ਮਾਨਸਾ, (ਜੱਸਲ)- ਜ਼ਿਲੇ ਦੇ ਪਿੰਡ ਬੱਪੀਆਣਾ ’ਚ ਲੰਘਦੇ ਮੂਸਾ ਬ੍ਰਾਂਚ ਦੇ ਰਜਬਾਹੇ ’ਚ ਵੱਡਾ ਪਾਡ਼ ਪੈਣ ’ਤੇ ਕਿਸਾਨਾਂ ਦੀ ਕਰੀਬ 120 ਏਕਡ਼ ਝੋਨੇ ਦੀ ਫਸਲ ਪਾਣੀ ਨਾਲ ਭਰਨ ਕਾਰਨ ਤਬਾਹ ਹੋ ਚੁੱਕੀ ਹੈ। ਇਸ ਖੇਤਰ ਦੇ ਕਿਸਾਨਾਂ ਵਲੋਂ ਰਜਵਾਹੇ ਦੇ ਪਾਡ਼ ਨੂੰ ਪੂਰਨ ਲਈ ਅਣਥੱਕ ਕੋਸ਼ਿਸ਼ਾਂ ਜਾਰੀ ਹਨ। ਇਸ ਪਾਡ਼ ਨੂੰ ਪੂਰਨ ਲਈ ਨਹਿਰੀ ਮਹਿਕਮੇ ਦੇ ਯਤਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਫੇਲ ਸਾਬਤ ਹੋ ਚੁੱਕੇ ਹਨ। ਨਹਿਰੀ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਾਣੀ ਦਾ ਤੇਜ਼ ਵਹਾਅ ਰੁਕਣ ’ਤੇ ਹੀ ਪਾਡ਼ ਨੂੰ ਪੂਰਿਆ ਜਾ ਸਕਦਾ ਹੈ। ਇਸ ਰਜਬਾਹੇ ’ਚ ਪਿਆ ਪਾਡ਼ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨਾਲ ਪਿੰਡ ਬੱਪੀਆਣਾ ਨਾਲ ਲੱਗਦੇ ਹੋਰਨਾਂ ਪਿੰਡਾਂ ਅੰਦਰ ਕਾਫੀ ਫਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫਡ਼ੇ ਨੇ ਦੱਸਿਆ ਕਿ ਮੂਸਾ ਬ੍ਰਾਂਚ ਦੇ ਰਜਬਾਹੇ ’ਚ ਵੱਡਾ ਪਾਡ਼ ਪੈਣ ਕਾਰਨ ਇਸ ਖੇਤਰ ਦੇ ਕਿਸਾਨ ਸੁਖਦੇਵ ਸਿੰਘ ਦੀ 5 ਏਕਡ਼, ਮੱਘਰ ਸਿੰਘ ਦੀ 6 ਏਕਡ਼, ਜੋਗਿੰਦਰ ਸਿੰਘ ਦੀ 5 ਏਕਡ਼, ਗੁਰਜੰਟ ਸਿੰਘ ਦੀ 15 ਏਕਡ਼ , ਮੱਖਣ ਸਿੰਘ 7 ਏਕਡ਼ ਤੇ ਬੂਟਾ ਸਿੰਘ 8 ਏਕਡ਼ ਤੋਂ ਇਲਾਵਾ ਹੋਰਨਾਂ ਕਿਸਾਨਾਂ ਦੀ ਸੈਂਕਡ਼ੇ ਏਕਡ਼ ਜ਼ਮੀਨ ਤੇ ਖਡ਼੍ਹੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ। ਉਨ੍ਹਾਂ ਦਾ ਤਰਕ ਹੈ ਕਿ ਜੇਕਰ ਨਹਿਰੀ ਮਹਿਕਮੇ ਨੇ ਰਜਬਾਹੇ ਦਾ ਪਾਣੀ ਬੰਦ ਕਰ ਦਿੱਤਾ ਤਾਂ ਪਾਣੀ ਦੇ ਵਹਾਅ ਨੂੰ 24 ਘੰਟਿਆਂ ਅੰਦਰ ਠੱਲ੍ਹ ਪਵੇਗੀ। ਉਦੋ ਤੱਕ ਹੋਰ ਕਿਸਾਨਾਂ ਦੀ ਕਈ ਏਕਡ਼ ਝੋਨੇ ਦੀ ਫਸਲ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ’ਚ ਪਏ ਪਾਡ਼ ਨੂੰ ਜਲਦ ਪੂਰਿਆ ਜਾਵੇ ਨਹੀਂ ਤਾਂ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਦੀ ਸੈਂਕਡ਼ੇ ਏਕਡ਼ ਜ਼ਮੀਨ ’ਤੇ ਖਡ਼੍ਹੀ ਝੋਨੇ ਦੀ ਫਸਲ ਤਬਾਹ ਹੋ ਜਾਵੇਗੀ ਅਤੇ ਉਨ੍ਹਾਂ ਦਾ ਵੱਡੀ ਪੱਧਰ ’ਤੇ ਆਰਥਿਕ ਨੁਕਸਾਨ ਹੋਵੇਗਾ। ਖਬਰ ਲਿਖੇ ਜਾਣ ਤੱਕ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਰਾਜਬਾਹੇ ’ਚ ਪਏ ਪਾਡ਼ ਨੂੰ ਪੂਰਨ ਦੇ ਯਤਨ ਜਾਰੀ ਸਨ।
ਚਾਉਕੇ, (ਰਜਿੰਦਰ)-ਜੋਧਪੁਰ ਤੋਂ ਨਿਕਲਣ ਵਾਲੀ ਮੰਡੀ ਮਾਈਨਰ ਰਜਬਾਹੇ ਚਾਉਕੇ ’ਚ ਪਾਡ਼ ਪੈਣ ਕਾਰਨ 500 ਏਕਡ਼ ਫਸਲ ਵਿਚ ਪਾਣੀ ਭਰ ਗਿਆ। ਇਸ ਮੌਕੇ ਨਗਰ ਪੰਚਾਇਤ ਚਾਉਕੇ ਦੇ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੰਜ ਵਜੇ ਲਾਗੇ ਮੰਡੀ ਮਾਈਨਰ ’ਚ 100 ਫੁੱਟ ਦਾ ਪਾਡ਼ ਪੈਣ ਨਾਲ 500 ਏਕਡ਼ ਖਡ਼੍ਹੀ ਫਸਲ ’ਚ ਪਾਣੀ ਪੈ ਗਿਆ, ਜਿਸ ਨਾਲ ਪਿੰਡ ਦੇ ਗਰੀਬ ਛੋਟੇ ਕਿਸਾਨਾਂ ਦੀ ਫਸਲ ਪਾਣੀ ਨਾਲ ਨੱਕੋ-ਨੱਕ ਭਰ ਗਈ। ਪਾਣੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਇਸ ਨੇ ਪਿੰਡ ਦੇ ਘਰਾਂ ਤੱਕ ਪਹੁੰਚ ਕੀਤੀ ਪਰ ਦੁਪਹਿਰ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਸਰਦੁੂਲਗਡ਼੍ਹ, (ਚੋਪਡ਼ਾ)-ਹਰਿਆਣਾ ਰਾਜ ’ਚੋਂ ਆਉਂਦੀ ਸੁਖਚੈਨ ਨਹਿਰ ਪਿੰਡ ਆਹਲੂਪੁਰ ਕੋਲੋਂ ਦੋ ਜਗ੍ਹਾ ਤੋਂ ਟੁੱਟਣ ਕਾਰਨ ਦੋ ਨਹਿਰਾਂ ਵਿਚਾਲੇ ਬਣੇ ਖਤਾਨਾਂ ’ਚ ਪਾਣੀ ਭਰ ਗਿਆ। ਇਸ ਨਹਿਰ ਤੋਂ ਪੰਜਾਬ ਦੇ ਪਿੰਡਾਂ ਆਹਲੂਪੁਰ, ਖੈਰਾ ਕਲਾਂ, ਖੈਰਾ ਖੁਰਦ, ਝੰਡਾ ਕਲਾਂ ਅਤੇ ਝੰਡਾ ਖੁਰਦ ਦੇ ਤਕਰੀਬਨ 1500 ਏਕਡ਼ ਰਕਬੇ ’ਚ ਇਸ ਪਾਣੀ ਨਾਲ ਸਿੰਚਾਈ ਕੀਤੀ ਜਾਂਦੀ ਹੈ ਜਦੋਂਕਿ ਇਸ ਦੇ ਪਾਣੀ ਦੀ ਜ਼ਿਆਦਾਤਰ ਵਰਤੋਂ ਹਰਿਆਣਾ ਰਾਜ ਦੇ ਖੇਤਰ ’ਚ ਹੀ ਕੀਤੀ ਜਾਂਦੀ ਹੈ। ਨਹਿਰ ਨਾਲ ਲੱਗਦੇ ਖੇਤੀ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਇਹ ਨਹਿਰ ਪਹਿਲਾਂ ਵੀ ਕਈ ਵਾਰ ਟੁੱਟ ਕੇ ਫਸਲਾਂ ਦਾ ਭਾਰੀ ਨੁਕਸਾਨ ਕਰ ਚੁੱਕੀ ਹੈ। ਉਨ੍ਹਾਂ ਮੰਗ ਕਰਦਿਅਾਂ ਕਿਹਾ ਕਿ ਨਹਿਰ ਦੇ ਕਿਨਾਰਿਅਾਂ ’ਤੇ ਮਿੱਟੀ ਪਾ ਕੇ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ। ਇਸ ਤਰ੍ਹਾਂ ਪਿੰਡ ਕੌਡ਼ੀਵਾਡ਼ਾ ਕੋਲ ਰੋਡ਼ਕੀ ਮਾਈਨਰ ਦੇ ਟੁੱਟ ਜਾਣ ਕਰ ਕੇ ਖੇਤਾਂ ’ਚ ਪਾਣੀ ਭਰ ਗਿਆ, ਜਿਸ ਨੂੰ ਸਬੰਧਤ ਕਿਸਾਨਾਂ ਨੇ ਆਪਣੇ ਤੌਰ ’ਤੇ ਮਿੱਟੀ ਦੇ ਬੋਰੇ ਲਾ ਕੇ ਪੂਰਿਆ ਗਿਆ। ਕਿਸਾਨ ਹਰਦੀਪ ਸਿੰਘ, ਨਾਇਬ ਸਿੰਘ, ਅਵਤਾਰ ਸਿੰਘ , ਬਲਵਿੰਦਰ ਸਿੰਘ, ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਈਨਰ ਦੇ ਕਿਨਾਰੇ ਕਮਜ਼ੋਰ ਹੋਣ ਕਰ ਕੇ ਕਈ ਵਾਰ ਟੁੱਟ ਚੁੱਕੇ ਹਨ ਪਰ ਨਹਿਰੀ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ. ਡੀ. ਓ. ਗੁਨਦੀਪ ਸਿੰਘ ਨੇ ਦੱਸਿਆ ਕਿ ਜ਼ਿਆਦਾ ਬਾਰਿਸ਼ ਪੈਣ ਕਰ ਕੇ ਨਹਿਰ ’ਚ ਪਾਡ਼ ਪੈ ਗਏ ਹਨ ਅਤੇ ਇਸ ਬਾਰੇ ਹਰਿਆਣਾ ਦੇ ਨਹਿਰੀ ਅਫਸਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪਾਣੀ ਬੰਦੀ ਹੋਣ ’ਤੇ ਜਲਦੀ ਹੀ ਪਾਡ਼ਾਂ ਨੂੰ ਪੂਰ ਦਿੱਤਾ ਜਾਵੇਗਾ।
ਕਾਰ ਤੇ ਪਿੱਕਅਪ ਦੀ ਟੱਕਰ ’ਚ 2 ਦੀ ਮੌਤ, 3 ਜ਼ਖ਼ਮੀ
NEXT STORY