ਮੋਹਾਲੀ, (ਕੁਲਦੀਪ ਸਿੰਘ)- ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਇਕ ਭ੍ਰਿਸ਼ਟਾਚਾਰ ਦੇ ਕੇਸ 'ਚ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਕੰਪਨੀ ਦੇ ਅਧਿਕਾਰੀ ਰਾਮ ਕਿਸ਼ਨ ਵਾਸੀ ਹੁਸ਼ਿਆਰਪੁਰ ਨੂੰ ਸ਼ੁੱਕਰਵਾਰ ਇਹ ਸਜ਼ਾ ਸੀ. ਬੀ. ਆਈ. ਦੇ ਜੱਜ ਹਰਜੀਤ ਸਿੰਘ ਦੀ ਅਦਾਲਤ ਵੱਲੋਂ ਸੁਣਾਈ ਗਈ ਹੈ। ਮਾਣਯੋਗ ਅਦਾਲਤ ਨੇ ਦੋਸ਼ੀ ਨੂੰ 15 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।
ਜਾਣਕਾਰੀ ਮੁਤਾਬਕ ਸਾਲ 2015 'ਚ ਜਨਰੇਟਰਾਂ ਦੇ ਇਕ ਪ੍ਰਾਈਵੇਟ ਕਾਰੋਬਾਰੀ ਇੰਦਰਜੀਤ ਸਿੰਘ ਵਾਸੀ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਅਧਿਕਾਰੀ ਰਾਮ ਕਿਸ਼ਨ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਇੰਦਰਜੀਤ ਸਿੰਘ ਦੇ ਜਨਰੇਟਰ ਉਕਤ ਕੰਪਨੀ ਦੇ ਦਫ਼ਤਰ 'ਚ ਲੱਗੇ ਹੋਏ ਸਨ, ਜਿਨ੍ਹਾਂ ਦਾ ਕਿਰਾਏ ਦਾ ਕੰਟਰੈਕਟ ਖਤਮ ਹੋ ਗਿਆ ਸੀ। ਉਸ ਕੰਟਰੈਕਟ ਨੂੰ ਅੱਗੇ ਚਲਾਉਣ ਦੇ ਬਦਲੇ ਉਸ ਕੋਲੋਂ ਰਿਸ਼ਵਤ ਮੰਗੀ ਗਈ ਸੀ।
ਇਸ ਦੀ ਸ਼ਿਕਾਇਤ ਸੀ. ਬੀ. ਆਈ. ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਖਿਲਾਫ 27 ਮਈ 2015 ਨੂੰ ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਦੀ ਧਾਰਾ 13 (1) (ਡੀ) ਰੈੱਡ ਵਿੱਦ ਸੈਕਸ਼ਨ 13(2) ਦੇ ਤਹਿਤ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। ਕੇਸ ਦੀ ਸੁਣਵਾਈ ਉਕਤ ਅਦਾਲਤ ਵਿਚ ਚੱਲ ਰਹੀ ਸੀ, ਜਿਸ ਕਾਰਨ ਸ਼ੁੱਕਰਵਾਰ ਮੁਲਜ਼ਮ ਨੂੰ ਸਜ਼ਾ ਸੁਣਾ ਦਿੱਤੀ ਗਈ। ਮੁਲਜ਼ਮ ਇਸ ਸਮੇਂ ਜ਼ਮਾਨਤ 'ਤੇ ਚੱਲ ਰਿਹਾ ਸੀ।
ਨਾਭਾ ਨਗਰ ਕੌਂਸਲ ਦਫਤਰ 'ਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
NEXT STORY