ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ) : ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਪੜੋ ਪੰਜਾਬ, ਪੜਾਓ ਪੰਜਾਬ' ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਬਰਨਾਲਾ ਦੇ ਤਿੰਨ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਲੋਂ ਮੁਅੱਤਲ ਕਰ ਦਿੱਤਾ ਗਿਆ, ਜਿਸ ਦੇ ਰੋਸ 'ਚ ਅੱਜ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਬੀ. ਪੀ. ਈ. ਓ. ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਸਿੱਖਿਆ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਮੁੱਖ ਮੰਤਰੀ ਵਲੋਂ ਲਗਾਤਾਰ ਅਣਗੌਲਿਆ ਕਰਨ ਦੇ ਰੋਸ ਕਾਰਨ ਅਧਿਆਪਕ ਸੰਘਰਸ਼ ਕਮੇਟੀ ਵਲੋਂ ਸਰਕਾਰੀ ਸਕੂਲਾਂ 'ਚ ਚੱਲ ਰਹੇ ਗੈਰ-ਵਿੱਦਿਅਕ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜਾਓ ਪੰਜਾਬ' ਦਾ ਬਾਈਕਾਟ ਕਰਨ ਕਾਰਨ ਬੀ. ਪੀ. ਓ. ਲਛਮਣ ਸਿੰਘ (ਬਲਾਕ ਮਹਿਲ ਕਲਾਂ ਤੇ ਬਰਨਾਲਾ) ਵੱਲੋਂ ਚੰਨਣਵਾਲ ਦੇ ਸਿੱਖਿਆ ਪ੍ਰੋਵਾਈਡਰ ਰਮਨਦੀਪ ਰਾਣੀ ਤੇ ਈ. ਜੀ. ਐੱਸ. ਵਲੰਟੀਅਰ ਰਾਜਵੰਤ ਕੌਰ, ਸੰਧੂ ਪੱਤੀ ਦੇ ਈ. ਟੀ. ਟੀ.ਅਧਿਆਪਕਾ ਰੇਖਾ ਰਾਣੀ, ਹਰੀਗੜ੍ਹ ਦੇ ਸੀ. ਐੱਚ.ਟੀ.ਕਰਨੈਲ ਸਿੰਘ, ਹੋਸਟਲ ਬਰਨਾਲਾ ਦੇ ਸੀ. ਐੱਚ. ਟੀ. ਮੈਡਮ ਭੁਪਿੰਦਰ ਕੌਰ ਨੂੰ ਮੁਅੱਤਲ ਕਰਨ ਅਤੇ ਬਲਾਕ ਸ਼ਹਿਣਾ ਦੇ ਬੀ. ਪੀ. ਓ. ਕਰਮਜੀਤ ਸਿੰਘ ਦੁਆਰਾ ਚੀਮਾ ਦੇ ਸੀ. ਐੱਚ. ਟੀ. ਚੰਨਣ ਸਿੰਘ ਤੇ ਈ. ਟੀ. ਟੀ. ਅਧਿਆਪਕ ਹਰਵਿੰਦਰ ਸਿੰਘ ਨੂੰ ਮੁਅੱਤਲ ਕਰਨ ਤੋਂ ਭੜਕੇ ਅਧਿਆਪਕਾਂ ਨੇ ਬੀ. ਪੀ. ਓ. ਬਰਨਾਲਾ ਦਾ ਘਿਰਾਓ ਕੀਤਾ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੋਲਦਿਆਂ ਅਧਿਆਪਕ ਸੰਘਰਸ਼ ਕਮੇਟੀ ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਧਿਆਪਕਾਂ ਤੇ ਸਕੂਲਾਂ 'ਤੇ ਬਜਟ ਖਰਚ 'ਤੇ ਹੱਥ ਖਿੱਚ ਰਹੀ ਹੈ ਤੇ ਦੂਜੇ ਪਾਸੇ ਪੜ੍ਹੋ ਪੰਜਾਬ ਦੇ ਅਖੌਤੀ ਪ੍ਰਾਜੈਕਟ 'ਚ ਸਰਕਾਰ ਫਾਲਤੂ ਦਾ ਪੈਸਾ ਵਹਾ ਰਹੀ ਹੈ। ਇਸ ਦੇ ਨਾਲ ਹੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਸੈਂਕੜੇ ਅਧਿਆਪਕਾਂ ਨੂੰ ਸਕੂਲਾਂ 'ਚੋਂ ਬਾਹਰ ਕੱਢ ਕੇ ਗਰੀਬ ਬੱਚਿਆਂ ਕੋਲੋਂ ਪੜ੍ਹਾਈ ਦਾ ਹੱਕ ਖੋਹ ਰਹੀ ਹੈ ਤੇ ਵਿਦਿਆਰਥੀਆਂ ਨੂੰ ਮੁੱਢਲੀਆਂ ਸਹੂਲਤਾਂ ਕਿਤਾਬਾਂ, ਵਰਦੀਆਂ, ਵਜ਼ੀਫ਼ੇ ਤੇ ਸਕੂਲਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਬਜਾਏ ਸਕੂਲਾਂ ਨੂੰ ਨਿੱਜੀ ਹੱਥਾਂ 'ਚ ਦੇਣ ਲਈ ਪੱਬਾਂ ਭਾਰ ਹੈ ਪਰ ਪੰਜਾਬ ਦੇ ਅਧਿਆਪਕਾਂ ਦੀ ਬਣੀ ਲਹਿਰ ਸਰਕਾਰ ਨੂੰ ਇਸ ਮਨਸੂਬੇ 'ਚ ਕਾਮਯਾਬ ਨਹੀਂ ਹੋਣ ਦੇਵੇਗੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ 'ਤੇ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਿਹਨਤ ਨਾਲ ਪੜ੍ਹਾਈ ਕਰਾ ਰਹੇ ਅਧਿਆਪਕਾਂ ਦੇ ਅਕਸ ਨੂੰ ਲੋਕਾਂ 'ਚ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੰਜਾਬ ਦੇ ਸਮੁੱਚੇ ਅਧਿਆਪਕ ਹੁਣ ਸਰਕਾਰ ਦੇ ਇਸ ਜਬਰ ਤੇ ਸਿੱਖਿਆ ਦੇ ਨਿੱਜੀਕਰਨ ਖਿਲਾਫ਼ ਪੰਜਾਬ ਦੇ ਸਮੁੱਚੇ ਅਧਿਆਪਕ ਇਕਜੁੱਟ ਹੋ ਗਏ ਹਨ, ਜਿਨ੍ਹਾਂ ਨਾਲ ਪੰਜਾਬ ਦੇ ਸਮੁੱਚੇ ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ, ਮਾਪੇ ਤੇ ਮੁਲਾਜ਼ਮ ਫੈੱਡਰੇਸ਼ਨਾਂ ਅਧਿਆਪਕਾਂ ਦੇ ਸੰਘਰਸ਼ 'ਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹਨ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
NEXT STORY