ਮਾਨਸਾ, (ਜੱਸਲ)- ਜ਼ਮੀਨ ਬਚਾਓ ਲਹਿਰ ਦੇ ਨੇਤਾ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ ਕਤਲ ਦੇ ਮਾਮਲੇ ’ਚ ਹਰਿਆਣਾ ਦੀ ਫਤਿਆਬਾਦ ਮਾਣਯੋਗ ਸੈਸ਼ਨ ਅਦਾਲਤ ਨੇ ਇਕ ਹੋਰ ਦੋਸ਼ੀ ਤੱਤਕਾਲੀ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ ਉਮਰ ਕੈਦ ਦੀ ਸਜ਼ਾ ਅਤੇ 15000 ਰੁਪਏ ਜੁਰਮਾਨਾ ਸੁਣਾ ਕੇ ਜੇਲ ਭੇਜ ਦਿੱਤਾ ਹੈ। ਇਸ ਮਾਮਲੇ ’ਚ ਲੰਘੇ ਕੱਲ ਮਾਣਯੋਗ ਅਦਾਲਤ ਨੇ ਤੱਤਕਾਲੀ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਪਰ ਇਸ ਮਾਮਲੇ ’ਚ ਅੱਜ ਸਜ਼ਾ ਕੀਤੀ ਜਾਣੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗਡ਼੍ਹ, ਅਤੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਫਤਿਹਾਬਾਦ ਦੀ ਸੈਸ਼ਨ ਅਦਾਲਤ ਨੇ ਜ਼ਮੀਨ ਬਚਾਓ ਲਹਿਰ ਦੇ ਨੇਤਾ ਪ੍ਰਿਥੀਪਾਲ ਸਿੰਘ ਚੱਕਅਲੀਸ਼ੇਰ ਦੇ ਕਤਲ ਦੇ ਇਕ ਹੋਰ ਦੋਸ਼ੀ ਸੁਭਾਸ਼ ਮਿੱਤਲ ਨੂੰ ਉਮਰ ਕੈਦ ਦੀ ਸਜ਼ਾ ਅਤੇ 15000 ਰੁਪਏ ਜੁਰਮਾਨਾ ਸੁਣਾ ਕੇ ਜੇਲ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਫਤਿਹਾਬਾਦ ਦੀ ਸੈਸ਼ਨ ਅਦਾਲਤ ਇਸੇ ਕੇਸ ਦੇ ਬਾਕੀ 6 ਦੋਸ਼ੀਆਂ ਨੂੰ ਪਹਿਲਾਂ ਹੀ ਫਰਵਰੀ 2015 ਵਿਚ ਉਮਰਕੈਦ ਦੀ ਸਜ਼ਾ ਸੁਣਾ ਚੁੱਕੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 11 ਅਕਤੂਬਰ 2010 ਨੂੰ ਮਾਨਸਾ ਦਾ ਨਾਇਬ ਤਹਿਸੀਲਦਾਰ ਸ਼ੁਭਾਸ਼ ਮਿੱਤਲ, ਆਡ਼੍ਹਤੀਏ ਰਾਮ ਕ੍ਰਿਸ਼ਨ ਦਾ ਸਿਰਫ਼ 2 ਲੱਖ ਰੁਪਏ ਦਾ ਕਰਜ਼ਾ ਨਾ ਮੋਡ਼ ਸਕਣ ਦੇ ਬਦਲੇ ਵਿਚ ਬੀਰੋਕੇ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਸਵਾ ਏਕਡ਼ (10 ਕਨਾਲ) ਜ਼ਮੀਨ ਨੀਲਾਮ ਕਰਵਾਉਣ ਗਿਆ ਸੀ। ਇਸ ਨੀਲਾਮੀ ਦਾ ਜਥੇਬੰਦੀ ਸਖਤ ਵਿਰੋਧ ਕਰ ਰਹੀ ਸੀ। ਇਸ ਮੌਕੇ ਤਹਿਸੀਲਦਾਰ ਦੀ ਹਾਜ਼ਰੀ ’ਚ ਹੀ ਆਡ਼੍ਹਤੀਏ ਰਾਮ ਕ੍ਰਿਸ਼ਨ ਤੇ ਉਸ ਦੀ ਹਮਾਇਤ ਵਿਅਕਤੀਆਂ ਨੇ ਕਿਸਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਜਿਨ੍ਹਾਂ ਨਾਲ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਸ਼ਹੀਦ ਹੋ ਗਿਆ ਸੀ ਤੇ ਤਰਸੇਮ ਸਿੰਘ ਅਤੇ ਲਛਮਣ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਬੀਕੇਯੂ (ਡਕੌਂਦਾ) ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਜ਼ੋਰਦਾਰ ਸੰਘਰਸ਼ ਸਦਕਾ ਆਡ਼੍ਹਤੀਏ ਰਾਮ ਕ੍ਰਿਸ਼ਨ, ਉਸ ਦੇ ਭਰਾ ਵਿਜੈ ਕੁਮਾਰ, ਪੁੱਤਰ ਪ੍ਰਵੀਨ ਕੁਮਾਰ, ਭਤੀਜੇ ਮਾਘੀ ਰਾਮ ਅਤੇ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਸਮੇਤ 7 ਵਿਅਕਤੀਆਂ ’ਤੇ ਪ੍ਰਿਥੀਪਾਲ ਸਿੰਘ ਦੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਇਹ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ ਭਾਵੇਂ ਉਸ ਸਮੇਂ ਜ਼ਿਲਾ ਪੁਲਸ ਵਲੋਂ ਨਿਰਦੋਸ਼ ਕਰਾਰ ਦੇ ਕੇ ਕੇਸ ’ਚੋਂ ਕੱਢ ਦਿੱਤਾ ਸੀ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੀਤੀ ਲੰਬੀ ਕਾਨੂੰਨੀ ਜੱਦੋ ਜਹਿਦ ਤੋਂ ਬਾਅਦ ਇਸ ’ਤੇ ਮੁਡ਼ ਕੇਸ ਚਾਲੂ ਕਰਵਾਇਆ ਗਿਆ। ਜਿਸ ’ਤੇ ਅੱਜ ਫਤਿਆਬਾਦ ਦੇ ਮਾਣਯੋਗ ਸੈਸ਼ਨ ਜੱਜ ਰਾਜਿੰਦਰ ਸਿੰਘ ਟਾਡਾ ਦੀ ਅਦਾਲਤ ਨੇ ਮੁਦੱਈ ਪੱਖ ਦੇ ਵਕੀਲ ਸੂਬਾ ਸਿੰਘ ਦੰਦੀਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅੱਜ ਇਸ ਤਹਿਸੀਲਦਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਿਸ ਦੇ ਸਿੱਟੇ ਵਜੋਂ ਬੀਕੇਯੂ (ਡਕੌਂਦਾ) ਵੱਲੋਂ ਪੂਰੀ ਗੰਭੀਰਤਾ ਨਾਲ ਕੇਸ ਦੀ ਪੈਰਵਾਈ ਕਰਨ ਦੇ ਸਿੱਟੇ ਵਜੋਂ 2011 ਵਿਚ ਅਦਾਲਤ ਨੇ ਸੁਭਾਸ਼ ਮਿੱਤਲ ਨੂੰ ਤਲਬ ਕਰ ਕੇ ਪਹਿਲੀਆਂ ਧਾਰਾਵਾਂ ਅਧੀਨ ਹੀ ਮੁਕੱਦਮਾ ਕਾਇਮ ਰੱਖਣ ਦੇ ਹੁਕਮ ਸੁਣਾਏ ਸਨ। ਉਨ੍ਹਾਂ ਦੱਸਿਆ ਕਿ ਅੱਜ ਅਦਾਲਤ ਨੇ ਸੁਭਾਸ਼ ਮਿੱਤਲ ਨੂੰ ਉਮਰ ਕੈਦ ਦੀ ਸਜ਼ਾ ਅਤੇ 15000 ਰੁਪਏ ਜੁਰਮਾਨਾ ਦੀ ਸਜ਼ਾ ਸੁਣਾਕੇ ਜੇਲ ਭੇਜ ਦਿੱਤਾ ਹੈ। ਇਸ ਮੌਕੇ ਜ਼ਿਲਾ ਵਿੱਤ ਸਕੱਤਰ ਦੇਵੀਰਾਮ ਰੰਘਡ਼ਿਆਲ, ਬਲਾਕ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ, ਬਲਾਕ ਮੀਤ ਪ੍ਰਧਾਨ ਮਹਿੰਦਰ ਸਿੰਘ ਕੁਲਰੀਆਂ, ਬਲਾਕ ਕਮੇਟੀ ਮੈਂਬਰ ਤਰਸੇਮ ਸਿੰਘ ਚੱਕ ਅਲੀਸ਼ੇਰ ਆਦਿ ਹਾਜ਼ਰ ਸਨ।
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ ਲੱਖਾਂ ਰੁਪਏ, 6 ਨਾਮਜ਼ਦ
NEXT STORY