਿਕਰੀ ਮਾਮਲੇ ਵਿਚ ਪਿਉ-ਪੁੱਤ ਵੱਲੋਂ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰਕੇ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵਿਚ ਰਾਜਦੀਪ ਸਿੰਘ ਅਤੇ ਉਸ ਦੇ ਪਿਤਾ ਸੁਖਮੰਦਰ ਸਿੰਘ ਨਿਵਾਸੀ ਕੁਲਾਰ ਨਗਰ ਮੋਗਾ ਖ਼ਿਲਾਫ਼ ਧੋਖਾਦੇਹੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪ੍ਰਿਆ ਪਤਨੀ ਵਿਕਰਮ ਸਿੰਘ ਨੇ ਕਿਹਾ ਕਿ ਉਸ ਦੇ ਪਤੀ ਵਿਕਰਮਜੀਤ ਸਿੰਘ ਨੇ ਰਾਜਦੀਪ ਸਿੰਘ ਦੇ ਪਿਤਾ ਸੁਖਮੰਦਰ ਸਿੰਘ ਦੇ ਨਾਲ ਉਸ ਦੀ 8 ਮਰਲੇ 5 ਸਰਸਾਹੀ 12 ਵਰਗ ਫੁੱਟ ਪਲਾਟ ਜੋ ਕੁਲਾਰ ਨਗਰ ਮੋਗਾ ਵਿਚ ਹੈ ਦਾ ਸੌਦਾ ਇਕਰਾਰ ਨਾਮਾ 16 ਦਸੰਬਰ 2019 ਨੂੰ 3 ਲੱਖ ਰੁਪਏ ਵਿਚ ਕੀਤਾ ਸੀ, ਜਿਸ ਦੇ ਢਾਈ ਲੱਖ ਰੁਪਏ ਉਨ੍ਹਾਂ ਹਾਸਲ ਕਰ ਲਏ ਪਰ ਬਾਅਦ ਵਿਚ ਸੁਖਮੰਦਰ ਸਿੰਘ ਵੱਲੋਂ ਜਗ੍ਹਾ ਦੀ ਰਜਿਸਟਰੀ ਨਹੀਂ ਕਰਵਾਈ, ਜਦੋਂ ਅਸੀਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਬੇਟੇ ਰਾਜਦੀਪ ਸਿੰਘ ਵੱਲੋਂ ਆਪਣੀ ਮਾਲਕੀ ਵਾਲੀ ਜਗ੍ਹਾ 16 ਮਰਲੇ ਸਾਢੇ 5 ਸਰਸਾਹੀ ਜਗ੍ਹਾ ਦੀ ਰਜਿਸਟਰੀ ਪ੍ਰਿਆ ਦੇ ਨਾਂ ਕਰਵਾ ਦੇਵੇਗਾ ਅਤੇ ਉਸ ਨੇ 5 ਮਾਰਚ 2021 ਨੂੰ ਪ੍ਰਿਆ ਦੇ ਨਾਂ ਜਗ੍ਹਾ ਦੀ ਰਜਿਸਟਰੀ ਕਰਵਾ ਕੇ 8 ਲੱਖ 70 ਹਜ਼ਾਰ ਰੁਪਏ ਨਕਦ ਗਵਾਹਾਂ ਦੇ ਸਾਹਮਣੇ ਕਚਹਿਰੀ ਵਿਚ ਹਾਸਲ ਕਰ ਲਏ ਅਤੇ ਉਨ੍ਹਾਂ ਨੇ ਉਕਤ ਪਲਾਟ ਦਾ ਕਬਜ਼ਾ ਵੀ ਸਾਨੂੰ ਦੇ ਦਿੱਤਾ ਪਰ ਰਜਿਸਟਰੀ ਕਰਵਾਉਣ ਦੇ ਬਾਅਦ ਦੋਹਾਂ ਪਿਉ ਪੁੱਤਰਾਂ ਨੇ ਕਥਿਤ ਮਿਲੀਭੁਗਤ ਕਰਕੇ ਹਰਜਿੰਦਰ ਸਿੰਘ ਨਜ਼ਦੀਕ ਬੰਦ ਫਾਟਕ ਮੋਗਾ ਦੇ ਪਲਾਟ ਨੂੰ ਆਪਣਾ ਪਲਾਟ ਦੱਸ ਕੇ ਉਸ ਵਿਚ ਨਿਸ਼ਾਨਦੇਹੀ ਦੇ ਤੌਰ ’ਤੇ ਟੰਬੇ ਗੱਢ ਦਿੱਤੇ।
ਇਸ ਸਬੰਧ ਵਿਚ ਜਦੋਂ ਹਰਜਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੇਰੇ ਪਤੀ ਵਿਕਰਮਜੀਤ ਸਿੰਘ ਨੂੰ ਦੱਸਿਆ ਕਿ ਇਹ ਪਲਾਟ ਸਾਡਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਕਤ ਪਲਾਟ ਵੇਖਣਾ ਚਾਹੁੰਦੇ ਸਨ ਜਦੋਂ ਅਸੀਂ ਉਕਤ ਪਲਾਟ ਨੂੰ ਵੇਚਣ ਲਈ ਦਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਹਰਜਿੰਦਰ ਸਿੰਘ ਨੇ ਉਕਤ ਪਲਾਟ ਵਿਚ ਨਿਸ਼ਾਨਦੇਹੀ ਤੌਰ ’ਤੇ ਲੱਗੇ ਟੰਬੇ ਪੱਟ ਲਏ ਅਤੇ ਕਿਹਾ ਕਿ ਤੁਸੀਂ ਆਪਣਾ ਪਲਾਟ ਦੇਖੋ ਕਿ ਕਿਹੜਾ ਹੈ ਜਿਸ ’ਤੇ ਅਸੀਂ ਪੰਚਾਇਤੀ ਤੌਰ ’ਤੇ ਦੋਹਾਂ ਪਿਉ-ਪੁੱਤਾਂ ਨਾਲ ਗੱਲਬਾਤ ਕੀਤੀ ਅਤੇ ਹਰਜਿੰਦਰ ਸਿੰਘ ਦੇ ਘਰ ਵੀ ਗਏ ਤਾਂ ਉਨ੍ਹਾਂ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਪਿਉ ਪੁੱਤ ਨੇ ਕਥਿਤ ਮਿਲੀਭੁਗਤ ਕਰ ਕੇ ਕਿਸੇ ਹੋਰ ਦੇ ਪਲਾਟ ਨੂੰ ਆਪਣਾ ਪਲਾਟ ਦੱਸ ਦੇ ਸਾਡੇ ਕੋਲੋਂ ਲੱਖਾਂ ਰੁਪਏ ਲੈ ਕੇ ਧੋਖਾਦੇਹੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦਾ ਆਦੇਸ਼ ਦਿੱਤਾ, ਜਿਸ ਦੀ ਜਾਂਚ ਐੱਸ. ਪੀ. ਪੀ. ਬੀ. ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਉਕਤ ਮਾਮਲਾ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਦਰਜ ਕੀਤਾ ਗਿਆ, ਗ੍ਰਿਫਤਾਰੀ ਬਾਕੀ ਹੈ।
ਤੇਜ਼ ਰਫਤਾਰ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਨਾਲ 1 ਦੀ ਮੌਤ
NEXT STORY