ਜਲਾਲਾਬਾਦ, (ਟੀਨੂੰ, ਦੀਪਕ)– ਹਲਕਾ ਜਲਾਲਾਬਾਦ ਵਿਚ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਦੀ ਮਿਸਾਲ ਬੀਤੀ ਰਾਤ ਨੂੰ ਸਥਾਨਕ ਥਾਣਾ ਸਿਟੀ ਦੇ ਨਜ਼ਦੀਕ ਚੋਰਾਂ ਵੱਲੋਂ ਦੁਕਾਨ ’ਚ ਕੀਤੀ ਗਈ ਚੋਰੀ ਤੋਂ ਮਿਲਦੀ ਹੈ। ਇਥੇ ਪਹਿਲਾਂ ਦੱਸਣਯੋਗ ਗੱਲ ਹੈ ਕਿ ਚੋਰਾਂ ਵੱਲੋਂ ਇਸੇ ਦੁਕਾਨ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਅਤੇ ਹਰ ਵਾਰ ਚੋਰ ਦੁਕਾਨ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਦੁਕਾਨ ਦੇ ਮਾਲਕ ਹਰੀਸ਼ ਮਿੱਢਾ ਪੁੱਤਰ ਹੰਸ ਰਾਜ ਵਾਸੀ ਇੰਦਰ ਨਗਰੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਰਾਤ ਆਪਣੀ ਦੁਕਾਨ ਜੋ ਕਿ ਥਾਣਾ ਸਿਟੀ ਦੇ ਨਜ਼ਦੀਕ ਪਿੰਡ ਕਮਰੇ ਵਾਲਾ ਰੋਡ ’ਤੇ ਸਥਿਤ ਹੈ, ਦੇ ਸ਼ਟਰ ਨੂੰ ਤਾਲਾ ਲਗਾ ਕੇ ਗਿਆ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਅੰਦਰ ਦੇਖਿਆ ਕਿ ਅੰਦਰ ਲੱਗੇ ਦਰਵਾਜ਼ੇ ਨੂੰ ਲੱਗਿਆ ਹੋਇਆ ਤਾਲਾ ਟੁੱਟਿਆ ਪਿਆ ਸੀ ਅਤੇ ਜਾਂਚ-ਪਡ਼ਤਾਲ ਕਰਨ ’ਤੇ ਪਤਾ ਲੱਗਿਆ ਕਿ ਉਕਤ ਤਾਲਾ ਚੋਰਾਂ ਵੱਲੋਂ ਤੋਡ਼ਿਆ ਗਿਆ ਹੈ ਅਤੇ ਚੋਰ ਦੁਕਾਨ ’ਚੋਂ ਇਨਵਰਟਰ, ਬੈਟਰਾ, 1 ਭਰਿਆ ਹੋਇਆ ਗੈਸ ਸਿਲੰਡਰ, 1 ਜੂਸਰ ਅਤੇ ਲਗਭਗ 800 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ। ਦੁਕਾਨ ਮਾਲਕ ਹਰੀਸ਼ ਮਿੱਢਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੋਈਆਂ ਚੋਰੀਆਂ ਸਬੰਧੀ ਉਸ ਨੇ ਥਾਣਾ ਸਿਟੀ ਪੁਲਸ ਨੂੰ ਦਰਖਾਸਤਾਂ ਦੁਆਰਾ ਇਤਲਾਹ ਦਿੱਤੀ ਗਈ ਹੈ ਪਰ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਹਰੀਸ਼ ਮਿੱਢਾ ਨੇ ਪੰਜਾਬ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਵਿਰੋਧ ’ਚ ਹਸਪਤਾਲ ਸਟਾਫ ਨੇ ਦਿੱਤਾ ਧਰਨਾ
NEXT STORY