ਮੋਹਾਲੀ,(ਨਿਆਮੀਆਂ)— ਚੋਣਾਂ ਦੌਰਾਨ ਘਰ-ਘਰ ਰੁਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਪੂਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪਹਿਲਾਂ ਵੀ ਰੁਜ਼ਗਾਰ ਮੇਲੇ ਲਗਾ ਕੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਤੇ ਹੁਣ 22 ਨਵੰਬਰ ਤਕ ਸੂਬੇ ਭਰ 'ਚ 40 ਵੱਖ-ਵੱਖ ਥਾਵਾਂ 'ਤੇ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ 80 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਆਈ. ਟੀ. ਆਈ. (ਲੜਕੀਆਂ) ਫੇਜ਼-5 ਮੋਹਾਲੀ ਵਿਖੇ ਲਾਏ ਗਏ ਰੁਜ਼ਗਾਰ ਮੇਲੇ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਮੇਲੇ 'ਚ ਪੁੱਜੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਇਸ ਮੇਲੇ 'ਚ ਵੱਡੀ ਗਿਣਤੀ ਲੜਕੀਆਂ ਵੀ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਰਕਮਾਂ ਖਰਚ ਕਰਕੇ ਵਿਦੇਸ਼ ਜਾਣ ਦੀ ਥਾਂ ਵਿਕਸਿਤ ਦੇਸ਼ਾਂ ਦਾ ਕਿਰਤ ਸੱਭਿਆਚਾਰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬਹੁ ਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰਨਾਂ ਖੇਤਰਾਂ ਦੇ ਵਿਕਾਸ ਲਈ ਵੀ ਦਿਨ-ਰਾਤ ਇਕ ਕਰਕੇ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਵਲੋਂ ਲਾਏ ਗਏ ਕਾਊਂਟਰਾਂ 'ਤੇ ਜਾ ਕੇ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਇੰਟਰਵਿਊ ਦੇਣ ਪੁੱਜੇ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ । ਕੈਬਨਿਟ ਮੰਤਰੀ ਨੇ ਆਈ. ਟੀ. ਆਈ. ਵਿਖੇ ਹੱਥੀਂ ਤਿਆਰ ਕੀਤੇ ਸਾਮਾਨ ਦੀ ਲਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਐੱਸ. ਡੀ. ਐੱਮ. ਮੋਹਾਲੀ ਜਗਦੀਪ ਸਹਿਗਲ ਨੇ ਵੀ ਰੁਜ਼ਗਾਰ ਮੇਲੇ 'ਚ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ। ਮੇਲੇ ਦੌਰਾਨ 32 ਕੰਪਨੀਆਂ ਨੇ ਸ਼ਿਕਰਤ ਕੀਤੀ ਅਤੇ 288 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਇਸ ਮੇਲੇ 'ਚ ਆਈ. ਟੀ. ਆਈ. ਦੇ ਪ੍ਰਿੰਸੀਪਲ ਰਹੀਮ ਬਖ਼ਸ਼ ਨੇ ਅਹਿਮ ਭੂਮਿਕਾ ਨਿਭਾਈ, ਜਿਸ ਦੀ ਅਧਿਕਾਰੀਆਂ ਵਲੋਂ ਸ਼ਲਾਘਾ ਕੀਤੀ ਗਈ।
ਮੇਲੇ 'ਚ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਕੌਰ, ਆਈ. ਐੱਮ. ਸੀ. ਦੇ ਚੇਅਰਮੈਨ ਐੱਸ. ਐੱਸ. ਸੰਧੂ, ਜ਼ਿਲਾ ਰੁਜ਼ਗਾਰ ਅਫਸਰ ਹਰਪ੍ਰੀਤ ਕੌਰ ਬਰਾੜ, ਕਾਂਗਰਸੀ ਆਗੂ ਜੀ. ਐੱਸ. ਰਿਆੜ ਸਮੇਤ ਆਈ. ਟੀ. ਆਈ. ਦੇ ਸਟਾਫ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ।
'ਸਿੱਟ' ਨੇ ਗਲਤ ਪਤੇ 'ਤੇ ਭੇਜੇ ਮੈਨੂੰ ਸੰਮਨ : ਬਾਦਲ
NEXT STORY