ਪਟਿਆਲਾ, (ਬਲਜਿੰਦਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਪਿਛਲੇ ਕੁੱਝ ਸਮੇਂ ਤੋਂ ਵਾਹਨ ਚੋਰਾਂ ਨੇ ਦਹਿਸ਼ਤ ਮਚਾਈ ਹੋਈ ਹੈ। ਜੇਕਰ ਦਸੰਬਰ ਮਹੀਨੇ ਪੁਲਸ ਵੱਲੋਂ ਦਰਜ ਕੇਸਾਂ ਦੀ ਗੱਲ ਕਰੀਏ ਤਾਂ ਪਟਿਆਲਾ ਸ਼ਹਿਰ ਵਿਚ ਰੋਜ਼ਾਨਾ ਇਕ ਵਾਹਨ ਚੋਰੀ ਹੋ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਚੋਰਾਂ ਵੱਲੋਂ ਸਮੁੱਚੇ ਸ਼ਹਿਰ ’ਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਆਮ ਤੌਰ ’ਤੇ ਸਕੂਟਰ ਅਤੇ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਜ਼ਿਆਦਾ ਹਨ। ਦਸੰਬਰ ਮਹੀਨੇ ਵਿਚ ਚੋਰਾਂ ਨੇ ਵੱਡੀ ਗਿਣਤੀ ਵਿਚ ਵੱਖ-ਵੱਖ ਥਾਵਾਂ ਤੋਂ ਕਾਰਾਂ ਚੋਰੀ ਕੀਤੀਆਂ। ਉਂਝ ਪਟਿਆਲਾ ਪੁਲਸ ਵੱਲੋਂ ਅੰਨ੍ਹੇ ਕਤਲ, ਸ਼ਰਾਬ ਮਾਫੀਆ ਤੇ ਜੂਆ ਮਾਫੀਆ ਆਦਿ ’ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਗਿਆ ਹੈ। ਵਾਹਨ ਚੋਰ ਕਾਬੂ ਨਹੀਂ ਆ ਰਹੇ। ਕਈ ਘਟਨਾਵਾਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋਈਆਂ ਹਨ। ਪੁਲਸ ਅਜੇ ਤੱਕ ਉਨ੍ਹਾਂ ਨੂੰ ਫਡ਼ਨ ਵਿਚ ਸਫਲ ਨਹੀਂ ਹੋ ਸਕੀ। ਪਿਛਲੇ ਸਮੇਂ ਦੌਰਾਨ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ 2 ਚੋਰਾਂ ਨੂੰ ਗ੍ਰਿਫਤਾਰ ਕਰ ਕੇ 10 ਮੋਟਰਸਾਈਕਲ ਬਰਾਮਦ ਕੀਤੇ ਸਨ। ਇਸ ਦੇ ਬਾਵਜੂਦ ਵੀ ਵਾਹਨ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।
1 ਮਹੀਨੇ ’ਚ ਹੋਈਆਂ 9 ਕਾਰਾਂ ਚੋਰੀ
ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ 1 ਮਹੀਨੇ ਵਿਚ 9 ਕਾਰਾਂ ਚੋਰੀ ਹੋਈਆਂ। ਇਨ੍ਹਾਂ ਵਿਚ ਪੈਲੇਸਾਂ, ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰੋਂ ਅਤੇ ਬਾਰਾਂਦਰੀ ਵਿਚ ਸੈਰ ਕਰਨ ਵਾਲਿਆਂ ਦੀਆਂ ਕਾਰਾਂ ਚੋਰੀ ਹੋਣ ਦੇ ਕੇਸ ਦਰਜ ਹੋਏ ਹਨ। ਇਹ ਉਹ ਅੰਕਡ਼ਾ ਹੈ, ਜਿਹਡ਼ਾ ਪੁਲਸ ਵੱਲੋਂ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਮੋਟਰਸਾਈਕਲ ਤੇ ਸਕੂਟਰ ਚੋਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ। ਦਸੰਬਰ ਮਹੀਨੇ ਵਿਚ ਚੋਰਾਂ ਨੇ ਵੱਡੀ ਗਿਣਤੀ ’ਚ ਕਾਰਾਂ ਚੋਰੀ ਕਰ ਕੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਤੱਕ ਮੈਰਿਜ ਪੈਲੇਸ ਦੇ ਬਾਹਰੋਂ ਕਾਰ ਚੋਰੀ ਦੀ ਕੋਈ ਇੱਕਾ-ਦੁੱਕਾ ਘਟਨਾ ਸੁਣੀ ਜਾਂਦੀ ਸੀ। ਦਸੰਬਰ ਮਹੀਨੇ ਵਿਚ ਸਪਰਿੰਗ ਫੀਲਡ, ਚਹਿਲ ਪੈਲੇਸ, ਸ਼੍ਰੀ ਕਾਲੀ ਮਾਤਾ ਮੰਦਰ ਆਦਿ ਥਾਵਾਂ ਤੋਂ ਕਾਰਾਂ ਚੋਰੀ ਹੋਣ ਦੇ ਕੇਸ ਦਰਜ ਕੀਤੇ ਗਏ। ਮੈਰਿਜ ਪੈਲੇਸਾਂ ਦੇ ਬਾਹਰ ਗਾਰਡ ਤਾਇਨਾਤ ਹੁੰਦੇ ਹਨ। ਇਸ ਦੇ ਬਾਵਜੂਦ ਚੋਰ ਉਥੋਂ ਵੀ ਵਾਹਨ ਚੋਰੀ ਕਰ ਕੇ ਲੈ ਗਏ। ਇਸੇ ਮਹੀਨੇ 11 ਮੋਟਰਸਾਈਕਲ ਅਤੇ ਇਕ ਟਰੈਕਟਰ ਵੀ ਚੋਰੀ ਹੋਇਆ।
ਧੁੰਦ ਅਤੇ ਠੰਡ ਆ ਰਹੀ ਐ ਚੋਰਾਂ ਨੂੰ ਰਾਸ
ਸ਼ਹਿਰ ਵਿਚ ਧੁੰਦ ਅਤੇ ਠੰਡ ਚੋਰਾਂ ਨੂੰ ਰਾਸ ਆ ਰਹੀ ਹੈ। ਦਸੰਬਰ ਵਿਚ ਸ਼ਾਮ ਨੂੰ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ। ਚੋਰਾਂ ਵੱਲੋਂ ਇਸ ਦਾ ਲਾਭ ਉਠਾ ਕੇ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸਰਦੀ ਦਾ ਮੌਸਮ ਕਰ ਕੇ ਜ਼ਿਆਦਾਤਰ ਲੋਕ ਸੈਰ ਕਰਨ ਅਤੇ ਆਪਣੇ ਕੰਮ-ਕਾਰਾਂ ਦੇ ਲਈ ਸਕੂਟਰਾਂ ਦੀ ਬਜਾਏ ਕਾਰਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਇਸ ਕਾਰਨ ਚੋਰਾਂ ਨੂੰ ਜ਼ਿਆਦਾ ਕਾਰਾਂ ਚੋਰੀ ਦਾ ਮੌਕਾ ਮਿਲ ਰਿਹਾ ਹੈ। ਦੂਜਾ ਧੁੰਦ ਕਾਰਨ ਵਾਹਨ ਜਲਦੀ ਟਿਕਾਣੇ ਲਾਉਣਾ ਅਾਸਾਨ ਰਹਿੰਦਾ ਹੈ।
ਭੀਡ਼-ਭਡ਼ੱਕੇ ਵਾਲੇ ਇਲਾਕਿਆਂ ’ਚੋਂ ਵੀ ਚੋਰੀ ਹੁੰਦੇ ਹਨ ਵਾਹਨ
ਚੋਰਾਂ ਵੱਲੋਂ ਨਾ ਕੇਵਲ ਮੈਰਿਜ ਪੈਲੇਸਾਂ ਦੇ ਬਾਹਰੋਂ ਸਗੋਂ ਭੀਡ਼-ਭਡ਼ੱਕੇ ਵਾਲੇ ਇਲਾਕਿਆਂ ਵਿਚੋਂ ਵੀ ਵਾਹਨ ਚੋਰੀ ਕੀਤੇ ਜਾ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਵਾਹਨ ਚੋਰੀ ਦੇ ਕੇਸ ਸਾਰੇ ਸ਼ਹਿਰ ਵਿਚ ਰਿਪੋਰਟ ਕੀਤੇ ਜਾ ਰਹੇ ਹਨ।
ਘਰਾਂ ਅਤੇ ਘੱਗਰ ਕੰਢੇ ਧਰਤੀ ਹੇਠ ਬਣਾਏ ਬੰਕਰਾਂ ’ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ
NEXT STORY