ਮੋਗਾ, (ਆਜ਼ਾਦ)- ਸਿਵਲ ਲਾਈਨ ਮੋਗਾ ਨਿਵਾਸੀ ਔਰਤ ਸੱਤੋ (56) ਵੱਲੋਂ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਫਾਈਨਾਂਸਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਇਲਾਵਾ ਕੁੱਟ-ਮਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕਾ ਦੇ ਬੇਟੇ ਅਨੁਜ ਪੁੱਤਰ ਤੇਜਪਾਲ ਵਾਸੀ ਸਿਵਲ ਲਾਈਨ ਮੋਗਾ ਦੇ ਬਿਆਨਾਂ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਫਾਈਨਾਂਸਰ ਸੁਰਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਨਚੰਦਾ ਕਾਲੋਨੀ ਮੋਗਾ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਜਾਂਚ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਨੁਜ ਨੇ ਕਿਹਾ ਕਿ ਉਹ ਕਥਿਤ ਦੋਸ਼ੀ ਦੀ ਗਿੱਲ ਰੋਡ 'ਤੇ ਸਥਿਤ ਫਾਈਨਾਂਸ ਕੰਪਨੀ 'ਚ 8 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਨਖਾਹ 'ਤੇ ਕੰਮ ਕਰਦਾ ਹੈ। 2018 'ਚ ਆਪਣੇ ਵਿਆਹ ਸਮੇਂ ਆਪਣੇ ਮਾਲਕਾਂ ਤੋਂ 3 ਲੱਖ ਰੁਪਏ ਉਧਾਰ ਲਏ ਸਨ, ਜੋ ਉਸ ਨੇ ਤਨਖਾਹ 'ਚੋਂ ਹੌਲੀ-ਹੌਲੀ ਕਰ ਕੇ ਕੱਟਣੇ ਸਨ। ਉਸ ਨੂੰ ਕਰੀਬ 8 ਮਹੀਨੇ ਤੋਂ ਤਨਖਾਹ ਵੀ ਨਹੀਂ ਦਿੱਤੀ ਗਈ । ਫਾਈਨਾਂਸਰ ਸੁਰਿੰਦਰ ਸਿੰਘ 20 ਜਨਵਰੀ, 2019 ਨੂੰ ਕੈਨੇਡਾ ਤੋਂ ਕਰੀਬ ਇਕ ਸਾਲ ਬਾਅਦ ਵਾਪਸ ਆਇਆ ਤੇ ਉਸ ਨੇ ਪੈਸਿਆਂ ਦੀ ਮੰਗ ਕੀਤੀ ਤੇ ਇਸੇ ਗੱਲ ਨੂੰ ਲੈ ਕੇ ਉਸ ਨੇ ਤੰਗ-ਪ੍ਰੇਸ਼ਾਨ ਕਰਨ ਦੇ ਇਲਾਵਾ ਕੁੱਟ-ਮਾਰ ਵੀ ਕੀਤੀ ਤੇ ਉਸ ਨੇ ਸਕੂਟਰੀ ਵੀ ਆਪਣੇ ਕੋਲ ਰੱਖ ਲਈ। ਨੌਜਵਾਨ ਦੀ ਮਾਤਾ ਸੱਤੋ ਨੇ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਤੇ ਸਮਝਾਉਣ ਦਾ ਵੀ ਯਤਨ ਕੀਤਾ। ਬੀਤੀ 20 ਫਰਵਰੀ ਨੂੰ ਕਥਿਤ ਦੋਸ਼ੀ ਸੁਰਿੰਦਰ ਸਿੰਘ ਉਨ੍ਹਾਂ ਦੇ ਘਰ ਗਿਆ ਤੇ ਪੈਸੇ ਮੰਗਣ ਲਗਾ। ਨੌਜਵਾਨ ਤੇ ਉਸ ਦੀ ਮਾਤਾ ਦਾ ਕਹਿਣਾ ਸੀ ਕਿ ਉਹ ਗਰੀਬ ਹਨ ਤੇ ਉਨ੍ਹਾਂ ਦੇ ਪੈਸੇ ਜ਼ਰੂਰ ਵਾਪਸ ਕਰ ਦੇਣਗੇ। ਉਸ ਨੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਨੌਜਵਾਨ ਦੀ ਮਾਤਾ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਸ ਨੇ ਮਾਤਾ ਨੂੰ ਵੀ ਗਲਤ ਬੋਲਿਆ, ਜਿਸ ਕਾਰਨ ਉਸ ਦੀ ਮਾਤਾ ਸੱਤੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਈ ਤੇ ਇਸੇ ਕਾਰਨ ਉਸ ਦੀ ਮਾਂ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਨੌਜਵਾਨ ਨੇ ਕਿਹਾ ਕਿ ਉਸ ਦੀ ਮਾਤਾ ਦੀ ਮੌਤ ਲਈ ਫਾਈਨਾਂਸ ਕੰਪਨੀ ਦਾ ਮਾਲਕ ਸੁਰਿੰਦਰ ਸਿੰਘ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਜ਼ਿਲਾ ਸੰਗਰੂਰ 'ਚ ਆਯੋਜਿਤ 6 ਰੋਜ਼ਗਾਰ ਮੇਲਿਆਂ ਦੌਰਾਨ 3068 ਪ੍ਰਾਰਥੀਆਂ ਨੂੰ ਮਿਲੀਆਂ ਨੌਕਰੀਆਂ'
NEXT STORY