ਮੋਹਾਲੀ, (ਨਿਆਮੀਆਂ)- ਪੰਜਾਬ ਭਰ ਦੇ ਐਕਸਾਈਜ਼ ਇੰਸਪੈਕਟਰਾਂ ਨੇ ਅੱਜ ਸਮੂਹਿਕ ਛੁੱਟੀ ਲੈ ਕੇ ਐਕਸਾਈਜ਼ ਦਫਤਰ ਪੰਜਾਬ ਸੈਕਟਰ-69 ਮੋਹਾਲੀ ਵਿਖੇ ਆਬਕਾਰੀ ਤੇ ਕਰ ਨਿਰੀਖਕ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਲਟਕ ਰਹੀਆਂ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੀਵ ਮੰਨਣ ਅਤੇ ਚੇਅਰਮੈਨ ਸਤਪਾਲ ਸਿੰਘ ਦੀ ਅਗਵਾਈ ਵਿਚ ਪੰਜਾਬ ਭਰ ਤੋਂ ਆਏ 250 ਆਬਕਾਰੀ ਤੇ ਕਰ ਨਿਰੀਖਕ ਸ਼ਾਮਲ ਹੋਏ। ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਆਬਕਾਰੀ ਅਤੇ ਕਰ ਵਿਭਾਗ ਪੰਜਾਬ ਵਲੋਂ ਸੁਪਰੀਮ ਕੋਰਟ ਦੀ ਉਲੰਘਣਾ ਕਰਦੇ ਹੋਏ ਈ. ਈ. ਓ. ਦੀ ਤਰੱਕੀ ਲਈ ਆਬਕਾਰੀ ਤੇ ਕਰ ਨਿਰੀਖਕਾਂ ਦੇ ਕੋਟੇ ਵਿਚੋਂ ਮਨਿਸਟਰੀਅਲ ਸਟਾਫ ਦੀਆਂ 10 ਫੀਸਦੀ ਅਸਾਮੀਆਂ ਦਿੱਤੀਆਂ ਗਈਆਂ ਹਨ, ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਬਕਾਰੀ ਤੇ ਕਰ ਨਿਰੀਖਕਾਂ ਨੂੰ ਸੁਣਵਾਈ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਗੁਪਤ ਤਰੀਕੇ ਨਾਲ ਫਾਈਲ ਮੂਵ ਕੀਤੀ ਗਈ ਹੈ। ਇਸ ਕਾਰਨ ਆਬਕਾਰੀ ਤੇ ਕਰ ਨਿਰੀਖਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਜੇ ਸਰਕਾਰ ਨੇ ਉਨ੍ਹਾਂ ਦਾ ਪੱਖ ਸਹੀ ਤਰੀਕੇ ਨਾਲ ਨਾ ਸੁਣਿਆ ਤਾਂ ਪੂਰੇ ਪੰਜਾਬ ਵਿਚ ਉਨ੍ਹਾਂ ਵਲੋਂ ਕੰਮ ਠੱਪ ਕਰਕੇ ਹਡ਼ਤਾਲ ਕਰ ਦਿੱਤੀ ਜਾਵੇਗੀ। ਇਸ ਮੌਕੇ ਆਬਕਾਰੀ ਤੇ ਕਰ ਨਿਰੀਖਕ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਆਗੂ ਵਰਿੰਦਰ ਮੋਹਨ, ਰਜਨੀਸ਼ ਬੱਤਰਾ, ਵਿਵੇਕ ਸੂਦ, ਗਵਰਧਨ ਗੋਇਲ ਅਤੇ ਹੋਰ ਮੈਂਬਰ ਮੌਜੂਦ ਸਨ।
ਕਾਰ ’ਚ ਸਡ਼ੀ ਮਿਲੀ ਏ. ਜੀ. ਐੱਮ. ਦੀ ਲਾਸ਼
NEXT STORY