ਬਾਰ ਦਾ ਮਤਲਬ ਐ ਜੰਗਲ਼ੀ ਇਲਾਕਾ।ਬਾਰ ਦੀ ਪੰਜਾਬੀ ਯੂਨੀਵਰਸਿਟੀ ਸ਼ਬਦ ਕੋਸ਼ ਇਸ ਤਰ੍ਹਾਂ ਵਿਆਖਿਆ ਕਰਦਾ ਹੈ: 'ਪੰਜਾਬ ਵਿੱਚ ਉਜਾੜ ਥਾਵਾਂ ਨੂੰ ਜਿੱਥੇ ਵਣ ਕਰੀਰ ਵਗ਼ੈਰਾ ਹੁੰਦੇ ਸਨ, ਨੂੰ ਬਾਰਾਂ ਕਹਿੰਦੇ ਸਨ।ਜਿਹਾ ਸਾਂਦਲਬਾਰ, ਗੰਜੀ ਬਾਰ ਵਗੈਰਾ।ਹੁਣ ਇਹ ਬਾਰਾਂ ਨਹਿਰਾਂ ਨਾਲ ਆਬਾਦ ਹੋ ਗਈਆਂ ਹਨ।'
ਪੰਜਾਬ (ਪਾਕਿਸਤਾਨ) ਦੀਆਂ ਬਾਰਾਂ ਨੂੰ ਆਬਾਦ ਕਰਨ ਲਈ ਫ਼ਿਰੰਗੀ ਨੇ ਨਹਿਰਾਂ ਕੱਢ ਕੇ ਨਹਿਰੀ ਖਾਲਿਆਂ ਦੇ ਹਿਸਾਬ ਚੱਕ ਕੱਟੇ। ਇਨ੍ਹਾਂ ਨਹਿਰਾਂ ਦੇ ਖੱਬੇ ਪਾਸੇ ਪੈਂਦੇ ਖਾਲਿਆਂ ਤੇ ਕੱਟੇ ਚੱਕਾਂ ਨਾਲ L(ਭਾਵ ਖੱਬੇ ਪਾਸੇ) ਅਤੇ ਸੱਜੇ ਪਾਸੇ ਪੈਂਦੇ ਚੱਕਾਂ ਨਾਲ R(ਭਾਵ ਸੱਜੇ ਪਾਸੇ ) ਸਦੀਂਦਾ ਹੈ। ਪੰਜਾਬ ਤੋਂ ਫ਼ਿਰੰਗੀ ਫ਼ੌਜ ਚ ਬਹਾਦਰੀ ਦਿਖਾਉਣ ਵਾਲੇ ਫ਼ੌਜੀਆਂ,BA ਪਾਸ ਪੰਜਾਬੀਆਂ, ਸਫੈਦਪੋਸ਼ਾਂ, ਜ਼ੈਲਦਾਰਾਂ ਅਤੇ ਅਸਰ ਰਸੂਖ ਵਾਲੇ ਲੋਕਲ ਚੌਧਰੀਆਂ ਵਗੈਰਾ, ਨੂੰ ਬਾਰਾਂ ਵਿੱਚ ਮੁਰੱਬੇ ਅਲਾਟ ਕੀਤੇ। ਇਨ੍ਹਾਂ ਸਾਰੀਆਂ ਬਾਰਾਂ ਵਿਚ ਕੁੱਝ ਘੋੜੀ ਪਾਲ ਮੁਰੱਬੇ ਵੀ ਰਾਖਵੇਂ ਹੁੰਦੇ। ਜਿਨ੍ਹਾਂ ਵਿੱਚ ਮੁਰੱਬਾ ਮਾਲਕਾਂ ਨੂੰ ਸਰਕਾਰੀ ਅਹਿਦ ਮੁਤਾਬਿਕ ਸਰਕਾਰੀ ਘੋੜੀਆਂ ਪਾਲਣੀਆਂ ਪੈਂਦੀਆਂ ।ਗੋਰੇ ਘੋੜੀਆਂ ਨੂੰ ਆਵਾਜਾਈ ਅਤੇ ਘੋੜ ਚੜ੍ਹੇ ਫੌਜਾਂ ਲਈ ਇਸਤੇਮਾਲ ਕਰਦੇ। ਚੜ੍ਹਦੇ ਪੰਜਾਬ ਦੀ ਕਿਰਸਾਨੀ ਨੇ ਆਪਣੇ ਲਹੂ ਪਸੀਨੇ ਨਾਲ ਸਿੰਜ ਕੇ ਜੰਗਲ,ਥ੍ਹੋਰਾਂ,ਮਲਿਆਂ, ਟਿੱਬਿਆਂ ਨੂੰ ਸਾਫ਼ ਪੱਧਰਾ ਕਰ, ਬਾਰਾਂ ਨੂੰ ਆਬਾਦ ਕੀਤਾ। ਇਨ੍ਹਾਂ ਵਿਚ ਕਰੀਬ 80 ਫ਼ੀਸਦੀ ਚੜ੍ਹਦੇ ਪੁਰਾਣੇ ਪੰਜਾਬ 'ਚੋਂ ਸਿੱਖ ਕਿਸਾਨ ਸਨ। ਸਿੱਖ ਕਿਸਾਨਾਂ ਨੂੰ ਬਾਰਾਂ ਵਿੱਚ ਵਸਾਉਣ ਦਾ ਇਕ ਕਾਰਨ ਉਥੋਂ ਦੇ ਮੂਲ ਨਿਵਾਸੀ,ਆਪ ਹੁਦਰੇ ਜਾਂਗਲੀ ਲੋਕਾਂ ਨੂੰ ਨੱਥ ਪਾਉਣਾ ਵੀ ਸੀ। ਫ਼ਿਰੰਗੀ ਮੁਤਾਬਿਕ ਇਹ ਕੰਮ ਜੰਗਜੂ ਸਿਖ ਕਿਰਸਾਨੀ ਹੀ ਵਧੀਆ ਕਰ ਸਕਦੀ ਸੀ।
1-ਕਿੜਾਣਾ ਬਾਰ: 84 ਪਹਾੜੀਆਂ ਦੀ ਇਸ ਬਾਰ ਦੀ ਕਿੜਾਣਾ ਨਾਮੇ ਪਹਾੜੀ ਤੋਂ ਕਿੜਾਣਾ ਬਾਰ ਨਾਮ ਪਿਆ। ਮੁਕਾਬਲਤਨ, ਘੱਟ ਜਾਣੀ ਜਾਂਦੀ ਇਹ ਬਾਰ ਦਰਿਆ ਚਨਾਬ(ਝਨਾਂ) ਅਤੇ ਜੇਹਲਮ ਵਿਚਕਾਰ ਪੈਂਦੀ ਹੈ।ਪੂਰੇ ਇਲਾਕੇ ਚ ਦੂਰ-ਦੁਰਾਡੇ ਤੱਕ ਕੋਈ ਸ਼ਹਿਰ ਗਰਾਂ ਨਹੀਂ ਸੀ। ਕੇਵਲ ਦਰਿਆਵਾਂ ਦੇ ਨਾਲ ਨਾਲ ਕੁੱਝ ਵਿਰਲੇ ਟਾਂਵੇਂ ਪਿੰਡ ਸਨ।ਇਸ ਦੀ ਧੁੰਨੀ ਵਿੱਚ1905 'ਚ ਫ਼ਿਰੰਗੀ ਵਲੋਂ ਵਸਾਏ ਸਰਗੋਧਾ ਸ਼ਹਿਰ ਦੇ ਜ਼ਿਲ੍ਹੇ ਦਾ ਸਾਰਾ ਇਲਾਕਾ ਆਉਂਦਾ ਹੈ। ਇਸ ਬਾਰ ਵਿੱਚ ਬਹੁਤੇ ਘੋੜੀ- ਪਾਲ ਮੁਰੱਬੇ ਅਲਾਟ ਕੀਤੇ ।ਮਤਲਬ ਹਰ ਜ਼ਿਮੀਂਦਾਰ ਨੂੰ 2-2 ਮੁਰੱਬੇ ਅਲਾਟਮੈਂਟ ਦੇ ਨਾਲ ਫ਼ਿਰੰਗੀ ਫ਼ੌਜ ਲਈ ਇਕ ਘੋੜੀ ਅਤੇ ਉਸ ਦੇ ਅੱਗੇ ਬੱਚੇ ਪਾਲਣੇ ਵੀ ਲਾਜ਼ਮੀ ਸਨ। ਇਹ ਖਿੱਤਾ ਝੱਜ ਦੋਆਬ ਵਜੋਂ ਮਸ਼ਹੂਰ ਹੈ।ਇਹ ਮੁਕੰਮਲ ਬੇਆਬਾਦ ਪ੍ਰਾਚੀਨ ਥੇਹ ਰਹੀ ਬਾਰ ਗੋਰਾ ਸਰਕਾਰ ਵਲੋਂ ਕੱਢੀ ਲੋਅਰ ਜਿਹਲਮ ਨਹਿਰ ਨਾਲ ਸੈਰਾਬ(ਸਿੰਚਾਈ) ਹੁੰਦੀ ਹੈ। ਰੌਲਿਆਂ ਸਮੇਂ ਦੇਸੀ ਸਾਬਣ ਬਣਾਉਣ ਦੇ ਕਾਰਖਾਨਿਆਂ ਵਜੋਂ ਸਰਗੋਧਾ ਸ਼ਹਿਰ ਮਸ਼ਹੂਰ ਸੀ।
2-ਸਾਂਦਲ ਬਾਰ: ਇਹ ਨਾਮ ਕਿਵੇਂ ਪਿਆ, ਬਾਰੇ ਕਈ ਵਿਦਵਾਨਾਂ ਆਪਣੀ ਵੱਖੋ-ਵੱਖ ਰਾਇ ਦਿੱਤੀ ਹੈ। ਇਨ੍ਹਾਂ 'ਚੋਂ ਇਕ ਕਿ ਇਹ ਨਾਮ ਇਸ ਇਲਾਕੇ ਦੇ ਸਾਂਡਲ ਰਿਸ਼ੀ ਤੋਂ ਪਿਆ, ਪ੍ਰਮਾਣਿਕ ਲੱਗਦਾ ਹੈ। ਇਹਨੂੰ ਦੁੱਲੇ ਦੀ ਬਾਰ ਵੀ ਕਿਹਾ ਜਾਂਦੈ। ਕਿਓਂ ਜੋ ਦੁੱਲਾ ਭੱਟੀ ਇਥੋਂ ਦਾ ਵਸਨੀਕ ਸੀ।ਇਹਦੇ ਵਿੱਚ ਜ਼ਿਲ੍ਹਾ ਲੈਲਪੁਰ, ਜ਼ਿਲ੍ਹਾ ਸ਼ੇਖੂਪੁਰ ਦਾ ਅੱਧਾ ਹਿੱਸਾ ਅਤੇ ਝੰਗ ਜ਼ਿਲ੍ਹੇ ਦਾ ਉੱਤਰੀ ਹਿੱਸਾ ਸ਼ਾਮਲ ਐ। ਇਹ ਇਲਾਕਾ ਦਰਿਆ ਰਾਵੀ ਅਤੇ ਚਨਾਬ ਦੇ ਵਿਚ ਸ਼ੁਮਾਰ ਏ ਜੋ ਕਿ ਰਚਨਾ ਦੋਆਬ ਦੇ ਦੱਖਣੀ ਭਾਗ ਵਜੋਂ ਜਾਣਿਆ ਜਾਂਦਾ ਹੈ।ਇਹ ਬਾਰ ਲੋਅਰ ਚਨਾਬ ਨਹਿਰ ਨਾਲ ਸੈਰਾਬ ਹੁੰਦੀ ਹੈ।ਇਸ 'ਚੋਂ ਅੱਗੇ ਹੋਰ ਤਿੰਨ ਨਹਿਰਾਂ ਗੋਗੇਰਾ ਬਰਾਂਚ, ਝੰਗ ਬਰਾਂਚ ਅਤੇ ਰੱਖ ਬਰਾਂਚ ਕੱਢੀਆਂ ਗਈਆਂ।ਜੋ ਸਾਂਦਲ ਨੂੰ ਸੈਰਾਬ ਕਰਦੀਆਂ ਹਨ। ਇਸ ਖੇਤਰ ਵਿੱਚ ਸਿੱਖ ਵਸੋਂ ਦਾ ਕਾਫ਼ੀ ਦਬਦਬਾ ਕਾਇਮ ਸੀ।1907 ਵਿੱਚ 'ਪੱਗੜ੍ਹੀ ਸੰਭਾਲ ਜੱਟਾ' ਕਿਸਾਨ ਮੋਰਚਾ ਇਸੇ ਬਾਰ 'ਚ ਚਾਚਾ ਅਜੀਤ ਸਿੰਘ ਦੀ ਜਥੇਦਾਰੀ ਹੇਠ ਲਾਇਆ ਗਿਆ। ਜਿੱਥੇ ਲੈਲਪੁਰ ਇਸ ਬਾਰ ਦਾ ਤਾਜ ਸੀ, ਉਥੇ ਖ਼ਾਲਸਾ ਸਕੂਲ ਅਤੇ ਕਾਲਜ ਸਾਂਦਲਬਾਰ ਦੀਆਂ ਵਿਦਿਅਕ ਸੰਸਥਾਵਾਂ ਦੇ ਧੁਰਾ। (ਇਹ ਸਕੂਲ-ਕਾਲਜ ਵੰਡ ਉਪਰੰਤ ਜਲੰਧਰ ਵਿੱਚ ਤਬਦੀਲ ਹੋਏ) ਇਤਿਹਾਸ ਦੇ ਉਮਦਾ ਪਾਤਰ ਦੁੱਲਾ ਭੱਟੀ,1857 ਚ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਅਤੇ ਝਾਮਰਾ ਦੇ ਨਵਾਬ ਵਜੋਂ ਜਾਣੇ ਜਾਂਦੇ ,ਖ਼ਰਲ ਕਬੀਲੇ ਦੇ ਸਰਦਾਰ ,ਅਹਿਮਦ ਖਾਂ ਖ਼ਰਲ,ਚਾਚਾ ਅਜੀਤ ਸਿੰਘ, ਸਰਦਾਰ ਭਗਤ ਸਿੰਘ,ਤੇਜਾ ਸਿੰਘ ਸਮੁੰਦਰੀ, ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਨਨਕਾਣਾ ਸਾਹਿਬ ਦੇ ਸ਼ਹੀਦ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਇਥੋਂ ਦੇ ਹੀ ਵਾਸੀ ਹੋਏ।
3-ਸਿਧਨੈ ਬਾਰ: ਇਹ ਬਾਰ ਬਾਕੀ ਬਾਰਾਂ ਮੁਕਾਬਲੇ ਬਹੁਤ ਹੀ ਘੱਟ ਜਾਣੀ ਜਾਂਦੀ ਹੈ। ਕੋਈ 1890-95 ਵਿੱਚ ਆਬਾਦ ਹੋਈ।ਰਾਵੀ ਨਾਲ ਖਹਿੰਦੇ ਲਛਮਣ ਚੌਂਤਰਾ(ਤੀਰਥ ਅਸਥਾਨ ਜਿਥੇ ਵਿਸਾਖੀ ਨੂੰ ਭਾਰੀ ਮੇਲਾ ਜੁੜਦਾ ਸੀ) ਤੋਂ ਸੀਤਾ ਕੁੰਡ-ਤੀਰਥ ਅਸਥਾਨ(ਤੁਲੰਭਾ ਤੋਂ ਕੋਈ 5-6ਮੀਲ ਪੱਛਮ ਵੰਨੀ) ਤੱਕ ਇਸ ਦਾ ਰਕਬਾ ਸੀ। ਕਿਓਂ ਜੋ ਛਿਮਾਹੀ ਨਹਿਰ ਸਿਧਨੈ ਜੋ ਕਿ ਲਛਮਣ ਚੌਂਤਰਾ ਤੋਂ ਰਾਵੀ ਚੋਂ ਕੱਢੀ ਗਈ, ਨਾਲ ਸੈਰਾਬ ਹੁੰਦੀ ਸੀ ਇਸ ਕਰਕੇ ਇਸਦਾ ਸਿਧਨੈ ਬਾਰ ਨਾਮ ਪਿਆ।ਇਸ ਵਿੱਚ ਮੁਰੱਬਿਆਂ ਦੀ ਜਗ੍ਹਾ ਕਿੱਤ੍ਹੇ ਅਲਾਟ ਕੀਤੇ।ਇਕ ਕਿੱਤ੍ਹਾ ਕਰੀਬ 95ਏਕੜ ਦਾ ਹੁੰਦਾ। ਨਹਿਰੀ ਪਾਣੀ ਦੀ ਘਾਟ ਕਰਕੇ ਹਰ ਕਿੱਤ੍ਹੇ ਵਿੱਚ ਇਕ ਖੂਹ ਵੀ ਹੁੰਦਾ। ਗੋਰਾ ਸਰਕਾਰ ਵਲੋਂ ਇਸ ਬਾਰ ਦੀ ਜ਼ਮੀਨ, ਲਾਹੌਰ ਜ਼ਿਲ੍ਹੇ ਦੇ ਦੱਖਣੀ ਪਾਸੇ ਦੇ ਪਿੰਡਾਂ ਦੇ ਸਿੱਖ ਕਿਸਾਨਾਂ ਨੂੰ ਅਲਾਟ ਕੀਤੀ ।ਇਸ ਖਿੱਤੇ ਵਿੱਚ ਕੇਵਲ 14-15 ਪਿੰਡ ਮੁਲਤਾਨ ਦੀਆਂ ਦੋ ਤਹਿਸੀਲਾਂ ਜੋ ਕਿ ਰਾਵੀ ਨਾਲ ਖਹਿੰਦੀਆਂ ਨੇ,ਦੇ ਆਉਂਦੇ ਸਨ। ਇਥੋਂ ਦੇ ਸਿੱਖ ਕਿਸਾਨ ਕਾਫ਼ੀ ਰੋਅਬਦਾਰ ਸਨ ਜਿਨ੍ਹਾਂ ਆਲੇ ਦੁਆਲੇ ਦੇ ਮੁਸਲਿਮ ਜਾਂਗਲੀ ਪਿੰਡਾਂ ਉਪਰ ਆਪਣਾ ਦਬਦਬਾ ਬਣਾਇਆ । ਜਵੰਦ ਸਿੰਘ ਵਾਲਾ(ਪੰਜ ਕੱਸੀ) ਪਿੰਡ ਵਿੱਚ ਖ਼ਾਲਸਾ ਹਾਈ ਸਕੂਲ ਵੀ ਖੋਲ੍ਹਿਆ ।ਜੋ ਬਾਅਦ ਵਿੱਚ ਖਾਨੇਵਾਲ ਕਸਬੇ ਵਿੱਚ ਤਬਦੀਲ ਕਰ ਦਿੱਤਾ। ਖਾਨੇਵਾਲ ਸਕੂਲ ਵਿੱਚ ਜਿੱਥੇ ਭਾਈ ਨਰੈਣ ਸਿੰਘ ਜੋ ਗੁਰਦੁਆਰਾ ਨਨਕਾਣਾ ਸਾਹਿਬ ਦੇ ਮੈਨੇਜਰ ਸਨ,ਇਥੇ ਹੈੱਡ ਮਾਸਟਰ ਰਹੇ ਉਥੇ ਪ੍ਰਸਿੱਧ ਕਵੀ ਪ੍ਰੋ ਮੋਹਨ ਸਿੰਘ ਫ਼ਾਰਸੀ ਦੇ ਅਧਿਆਪਕ ਵੀ।ਇਹ ਸਕੂਲ ਵੰਡ ਉਪਰੰਤ ਸ਼ਾਹਬਾਦ-ਮਾਰਕੰਡਾ ਤਬਦੀਲ ਹੋਇਆ।
4-ਗੰਜੀ ਬਾਰ: ਇਸ ਰਕਬੇ ਵਿਚਕਾਰ ਕੋਈ 4-8 ਮੀਲ ਚੌੜੀ ਕੰਡਿਆਲੀਆਂ ਝਾੜੀਆਂ ਵਾਲੀ ਰੱਕੜ ਭੋਇੰ ਦੀ ਪੱਟੀ ਇਕ ਪਾਸਿਓਂ ਸ਼ੁਰੂ ਹੋ ਕੇ ਧੁਰ ਅੰਤ ਤੱਕ ਗੁਜ਼ਰਦੀ ਹੈ।ਇਸ ਖਿੱਤੇ ਦੀਆਂ ਇਲਾਕਾਈ ਭਾਸ਼ਾਵਾਂ ਵਿੱਚ ਉਸ ਨੂੰ ਕੱਪਰ,ਬਾੜਾ,ਗੰਜੀ ਬਾਰ ਦਾ ਗੰਜ ਕਿਹਾ ਜਾਂਦੈ।ਇਸ ਰੱਕੜ ਦੀ ਲੰਬਾਈ ਕੋਈ ਕਰੀਬ ਸੌ ਮੀਲ ਹੋਵੇਗੀ। ਇਸੇ ਗੰਜੀ ਤੋਂ ਇਸ ਦਾ ਨਾਮ ਗੰਜੀ ਬਾਰ ਧਰਿਆ।ਇਸ ਵਿੱਚ ਜ਼ਿਲ੍ਹਾ ਮਿੰਟਗੁਮਰੀ ਅਤੇ ਜ਼ਿਲ੍ਹਾ ਮੁਲਤਾਨ ਦਾ ਪੱਛਮੀ ਭਾਗ ਅਤੇ ਝੰਗ ਦਾ ਕੁੱਝ ਪੂਰਬੀ ਭਾਗ ਸ਼ੁਮਾਰ ਏ।ਇਸ ਭੂ ਭਾਗ ਦੇ ਪਾਣੀ ਦੀ ਨਿਵਾਣ ਰਾਵੀ ਵੱਲ ਐ।ਇਹ ਇਲਾਕਾ ਦਰਿਆ ਬਿਆਸ ਅਤੇ ਰਾਵੀ ਵਿਚਕਾਰ ਸਥਿਤ ਹੈ ਜੋ ਕਿ ਬਾਰੀ ਦੋਆਬ ਦਾ ਦੱਖਣੀ ਹਿੱਸਾ ਹੈ। ਗੋਰਾ ਹਕੂਮਤ ਵਲੋਂ ਰਾਵੀ ਦਰਿਆ ਚੋਂ ਮਾਧੋਪੁਰ ਹੈੱਡ ਵਰਕਸ (ਪਠਾਨਕੋਟ) ਤੋਂ ਅਪਰ ਬਾਰੀ ਦੋਆਬ ਨਹਿਰ ਕੱਢੀ। ਜੋ ਕਿ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਖਿੱਤੇ ਨੂੰ ਸੈਰਾਬ ਕਰਦੀ ਏ।ਜਿਸ ਵਜ੍ਹਾ ਪਾਣੀ ਦੀ ਮਾਤਰਾ ਘੱਟ ਹੋਣ ਕਾਰਨ ਹੋਰ ਨਹਿਰ ਕੱਢਣਾ ਮੁਨਾਸਿਬ ਨਹੀਂ ਸੀ। ਸੋ ਦਰਿਆ ਜੇਹਲਮ ਦਾ ਪਾਣੀ ਝਨਾਂ ਵਿੱਚ ਅਤੇ ਝਨਾਂ ਦਾ ਪਾਣੀ ਰਾਵੀ ਵਿੱਚ ਸੁੱਟਿਆ ਗਿਆ। 1903 'ਚ ਬੱਲੋ ਕੀ ਹੈੱਡ(ਵੰਡ ਸਮੇਂ ਇਸ ਹੈੱਡ ਤੇ ਚੜ੍ਹਦੇ ਪੰਜਾਬ ਲਈ ਆ ਰਹੇ ਕਾਫ਼ਲਿਆਂ ਦਾ,ਦੰਗਈਆਂ ਵਲੋਂ ਵੱਡੀ ਪੱਧਰ ਤੇ ਕਤਲੇਆਮ ਕੀਤਾ । ਜਿਸ ਤੇ ਇਹ ਹੈੱਡ, ਮੌਤ ਦੀ ਘਾਟੀ ਵਜੋਂ ਜਾਣਿਆ ਜਾਣ ਲੱਗਾ) ਤੋਂ ਲੋਅਰ ਬਾਰੀ ਦੋਆਬ ਨਹਿਰ ਕੱਢੀ ਗਈ। ਉਪਰੰਤ ਇਹ ਬਾਰ 1920 ਦੇ ਆਰ-ਪਾਰ ਆਬਾਦ ਹੋਈ।
- ਇਸੇ ਰਾਹੀਂ ਗੰਜੀ ਬਾਰ ਸੈਰਾਬ ਹੁੰਦੀ ਹੈ। ਇਥੇ ਪੰਜਾਬੀ ਦੀ ਉਪ ਬੋਲੀ ਲਹਿੰਦੀ/ਮੁਲਤਾਨੀ ਪ੍ਰਭਾਵੀ ਹੈ। ਬਹਾਵਲਪੁਰ ਰਿਆਸਤ ਨਾਲ ਲਗਦੇ ਇਲਾਕਿਆਂ ਵਿੱਚ ਸਰਾਇਕੀ ਉਪ ਬੋਲੀ ਦਾ ਵੀ ਪ੍ਰਭਾਵ ਹੈ। ਸ.ਬੇਅੰਤ ਸਿੰਘ ਮੁੱਖ ਮੰਤਰੀ ਅਤੇ ਸ.ਜੋਗਿੰਦਰ ਸਿੰਘ ਪੁਆਰ ਵਾਈਸ ਚਾਂਸਲਰ ਇਸੇ ਬਾਰ ਦੇ ਚੱਕ 53/2L ਪੂਰਬੀ ਉਕਾੜਾ ਦੇ ਵਾਸੀ ਸਨ।ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਸ.ਉਮਰਾਓ ਸਿੰਘ ਜੋ ਨਕੋਦਰ ਤੋਂ MLA ਸਨ,ਇਸ ਬਾਰ ਦੇ ਚੱਕ EB 327 ਤਹਿਸੀਲ ਮਿਲਸੀ- ਮੁਲਤਾਨ ਦੇ।ਸਾਧੂ ਸਿੰਘ ਹਮਦਰਦ(ਮੀਆਂ ਚੰਨੂੰ), ਸਰ ਜੁਗਿੰਦਰਾ ਸਿੰਘ ਅਤੇ ਹੁਕਮ ਸਿੰਘ ਸਪੀਕਰ ਲੋਕ ਸਭਾ ਮਿੰਟਗੁਮਰੀ ਵਿਚ ਆਬਾਦ ਸਨ।
5- ਨੀਲੀ ਬਾਰ: ਖ਼ਿਆਲ ਹੈ ਕਿ ਇਹ ਨਾਮ ਸਤਲੁਜ ਦਰਿਆ ਦੇ ਸਾਫ਼ ਨੀਲੀ ਭਾਅ ਮਾਰਦੇ ਪਾਣੀ ਤੋਂ ਪਿਆ। ਇਸ ਵਿੱਚ ਜ਼ਿਲ੍ਹਾ ਮਿੰਟਗੁਮਰੀ ਅਤੇ ਜ਼ਿਲ੍ਹਾ ਮੁਲਤਾਨ ਦਾ ਪੂਰਬੀ ਭਾਗ ਆਉਂਦਾ ਹੈ।ਇਸ ਇਲਾਕੇ ਦੇ ਪਾਣੀ ਦੀ ਨਿਵਾਣ ਦਰਿਆ ਸਤਲੁਜ,ਬਿਆਸ ਦੀ ਤਰਫ਼ ਹੈ।ਇਹ ਬਾਰ ਬਿਆਸ-ਸਤਲੁਜ ਦੇ ਸੰਗਮ ਤੋਂ ਅੱਗੇ ਸੁਲੇਮਾਨ ਹੈੱਡ ਤੋਂ ਕੱਢੀ ਗਈ ਨਹਿਰ ਨਾਲ ਬਾਕੀ ਬਾਰਾਂ ਤੋਂ ਪਿੱਛੋਂ ਕਰੀਬ 1930 ਵਿੱਚ ਆਬਾਦ ਹੋਈ।ਇਹ ਬਾਰ, ਬਾਰੀ ਦੋਆਬ ਦੇ ਦੱਖਣ 'ਚ ਪੈਂਦੀ ਹੈ।ਇਸ ਖਿੱਤੇ ਵਿੱਚ ਖੱਗਾ ਮੁਸਲਿਮ ਕਬੀਲੇ ਦੀ ਸਰਦਾਰੀ ਐ।ਦਰਿਆ ਸਤਲੁਜ ਨਾਲ ਖਹਿੰਦੀਆਂ ਤਦੋਂ ਜ਼ਿਲ੍ਹਾ ਮਿੰਟਗੁਮਰੀ ਦੀਆਂ ਤਹਿਸੀਲਾਂ ਉਕਾੜਾ,ਪਾਕ ਪਟਨ ਅਤੇ ਕੁਝ ਭਾਗ ਮੁਲਤਾਨ ਦੀ ਤਹਿਸੀਲ ਵੇਹਾੜੀ ਦਾ ਇਸ ਬਾਰ ਚ ਆਉਂਦਾ ਐ।ਇਸ ਇਲਾਕੇ ਦੀਆਂ ਕੁਝ ਉਮਦਾ ਸ਼ਖ਼ਸੀਅਤਾਂ ਵਿੱਚ ਸਰ ਖੇਮ ਸਿੰਘ ਬੇਦੀ ਜੋ ਪਾਕਪਟਨ ਵਿਚ 37000 ਏਕੜ ਦੇ ਮਾਲਕ ਸਨ।ਮੇਨਕਾ ਗਾਂਧੀ ਦੇ ਨਾਨਾ ਜੀ ਸ.ਦਾਤਾਰ ਸਿੰਘ ਪਾਕਪਟਨ ਵਿਚ 35000 ਏਕੜ ਦੇ । ਇਨ੍ਹਾਂ ਦਾ ਪਿੰਡ ਕਲਿਆਣ ਕਰਕੇ ਉਹ ਕਲਿਆਣੀਏਂ ਕੇ ਵੱਜਦੇ। ਕਲਿਆਣ ਕਣਕ ਵੀ ਇਨ੍ਹਾਂ ਹੀ ਈਜ਼ਾਦ ਕੀਤੀ।ਇਹ ਆਜ਼ਾਦੀ ਉਪਰੰਤ ਭਾਰਤ ਸਰਕਾਰ ਦੇ ਖੇਤੀ ਮਹਿਕਮੇ ਦੇ ਸਲਾਹਕਾਰ ਰਹੇ।ਡਾ: ਸਤਨਾਮ ਸਿੰਘ ਖ਼ੁਮਾਰ ਪ੍ਰਸਿੱਧ ਉਰਦੂ ਸ਼ਾਇਰ ਜਿਨ੍ਹਾਂ ਦੇ ਬਜ਼ੁਰਗ ਦੀਪਾਲਪੁਰ ਚ ਪੰਜ ਪਿੰਡਾਂ ਦੇ ਮਾਲਕ ਸਨ,ਦੇ ਪਿਤਾ ਦੇ ਨਾਮ ਪੁਰ ਉਥੇ ਚੱਕ ਸੁਰਜਣ ਸਿੰਘ ਵੱਜਦਾ ਹੈ।
ਇਕ ਅਨੁਮਾਨ ਅਨੁਸਾਰ ਉਪਰੋਕਤ ਦਰਜ ਬਾਰਾਂ ਵਿੱਚ ਪੰਜਾਬੀ ਕਿਰਸਾਨੀ 47 ਲੱਖ ਏਕੜ ਜ਼ਮੀਨ ਛੱਡ ਕੇ ਆਈ। ਜਦ ਕਿ ਬਦਲੇ ਵਿੱਚ ਇਧਰਲੇ ਪੰਜਾਬ ਮੁਸਲਿਮ ਭਾਈਚਾਰੇ ਵਲੋਂ ਛੱਡੀ ਗਈ ਕੇਵਲ 23 ਲੱਖ ਏਕੜ ਜ਼ਮੀਨ ਮਿਲੀ। ਬਾਰਾਂ ਵਿੱਚ ਪ੍ਰਤੀ ਏਕੜ ਕੀਮਤ ਅੱਠ ਆਨੇ ਤੇ ਇਧਰ ਬਹੁਤੀ ਜ਼ਮੀਨ ਦੀ ਕੀਮਤ ਉਪਜਾਊ ਸ਼ਕਤੀ ਤੇ ਅਧਾਰਿਤ 12 ਤੋਂ 16 ਆਨੇ ਆਂਕੀ ਗਈ ।ਓਧਰ ਇਕ ਏਕੜ 40*40 ਕਰਮਾ ਬਦਲੇ ਇਧਰ 36*40 ਕਰਮਾ ਦਿੱਤਾ ਗਿਆ।ਇਸ ਤਰ੍ਹਾਂ ਬਦਲੇ ਚ ਕਾਟ ਕੱਟ ਕੇ ਜ਼ਮੀਨ ਨੂੰ ਅੱਧੋ ਡੂਢ ਕਰ ਦਿੱਤਾ । ਮੁਰੱਬੇ ਬੰਦੀਆਂ ਸਮੇਂ ਸੀਲਿੰਗ ਐਕਟ ਦੇ ਨਾਮ ਪੁਰ ਬਾਰ ਬਾਰ ਫਿਰ ਕਾਟ ਕੱਟੀ। ਸਰ ਛੋਟੂ ਰਾਮ ਹੀ ਇਕ ਅਜਿਹਾ ਨੇਤਾ ਸੀ ਜੋ ਹਿੱਕ ਡਾਹ ਕੇ ਕਿਰਸਾਨੀ ਨਾਲ ਖੜਿਆ ਪਰ, ਦਿੱਲੀ ਹਕੂਮਤ ਨੇ ਪੰਜਾਬ ਦੀ ਕਿਰਸਾਨੀ ਨੂੰ ਲੁੱਟਣ ਅਤੇ ਕੁੱਟਣ ਤੋਂ ਕਦੇ ਕਿਰਕ ਨਹੀਂ ਖਾਧੀ।
ਡਾ: ਹਰਕੀਰਤ ਸਿੰਘ ਆਪਣੀ ਕਿਤਾਬ 'ਗੰਜੀ ਬਾਰ ਦੀਆਂ ਯਾਦਾਂ' ਵਿੱਚ ਲਿਖਦੇ ਹਨ ਕਿ 1920 'ਚ ਉਨ੍ਹਾਂ ਦੇ ਬਜ਼ੁਰਗਾਂ ਨੂੰ ਮੁਰੱਬਾ ਅਲਾਟ ਹੋਣ ਤੇ ਉਨ੍ਹਾਂ ਮੁਲਤਾਨ ਜ਼ਿਲ੍ਹੇ ਦੀ ਤਹਿਸੀਲ ਖਾਨੇਵਾਲ ਦੇ ਚੱਕ 79/15L ਦੀ ਮੋਹੜੀ ਜਾ ਗੱਡੀ।ਬਾਰ ਨੂੰ ਜਾਂਦਿਆਂ ਜਿਥੇ ਪਾਣੀ ਅਤੇ ਪੱਠਿਆਂ ਦਾ ਪ੍ਰਬੰਧ ਹੁੰਦਾ ਬਜ਼ੁਰਗ ਉਥੇ ਰਾਤ ਕੱਟ ਲੈਂਦੇ। ਮਿੰਟਗੁਮਰੀ ਤੋਂ ਅੱਗੇ ਇਕ ਪੜਾਅ ਤੇ ਵੱਡੇ ਤੜਕੇ ਜਦ ਸਾਡੀ ਦਾਦੀ ਵਲੋਂ ਕਾੜ੍ਹਨੀ 'ਚ ਪਾਈ ਮਧਾਣੀ ਦੀ ਘੂਕਰ ਨੂੰ ਗੁਆਂਢ ਦੇ ਇਕ ਮੂਲ ਨਿਵਾਸੀ ਜਾਂਗਲੀ ਬਜ਼ੁਰਗ ਨੇ ਸੁਣਿਆਂ ਤਾਂ ਉਹ ਦਿਨ ਚੜ੍ਹਦੇ ਨੂੰ ਬਜ਼ੁਰਗਾਂ ਨੂੰ ਮਿਲਣ ਆਇਆ। ਜਿਸ ਨੇ ਖਾਲਸਾ ਰਾਜ ਵੀ ਦੇਖਿਆ ਹੋਇਆ ਸੀ। ਬੋਲਿਆ, "ਸਰਦਾਰ ਜੀ ਵਾਹਿਗੁਰੂ ਜੀ ਕੀ ਫ਼ਤਹਿ, ਓ ਸਿੰਘੋ ਏਨੀ ਬਹਾਦਰ,ਗੈਰਤਮੰਦ ਤੇ ਹਿੰਮਤੀ ਕੌਮ ਹੁੰਦਿਆਂ ਤੁਸੀਂ ਰਾਜ ਕਿਵੇਂ ਗਵਾ ਲਿਆ? ਵੱਡੇ ਸਿੱਖੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤੁਸੀਂ ਤਾਂ 10ਸਾਲ ਵੀ ਰਾਜ ਭਾਗ ਨੂੰ ਸਾਂਭ ਨਾ ਸਕੇ?"-ਅਫਸੋਸ ਕਿ ਇੰਜ ਹੀ ਲਹੂ ਪਸੀਨੇ ਨਾਲ ਆਬਾਦ ਕੀਤੀਆਂ ਬਾਰਾਂ ਵੀ ਸਾਡੇ ਹੱਥੋਂ ਕਿਰ ਗਈਆਂ।
ਸਰੋਤ: ਗੰਜੀ ਬਾਰ ਦੀਆਂ ਯਾਦਾਂ (ਡਾ: ਹਰਕੀਰਤ ਸਿੰਘ ), ਬਜ਼ੁਰਗਾਂ ਦੀ ਜ਼ੁਬਾਨੀ ਅਤੇ ਇੰਟਰਨੈੱਟ ਵਗੈਰਾ।
ਸਤਵੀਰ ਸਿੰਘ ਚਾਨੀਆਂ
ਕੀ ਰਿਸ਼ੀ ਸੁਨਕ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਲੀਹ 'ਤੇ ਵਾਪਸ ਲਿਆ ਸਕਦੇ ਹਨ?
NEXT STORY