ਦੋਦਾ (ਲਖਵੀਰ ਸ਼ਰਮਾ) : ਪਿੰਡ ਮੱਲ੍ਹਣ ’ਚ ਇਕ ਨੌਜਵਾਨ ਦੀ ਛੱਪੜ ਵਿਚ ਡਿਗਣ ਨਾਲ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਿੱਟੂ ਮੱਲ੍ਹਣ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਥਾਪਰ ਸਕੀਮ ਤਹਿਤ ਪਿੰਡ ਵਿਚ ਛੱਪੜ ਦਾ ਨਿਰਮਾਣ ਕੀਤਾ ਗਿਆ ਅਤੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਡੂੰਘੇ ਡਿੱਗ ਬਣਾਏ ਗਏ ਸਨ, ਜਿਨ੍ਹਾਂ ਨੂੰ ਉਪਰੋਂ ਢਕਣ ਲਈ ਕੋਈ ਸੇਫਟੀ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਇਕ ਗਰੀਬ ਪਰਿਵਾਰ ਦਾ ਲੜਕਾ ਜਸਵੀਰ ਸਿੰਘ ਪੁੱਤਰ ਮੱਖਣ ਸਿੰਘ ਇਸ ਛੱਪੜ ਕਿਨਾਰੇ ਬੱਕਰੀਆਂ ਚਰਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੀ ਬੱਕਰੀਆਂ ਚਾਰਨ ਵਾਲੀ ਸੋਟੀ ਡੂੰਗੇ ਡਿੱਗ ਵਿਚ ਡਿੱਗ ਗਈ, ਜਿਸ ਨੂੰ ਕੱਢਦਿਆਂ ਉਹ ਖੁਦ ਵੀ ਡਿੱਗ ਵਿਚ ਡਿੱਗ ਗਿਆ, ਜਿਸ ਨੂੰ ਪਿੰਡ ਵਾਸੀਆਂ ਵੱਲੋਂ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਫਸੋਸ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਕਾਫੀ ਦੇਰ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਮੁਸ਼ਕੱਤ ਤੋਂ ਬਾਅਦ ਬਾਹਰ ਕੱਢਿਆ ਗਿਆ।
ਬਿੱਟੂ ਮੱਲ੍ਹਣ ਅਤੇ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਜਸਵੀਰ ਸਿੰਘ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਕਿਉਂਕਿ ਕੁੱਝ ਸਮਾਂ ਪਹਿਲਾਂ ਉਸ ਦੇ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਘਟਨਾ ਦਾ ਪਤਾ ਲਗਦਿਆਂ ਕਰਮਜੀਤ ਕੌਰ ਐੱਸ.ਐੱਚ.ਓ. ਥਾਣਾ ਕੋਟਭਾਈ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਵਰਕਾਮ ਦੀ ਮਹਿਲਾ ਅਧਿਕਾਰੀ ਦੀ ਧੱਕੇਸ਼ਾਹੀ ਤੋਂ ਦੁਖ਼ੀ ਮਾਲ ਲੇਖਾਕਾਰ ਨੇ ਕੀਤੀ ਇਨਸਾਫ਼ ਦੀ ਅਪੀਲ
NEXT STORY