ਲੁਧਿਆਣਾ, (ਵਰਮਾ)- ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਦਾਜ ਖਾਤਰ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਨ ਦੇ ਦੋ ਕੇਸ ਕੇਸ ਦਰਜ ਕੀਤੇ ਹਨ।
ਕੇਸ ਨੰ. 1
ਐੱਨ. ਆਰ. ਆਈ. ਵਿਆਹ ਤੋਂ ਇਕ ਮਹੀਨੇ ਬਾਅਦ ਪਤਨੀ ਛੱਡ ਭੱਜਿਆ ਅਮਰੀਕਾ
ਪਹਿਲੇ ਕੇਸ ਵਿਚ ਪਰਮਜੀਤ ਸਿੰਘ ਵਾਸੀ ਪਿੰਡ ਨੰਦਪੁਰਾ ਨੇ ਥਾਣਾ ਵੂਮੈਲ ਸੈੱਲ ਦੀ ਪੁਲਸ ਨੂੰ 28 ਅਪ੍ਰੈਲ 2018 ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਬੇਟੀ ਜਗਦੀਪ ਕੌਰ ਦਾ ਵਿਆਹ ਗੁਰਿੰਦਰ ਸਿੰਘ ਵਾਸੀ ਗੋਪਾਲਪੁਰ, ਡੇਹਲੋਂ ਨਾਲ 20 ਅਪ੍ਰੈਲ 2016 ਨੂੰ ਹੋਇਆ ਸੀ। ਵਿਆਹ ਤੋਂ 7 ਦਿਨਾਂ ਬਾਅਦ ਬੇਟੀ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਦਾਜ ਲਈ ਮਾਨਸਿਕ ਤੌਰ ’ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਬੇਟੀ ਦਾ ਪਤੀ ਅਤੇ ਸਹੁਰੇ ਵਾਲੇ ਐੱਨ. ਆਰ. ਆਈ. ਹਨ ਅਤੇ ਅਮਰੀਕਾ ਵਿਚ ਰਹਿੰਦੇ ਹਨ।
ਵਿਚੋਲੇ ਨੇ ਸਾਨੂੰ ਦੱਸਿਆ ਸੀ ਕਿ ਲਡ਼ਕੇ ਵਾਲੇ ਵਿਆਹ ਕਰ ਕੇ ਲੜਕੀ ਨੂੰ ਆਪਣੇ ਨਾਲ ਅਮਰੀਕਾ ਲਿਜਾਣਗੇ। ਅਸੀਂ ਆਪਣੀ ਬੇਟੀ ਦਾ ਵਿਆਹ ਧੂਮਧਾਮ ਨਾਲ ਕੀਤਾ ਅਤੇ ਵਿਆਹ ਵਿਚ ਸੋਨੇ ਤੋਂ ਇਲਾਵਾ ਨਕਦੀ ਵਿਚ ਲੱਖਾਂ ਰੁਪਏ ਦਿੱਤੇ ਸਨ। ਵਿਆਹ ਤੋਂ ਇਕ ਮਹੀਨੇ ਬਾਅਦ ਬੇਟੀ ਦਾ ਪਤੀ ਵਾਪਸ ਅਮਰੀਕਾ ਇਹ ਕਹਿ ਕੇ ਚਲਾ ਗਿਆ ਕਿ ਉਹ ਲਡ਼ਕੀ ਨੂੰ ਕੁਝ ਸਮੇਂ ਬਾਅਦ ਅਮਰੀਕਾ ਲਿਜਾਵੇਗਾ। ਉਹ ਦਾਜ ’ਚ ਦਿੱਤਾ ਸੋਨਾ ਤੇ ਨਕਦੀ ਵੀ ਨਾਲ ਲੈ ਗਿਆ। ਜਦੋਂ ਅਸੀਂ ਕੁਝ ਸਮੇਂ ਬਾਅਦ ਉਸ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਕਦੋਂ ਆਪਣੇ ਕੋਲ ਅਮਰੀਕਾ ਵਿਚ ਬੁਲਾਏਗਾ ਤਾਂ ਉਸ ਨੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ਮੈਂ ਵਾਪਸ ਭਾਰਤ ਨਹੀਂ ਆਵਾਂਗਾ ਅਤੇ ਨਾ ਹੀ ਤੁਹਾਡੀ ਬੇਟੀ ਨੂੰ ਅਮਰੀਕਾ ਵਿਚ ਬੁਲਾਵਾਂਗਾ।
ਤੁਸੀਂ ਜੋ ਕਰਨਾ ਹੈ ਕਰ ਲਓ। ਉਸ ਤੋਂ ਬਾਅਦ ਉਸ ਨੇ ਸਾਡਾ ਫੋਨ ਸੁਣਨਾ ਵੀ ਬੰਦ ਕਰ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਲਡ਼ਕੇ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਅਤੇ ਉਸ ਦੇ ਬੱਚੇ ਵੀ ਹਨ। ਉਨ੍ਹਾਂ ਨੇ ਧੋਖੇ ਨਾਲ ਮੇਰੀ ਬੇਟੀ ਨਾਲ ਵਿਆਹ ਕੀਤਾ ਸੀ। ਇਸ ਦੀ ਸ਼ਿਕਾਇਤ ਅਸੀਂ ਪੁਲਸ ਨੂੰ ਦਿੱਤੀ। ਏ.ਐੱਸ.ਆਈ. ਸੁਖਦੇਵ ਸਿੰਘ ਅਨੁਸਾਰ ਨੇ ਪੀਡ਼ਤਾ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਗੁਰਿੰਦਰ ਸਿੰਘ, ਸਹੁਰਾ ਪ੍ਰੀਤਮ ਸਿੰਘ, ਸੱਸ ਸੁਰਜੀਤ ਕੌਰ ਖਿਲਾਫ ਦਾਜ ਖਾਤਰ ਜ਼ੁਲਮ ਦਾ ਕੇਸ ਦਰਜ ਕਰ ਲਿਆ ਹੈ।
ਕੇਸ ਨੰ. 2
ਦਾਜ ਖਾਤਰ ਕੁੱਟ-ਮਾਰ ਕਰਨ ਤੇ ਗਰਭਪਾਤ ਕਰਵਾਉਣ ਦਾ ਦੋਸ਼
ਰਣਜੀਤ ਕੌਰ ਵਾਸੀ ਗੁਰੂ ਅੰਗਦ ਦੇਵ ਕਾਲੋਨੀ, ਗਿੱਲ ਰੋਡ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ 20 ਨਵੰਬਰ 2016 ਨੂੰ ਜਸਵੀਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਨਾਲ ਹੋਇਆ ਸੀ। ਪੀਡ਼ਤਾ ਦੇ ਭਰਾ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਆਪਣੀ ਭੈਣ ਦੇ ਵਿਆਹ ਵਿਚ ਦਾਜ ਦਿੱਤਾ ਸੀ ਪਰ ਦਾਜ ਦੇ ਲੋਭੀ ਸਹੁਰੇ ਵਾਲਿਆਂ ਦੀ ਇਸ ਨਾਲ ਪਿਆਸ ਨਹੀਂ ਬੁੱਝੀ। ਉਹ ਮੇਰੀ ਭੈਣ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ। ਇੰਨਾ ਹੀ ਨਹੀਂ, ਜਦੋਂ ਮੇਰੀ ਭੈਣ ਗਰਭਵਤੀ ਸੀ ਤਾਂ ਉਸ ਦੇ ਪਤੀ ਅਤੇ ਸੱਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਗਰਭਪਾਤ ਕਰਵਾ ਦਿੱਤਾ। ਮੇਰੀ ਭੈਣ ਦਾ ਪਤੀ ਅਤੇ ਦਿਓਰ ਨਸ਼ਾ ਕਰ ਕੇ ਦਾਜ ਵਿਚ ਕਾਰ ਅਤੇ ਨਕਦੀ ਰੁਪਏ ਨਾ ਲਿਆਉਣ ’ਤੇ ਉਸ ਨਾਲ ਕੁੱਟਮਾਰ ਕਰਦੇ ਸਨ। ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਝੂਠ ਬੋਲਿਆ ਸੀ ਕਿ ਲਡ਼ਕਾ ਪਡ਼੍ਹਿਆ ਲਿਖਿਆ ਹੈ, ਜਦੋਂਕਿ ਸਾਡੀ ਭੈਣ ਨੇ ਦੱਸਿਆ ਕਿ ਲਡ਼ਕਾ ਤਾਂ 8ਵੀਂ ਪਾਸ ਵੀ ਨਹੀਂ ਹੈ। ਏ.ਐੱਸ.ਆਈ., ਵਿਪਨ ਕੁਮਾਰ ਨੇ ਦੱਸਿਆ ਕਿ ਪੀਡ਼ਤਾ ਦੇ ਪਤੀ ਜਸਵੀਰ ਸਿੰਘ, ਸੱਸ ਪ੍ਰੇਮ ਲਤਾ ਖਿਲਾਫ ਦਾਜ ਖਾਤਰ ਕੁੱਟ-ਮਾਰ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ।
ਕੁੱਟ-ਮਾਰ ਦੇ ਦੋਸ਼ ’ਚ ਕੇਸ ਦਰਜ
NEXT STORY