ਚੰਡੀਗੜ੍ਹ(ਬਿਊਰੋ) : ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ 'ਤੇ ਪੰਜਾਬ ਨਾਲ ਖ਼ਾਸ ਤੌਰ 'ਤੇ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਸਹਿਯੋਗ ਕਰਨ ਲਈ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਓ ਫੈਰਲ ਦੀ ਤਜਵੀਜ਼ 'ਤੇ ਹੁੰਗਾਰਾ ਭਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਲਿਜਾਇਆ ਜਾ ਸਕੇ।
ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ
ਓ ਫ਼ੈਰਲ ਦੀ ਅਗਵਾਈ ਵਿੱਚ ਮੈਂਬਰ ਪਾਰਲੀਮੈਂਟ ਗੁਰਮੇਸ਼ ਸਿੰਘ ਅਤੇ ਦੂਜੇ ਸਕੱਤਰ ਸਿਆਸੀ ਜੈਕ ਟੇਲਰ ਸਮੇਤ ਤਿੰਨ ਮੈਂਬਰੀ ਆਸਟਰੇਲੀਆਈ ਵਫ਼ਦ ਨੇ ਅੱਜ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਭਗਵੰਤ ਮਾਨ ਨੂੰ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤਾ (ਇੰਡਆਸ ਈਸੀਟੀਏ) ਬਾਰੇ ਜਾਣੂੰ ਕਰਵਾਉਂਦੇ ਹੋਏ ਓ ਫੈਰਲ ਨੇ ਕਿਹਾ ਕਿ ਇੰਡਆਸ ਈਸੀਟੀਏ 10 ਸਾਲਾਂ ਵਿੱਚ ਵਿਸ਼ਾਲ ਤੇ ਵਿਕਸਤ ਅਰਥਵਿਵਸਥਾ ਨਾਲ ਭਾਰਤ ਦਾ ਪਹਿਲਾ ਦੁਵੱਲਾ ਵਪਾਰ ਸਮਝੌਤਾ ਹੈ, ਜਿਸ ਦਾ ਮਨੋਰਥ ਦੋ-ਪੱਖੀ ਵਪਾਰ ਨੂੰ ਦੁੱਗਣਾ ਕਰਨਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਦਾ ਟੀਚਾ ਸਾਲ 2035 ਤੱਕ ਭਾਰਤ ਨੂੰ ਆਪਣੇ ਚੋਟੀ ਦੇ ਤਿੰਨ ਬਰਾਮਦ ਬਾਜ਼ਾਰਾਂ ਵਿੱਚ ਲਿਆਉਣਾ।
ਇਹ ਵੀ ਪੜ੍ਹੋ: ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ
ਓ ਫੈਰਲ ਨੇ ਅੱਗੇ ਦੱਸਿਆ ਕਿ ਪੰਜਾਬ ਨੂੰ ਆਸਟ੍ਰੇਲੀਆ ਨਾਲ ਖਾਸ ਤੌਰ 'ਤੇ ਖੇਤੀਬਾੜੀ ਅਤੇ ਖੇਤੀ-ਉਦਯੋਗ ਦੇ ਖੇਤਰ ਵਿੱਚ ਸਹਿਯੋਗ ਕਰਨ ਨਾਲ ਬਹੁਤ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਇਸ ਦੇ ਅਗਾਂਹਵਧੂ ਕਿਸਾਨਾਂ ਕੋਲ ਭੋਜਨ ਉਤਪਾਦਨ ਵਿੱਚ ਵਿਸ਼ਾਲ ਤਜਰਬੇ ਅਤੇ ਮੁਹਾਰਤ ਦਾ ਪਰਖਿਆ ਹੋਇਆ ਰਿਕਾਰਡ ਹੈ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੇ ਉੱਦਮੀ ਅਤੇ ਮਿਹਨਤੀ ਸੁਭਾਅ ਕਾਰਨ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂ.ਕੇ., ਅਮਰੀਕਾ, ਇਟਲੀ ਆਦਿ ਸਮੇਤ ਦੁਨੀਆ ਭਰ ਦੇ ਸਾਰੇ ਪ੍ਰਮੁੱਖ ਦੇਸ਼ਾਂ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਇਸ ਵਿਚਾਰ-ਵਟਾਂਦਰੇ ਦੇ ਹਾਂ-ਪੱਖੀ ਨਤੀਜਿਆਂ 'ਤੇ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਵਫ਼ਦ ਨੂੰ ਇਨ੍ਹਾਂ ਆਪਸੀ ਤਜਵੀਜ਼ਾਂ ਨੂੰ ਜ਼ਮੀਨੀ ਪੱਧਰ ਉਤੇ ਅਮਲੀਜਾਮਾ ਪਹਿਨਾਉਣ ਲਈ ਆਪਣੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਦੀ ਅਗਵਾਈ ਵਾਲੇ ਅਧਿਕਾਰੀਆਂ ਦੀ ਟੀਮ ਦੇ ਸੰਪਰਕ ਵਿੱਚ ਰਹਿਣ ਲਈ ਆਖਿਆ।
ਮੁਲਾਕਾਤ ਮਗਰੋਂ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਆਖਿਆ ਕਿ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨਾਲ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਆਸਟ੍ਰੇਲੀਆ ਵਿੱਚ ਖੇਤੀ ਤੇ ਹੋਰ ਚੀਜ਼ਾਂ ਲਈ ਮਾਡਰਨ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਪੰਜਾਬ ਦੇ ਮੌਸਮ ਅਤੇ ਹਾਲਾਤ ਅਨੁਸਾਰ ਇਨ੍ਹਾਂ ਤਕਨੀਕਾਂ ਨੂੰ ਇੱਥੇ ਵੀ ਲਾਗੂ ਕਰਾਂਗੇ ਅਤੇ ਖੇਤੀ ਨੂੰ ਮੁੜ ਤੋਂ ਲਾਹੇਵੰਦ ਧੰਦਾ ਬਣਾਵਾਂਗੇ।
ਨੋਟ : ਤੁਸੀਂ ਇਸ ਮੁਲਾਕਾਤ ਨੂੰ ਕਿਵੇਂ ਵੇਖਦੇ ਹੋ ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ਰੇਆਮ ਨਸ਼ਾ ਵੇਚਣ ਦੀ ਵਾਇਰਲ ਵੀਡੀਓ ਨੂੰ ਲੈ ਕੇ ਪੁਲਸ ਦੀ ਵੱਡੀ ਕਾਰਵਾਈ, 7 ਨੂੰ ਕੀਤਾ ਕਾਬੂ
NEXT STORY