1947 ਦੇ ਦੌਰ ਵਿਚ ਕਰਮੇ ਡਾਕੂ ਦੀ ਚੜ੍ਹਦੇ ਪੰਜਾਬ ਦੇ ਮੰਜਕੀ ਅਤੇ ਲਹਿੰਦੇ ਪੰਜਾਬ ਦੀ ਸਾਂਦਲ ਬਾਰ ਵਿਚ ਬੜੀ ਧੁੰਮ ਸੀ। ਇਹ ਕਰਮਾ ਡਾਕੂ ਉਰਫ ਕਰਮ ਸਿੰਘ ਸੰਧੂ ਜੱਟ ਸਿੱਖ ਕਰੀਬ 1906-07 ਵਿਚ ਸ. ਚੂੜ ਸਿੰਘ ਦੇ ਘਰ ਪਿੰਡ ਸਰੀਂਹ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਪੱਤੀ ਡੱਫਰ ਵਿਚ ਜਨਮਿਆ। ਇਸ ਦੇ ਹੋਰ ਭਰਾ ਸਨ- ਅਰਜਣ ਸਿੰਘ ਅਤੇ ਨਰੈਣ ਸਿੰਘ ਨਰੈਣਾ। ਚਰਨ ਸਿੰਘ ਚਰਨੂੰ ਅਤੇ ਪੂਰਨ ਸਿੰਘ ਪੁਤਰਾਨ ਕੇਹਰ ਸਿੰਘ ਸੰਧੂ ਇਹ ਦੋਹੇਂ ਸਕੇ ਭਰਾ, ਸ. ਸੁੰਦਰ ਸਿੰਘ ਸੰਧੂ, ਸੋਨੀ ( ਕਿਆਂ) ਦਾ ਕਰਤਾਰ ਸਿੰਘ (ਜਨਮ ਸਾਲ 1911) ਪੁੱਤਰ ਸ. ਲਾਲ ਸਿੰਘ ਅਤੇ ਜਥੇਦਾਰ ਪ੍ਰੀਤਮ ਸਿੰਘ ਦਾ ਭਰਾ ਖੁਸ਼ੀਆ, ਕਰਮੇ ਦੇ ਮਿੱਤਰ ਚਾਰਿਆਂ ’ਚੋਂ ਸਨ। ਕਿਸੇ ਝਗੜੇ ਨੂੰ ਲੈ ਕੇ ਚਰਨੂ ਅਤੇ ਪੂਰਨ ਨੇ ਖੁਸ਼ੀਏ ਦੇ ਬਾਪ ਪਾਲ ਸਿੰਘ ਦਾ 1940 ਵਿਆਂ ਦੇ ਨੇੜ-ਤੇੜ ’ਚ ਕਤਲ ਕਰ ਦਿੱਤਾ ਅਤੇ ਦੋਵੇਂ ਰੂਪੋਸ਼ ਹੋ ਗਏ। ਉਪਰੰਤ ਇਹ ਸਾਰਾ ਟੋਲਾ ਹੀ ਲਾਇਲਪੁਰ ਬਾਰ ਦੇ ਇਲਾਕੇ ਵਿਚ ਚਲੇ ਗਿਆ। ਪਰ ਇਨ੍ਹਾਂ ਦਾ ਦੂਸਰਾ ਸਾਥੀ ਖੁਸ਼ੀਆ ਇਧਰ ਹੀ ਇਕ ਹੋਰ ਕੇਸ ਵਿਚ ਉੱਗੀ-ਚਿੱਟੀਓਂ ਗ੍ਰਿਫਤਾਰ ਹੋ ਕੇ ਜੇਲ ਚਲਾ ਗਿਆ।
ਠੇਕੇਦਾਰ ਹਰਭਜਨ ਸਿੰਘ ਚੌਹਾਨ ਪੁੱਤਰ ਮੰਗਲ ਵਾਸੀ ਸਰੀਂਹ (ਜਨਮ 1932) ਬੋਲਦੇ ਹਨ ਕਿ ਇਕ ਫਲਾਨਾ ਸਿੰਘ ਸੀ ਬੰਦਾ। ਉਸਦੀ ਪਤਨੀ ਦੀ ਮੌਤ ਹੋ ਗਈ । ਉਪਰੰਤ ਉਹ ਮਾਲਵਾ ਦੇਸ਼ ਤੋਂ ਆਪਣੀ ਸਾਲੀ ਵਿਆਹ ਲਿਆਇਆ। ਉਸ ਦੇ ਘਰ ਇਕ ਗ਼ੈਰ ਮਰਦ ਦਾ ਆਉਣ ਜਾਣ ਸੀ। ਜਿਸ ਕਾਰਨ ਮੀਆਂ ਬੀਵੀ ਵਿਚਕਾਰ ਝਗੜਾ ਰਹਿਣ ਲੱਗਾ। ਗੱਲ ਜਦੋਂ ਜ਼ਿਆਦਾ ਵੱਧ ਗਈ ਤਾਂ ਉਹ ਗ਼ੈਰ ਮਰਦ ਕਰਮੇ ਡਾਕੂ ਅਤੇ ਨਾਲ 1-2 ਹੋਰ ਸਾਥੀਆਂ ਨੂੰ ਲੈ ਕੇ ਫਲਾਨਾ ਸਿੰਘ ਦੇ ਘਰ ਦੇ ਬਾਹਰ ਪਹੁੰਚੇ । ਝਗੜਾ ਜ਼ਿਆਦਾ ਵੱਧ ਜਾਣ ’ਤੇ ਕਰਮੇ ਨੇ ਗ਼ੋਲੀ ਚਲਾ ਦਿੱਤੀ, ਜਿਸ ਕਾਰਨ ਫਲਾਨਾ ਸਿੰਘ ਦੀ ਘਰ ਵਾਲੀ ਮਾਰੀ ਗਈ। ਪਰ ਲੋਕਾਂ ਵਿਚ ਇਹ ਪ੍ਰਭਾਵ ਸੀ ਕਿ ਫਲਾਨਾ ਸਿੰਘ ਨੇ ਆਪਣੀ ਘਰਵਾਲੀ ਦਾ ਕਤਲ ਖ਼ੁਦ ਹੀ ਕਰਕੇ ਦੋਸ਼ ਕਰਮੇ ’ਤੇ ਮੜ੍ਹ ਦਿੱਤਾ। ਪੁਲਸ ਮਗਰ ਪੈ ਗਈ। ਬਸ ਇਸੇ ਹੀ ਕਤਲ ਦੇ ਇਲਜ਼ਾਮ ਨੇ ਕਰਮੇ ਨੂੰ ਭਗੌੜਾ/ਡਾਕੂ ਬਣਾ ਦਿੱਤਾ ਤੇ ਉਹ ਆਪਣੇ ਹੋਰ ਹਮ ਰਾਹ ਸਾਥੀਆਂ ਨਾਲ ਸਾਂਦਲ ਬਾਰ ਵਿਚ ਚਲਾ ਗਿਆ।
ਉਧਰਲੇ ਲਾਇਲਪੁਰ ਦੇ ਨਵਾਂ ਸਰੀਂਹ ਪਿੰਡ ਵਿਚ ਇਸੇ ਸਰੀਂਹ ਦੇ ਜਿੰਮੀਦਾਰ ਅਤੇ ਹੋਰ ਕਾਮੇ ਆਬਾਦ ਸਨ। ਉਧਰ ਉਸ ਦੀ ਕਾਫ਼ੀ ਦਹਿਸ਼ਤ ਅਤੇ ਚਰਚਾ ਰਹੀ। ਉਹ ਹਮੇਸ਼ਾਂ ਹੀ ਆਪਣੀ ਡੱਬ ਵਿਚ ਪਿਸਤੌਲ ਰੱਖਦਾ । ਬਜ਼ੁਰਗਾਂ ਮੁਤਾਬਕ ਜਿਸ ਕਰਕੇ ਰੌਲਿਆਂ ’ਚ ਉਸ ਦੇ ਡਰੋਂ ਪਿੰਡ ਉਪਰ ਬਾਹਰੀ ਹਮਲਾ ਨਹੀਂ ਹੋਇਆ। ਉਧਰਲੇ ਸਰੀਂਹ ਉਸ ਦਾ ਬਹੁਤਾ ਆਉਣ ਜਾਣ ਕਰਨਲ ਅਜੀਤ ਸਿੰਘ ਸੰਧੂ (ਜਨਮ 1924 ਜੱਦੀ ਪਿੰਡ ਸਰੀਂਹ ਹਾਲ ਆਬਾਦ ਪਿੰਡ ਮਾਲੜੀ-ਨਕੋਦਰ) ਪੁੱਤਰ ਬਿਸ਼ਨ ਸਿੰਘ ਪੁੱਤਰ ਬੂਟਾ ਸਿੰਘ ਕੇ ਘਰ/ਖੂਹ ’ਤੇ ਰਿਹਾ ਅਤੇ ਜਾਂ ਉਧਰ ਗੰਗਾ ਸਿੰਘ ਦੀ ਬੈਠਕ ’ਤੇ ਜਾਂ ਫਿਰ ਚਰਨੂੰ ਕਾ ਘਰ ਉਸ ਦੀ ਠਾਹਰ ਹੁੰਦੀ ਸੀ ਜਿਥੇ ਉਹ ਅਕਸਰ ਤਾਸ਼, ਜੂਆ ਖੇਡਿਆ ਅਤੇ ਸ਼ਰਾਬ ਪੀਆ ਕਰਦੇ । ਉਥੇ ਵੀ ਉਸ ਦੀ ਮੰਡਲੀ ਨੇ ਉਪਰੋਕਤ ਦਰਜ ਕਰਨਲ ਅਜੀਤ ਸਿੰਘ ਦੇ ਵੱਡੇ ਭਾਈ ਪਰੇਮ ਸਿੰਘ ਦਾ ਕਤਲ ਕਰ ਦਿੱਤਾ , ਜੋ ਨਕੋਦਰ ਦੇ ਮਸ਼ਹੂਰ ਡਾ: ਗੁਵਿੰਦਰ ਸਿੰਘ ਸੰਧੂ ਦੇ ਸਕੇ ਤਾਇਆ ਜੀ ਸਨ। ਇਹ ਵਾਕਿਆ 1944 ਦੀ ਦੀਵਾਲੀ ਦੇ ਦੂਜੇ ਦਿਨ ਗੰਗਾ ਸਿੰਘ ਦੀ ਹੀ ਬੈਠਕ ਦਾ ਹੈ। ਉਸ ਵਕਤ ਚਰਨੂੰ, ਜੋ ਕਰਨਲ ਅਜੀਤ ਸਿੰਘ ਦੇ ਸਰੀਕੇ ’ਚੋਂ ਲਗਦੇ ਤਾਇਆ ਜੀ ਸ.ਕੇਹਰ ਸਿੰਘ, ਜੋ ਤਦੋਂ ਆਸਟਰੇਲੀਆ ਗਏ ਹੋਣ ਕਰਕੇ ਪਿੰਡ ਵਿਚ 'ਟੇਲੀਆ' ਵਾਲੇ ਵਜਦੇ ਸਨ, ਦਾ ਪੁੱਤਰ ਸੀ।
ਦਰਅਸਲ ਇਹ ਕੰਮ ਚਰਨੂੰ ਕਰਕੇ ਹੀ ਹੋਇਆ ਸੀ, ਕਿਉਂਕਿ ਤਦੋਂ ਤੋਂ ਕੁਝ ਸਮਾਂ ਪਹਿਲਾਂ ਚਰਨੂੰ ਦੇ ਗਲੀ ਵਿਚ ਗੇੜੇ ਮਾਰਨ ਤੋਂ ਪਰੇਮ ਸਿੰਘ ਨੇ ਖਫ਼ਾ ਹੋ ਕੇ ਉਸ ਨੂੰ ਵਰਜਿਆ ਸੀ। ਕਰਨਲ ਅਜੀਤ ਸਿੰਘ ਹੋਰੀਂ ਦਸਦੇ ਨੇ "ਬਾਰ ਦੇ ਨਵਾਂ ਸਰੀਂਹ ਵਿਚ ਇਕ ਸਾਧੂ ਸਿੰਘ ਸੰਘੇੜਾ ਨਾਮੇ ਮੁਖ਼ਬਰ ਸੀ, ਜੋ ਕਰਮੇ ਡਾਕੂ ਦੀ ਮੁਖ਼ਬਰੀ ਵੀ ਕਰਦਾ ਸੀ। ਇਸ ਦੇ ਛੋਟੇ ਭਰਾ ਦਾ ਨਾਮ ਵੀ ਪਰੇਮ ਸਿੰਘ ਸੀ, ਜਿਸ ਦਿਨ ਇਹ ਵਾਕਿਆ ਹੋਇਆ, ਉਸ ਦਿਨ ਗੰਗਾ ਸਿੰਘ ਦੀ ਬੈਠਕ ਵਿਚ ਖਿੜਕੀ ਦੇ ਸਾਹਮਣੇ ਮੰਜੇ ਉਪਰ ਉਨ੍ਹਾਂ ਦਾ ਭਰਾ ਪਰੇਮ ਸਿੰਘ, ਉਨ੍ਹਾਂ ਦੀ ਮਾਸੀ ਦਾ ਬੇਟਾ ਜਸਵੰਤ ਸਿੰਘ ਅਤੇ ਚਰਨੂੰ ਵਗੈਰਾ ਬੈਠੈ ਹੋਏ ਸਨ। ਚਰਨੂੰ ਬਹਾਨਾ ਬਣਾ ਕੇ ਮੰਜੇ ਤੋਂ ਉਠ ਖੜਾ ਹੋਇਆ। ਉਸ ਇਸ਼ਾਰਾ ਕਰਕੇ ਜਸਵੰਤ ਨੂੰ ਵੀ ਸਾਹਮਣੇ ਮੰਜੇ ’ਤੇ ਬੈਠਣ ਲਈ ਕਿਹਾ ਅਤੇ ਨਾਲ ਹੀ ਬਾਹਰ ਖਿੜਕੀ ਪਾਸ ਖੜੇ ਕਰਮੇ ਦੇ ਬਾਡੀ ਗਾਰਡ ਨੂੰ ਇਸ਼ਾਰਾ ਕਰਤਾ। ਉਸ ਨੇ ਮੇਰੇ ਭਰਾ ਪਰੇਮ ਸਿੰਘ ਨੂੰ ਧੌਣ ਵਿਚ ਗ਼ੋਲੀ ਮਾਰ ਕੇ ਮਾਰਤਾ। ਇਹ ਗੰਨ ਮੈਨ ਭਗੌੜਾ ਫੌਜੀ ਸੀ, ਜਿਸ ਨੇ ਲੰਬੀ ਦੁਨਾਲੀ ਅੱਗਿਓਂ ਕੱਟ ਕੇ ਬੈਰਲ ਗੰਨ ਬਣਾਈ ਹੋਈ ਸੀ। ਇਸ ਪਿੱਛੇ ਕਾਰਨ ਉਹੀ ਚਰਨੂੰ ਨੂੰ ਗਲ਼ੀ ਵਿਚੋਂ ਗੇੜੇ ਮਾਰਨ ’ਤੇ ਰੋਕਣਾ ਹੀ ਸੀ।
ਚਰਨੂੰ ਦੀ ਇਸ ਪਿੱਛੇ ਚਾਲ ਸੀ ਕਿ ਉਸ ਨੇ ਧੋਖੇ ਨਾਲ ਬਾਡੀ ਗਾਰਡ ਨੂੰ ਮੇਰੇ ਭਾਈ ਪਰੇਮ ਸਿੰਘ ਨੂੰ ਮੁਖ਼ਬਰ ਸਾਧੂ ਸਿੰਘ ਦਾ ਭਰਾ ਪਰੇਮ ਸਿੰਘ ਹੈ, ਕਹਿ ਕੇ ਮਰਵਾਇਆ। ਕਰਮਾ ਠੀਕ ਉਸ ਤੋਂ ਕੁਝ ਸਮਾਂ ਪਹਿਲਾਂ ਕਿਹਰ ਸਿੰਘ ਦੀ ਬੈਠਕ ਵਿਚ ਆਪਣੀ ਪੱਗ ਰੱਖਣ ਚਲਿਆ ਗਿਆ । ਉਸੇ ਦਿਨ ਸਵੇਰ ਵੇਲੇ ਕਰਮਾ ਡਾਕੂ ਅਤੇ ਉਸ ਦੇ ਸਾਥੀ ਪਹਿਲਾਂ ਸਾਡੇ ਖੂਹ ’ਤੇ ਗਏ ਫਿਰ ਕਰਮਾ 'ਕੱਲਾ ਹੀ ਸਾਡੇ ਘਰ ਆਇਆ ਅਤੇ ਮੇਰੇ ਵੱਡੇ ਭਾਈ ਪਰੇਮ ਸਿੰਘ ਦੇ ਬੱਚਿਆਂ ਨੂੰ 1-1 ਰੁ: ਪਿਆਰ ਦੇ ਕੇ ਗਿਆ। ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੇ ਮੇਰੀ ਮਾਸੀ/ਮਾਸੜ ਰਜਿੰਦਰ ਸਿੰਘ/ਦਲੀਪ ਕੌਰ ਦੇ ਘਰ ਉਸ ਦੇ ਬੇਟੇ ਜਸਵੰਤ ਸਿੰਘ ਪਾਸ ਬੈਠੇ ਰਹੇ। ਫਿਰ ਚਰਨੂੰ ਕੇ ਘਰ ਜੂਆ ਖੇਡਦੇ ਰਹੇ। ਦੁਪਹਿਰ ਢਲੇ ਗੰਗਾ ਸਿੰਘ ਦੀ ਬੈਠਕ ਵਿਚ ਗਲਾਸੀ ਲਾਉਣ ਲਈ ਇਕੱਠੇ ਹੋਏ । ਉਪਰੰਤ ਕਰਮੇ ਨੇ ਆ ਕੇ ਚਰਨੂੰ ਨੂੰ ਲੱਖ ਲਾਅਣਤ ਪਾਈ ਕਿ ਤੂੰ ਇਹ ਕਾਰਾ ਕਿਉਂ ਕੀਤਾ ਹੈ।
ਕਹਿਓਸ ਕਿ ਇਹ ਤਾਂ ਅਪਣੀ ਭਰੋਸੇ ਯੋਗ ਪੱਕੀ ਠਾਹਰ ਸੀ। ਇਹ ਕਰਮਾ ਡਾਕੂ ਚੜ੍ਹਦੇ 1946 ਵਿਚ ਤਦੋਂ ਥਾਣਾ ਵੱਡਾ ਘਰ ਤਹਿਸੀਲ ਨਨਕਾਣਾ ਸਾਹਿਬ ਵਿਖੇ ਬੜੇ ਪਿੰਡੀਆਂ ਦੇ ਡੇਰੇ 'ਤੇ ਪੁਲਸ ਨੇ ਕਿਸੇ ਮੁਖਬਰ ਦੀ ਸੂਹ ’ਤੇ ਖੂਹ ’ਤੇ ਨਹਾਉਂਦਾ ਦਬੋਚ ਕੇ ਮਾਰ ਮੁਕਾਇਆ। ਦਬੋਚਣ ਤੋਂ ਪਹਿਲਾਂ ਥਾਣੇਦਾਰ ਨੇ ਪੁੱਛਿਆ ਕਿ ਕਰਮਾ ਹੈਂ? ਤਾਂ ਕਰਮੇ ਨੇ ਕਿਹਾ ਨਹੀਂ ਜੀ ਹੁਣ ਤਾਂ ਨਿਕਰਮਾ ਹਾਂ"।
ਸ. ਅਜੀਤ ਸਿੰਘ ਸੰਧੂ (ਜਨਮ ਸਾਲ 1933) ਜੋ ਉਪਰੋਕਤ ਦਰਜ ਕਰਤਾਰ ਸਿੰਘ ਦੇ ਸਕੇ ਛੋਟੇ ਭਾਈ ਹਨ-ਬੋਲਦੇ ਹਨ ਕਿ 1940 ਵਿਆਂ ਤੋਂ ਪਹਿਲਾਂ ਕਰਮਾ ਸਰੀਂਹ-ਨਕੋਦਰ ਆਪਣੇ ਜੱਦੀ ਪਿੰਡ ਵਿਚ ਵਾਸ ਕਰਦਿਆਂ ਕਾਲਾ ਸੰਘਿਆਂ ਪਿੰਡ ਵਿਚ, ਜਿੱਥੇ ਦੋ ਗਰੁਪਾਂ ਵਿਚ ਲੰਬੇ ਸਮੇ ਤੋਂ ਭਰਾ ਮਾਰੂ ਜੰਗ ਚੱਲ ਰਹੀ ਸੀ, ਵਿਚ ਇਕ ਗਰੁੱਪ ਦੀ ਹਮਾਇਤ ’ਤੇ ਜਾਇਆ ਕਰਦਾ ਸੀ। ਬਾਰ ਵਿਚ ਆਬਾਦ ਨਵਾਂ ਸਰੀਂਹ ਅਤੇ ਪੁਰਾਣਾ ਸਰੀਂਹ ਦੇ ਆਸਪਾਸ ਇਕ ਮੁਸਲਮਾਨ ਚੌਧਰੀ ਨੂੰ ਮਾਰਨ ਦੀ ਸੁਪਾਰੀ ਕਿਸੇ ਮੁਸਲਮਾਨ ਚੌਧਰੀ ਨੇ ਕਰਮੇ ਹੋਰਾਂ ਨੂੰ ਦੇਣੀ ਕੀਤੀ। ਉਸ ਪਿੰਡ ਦਾ ਨਾਮ ਤਾਂ ਯਾਦ ਨਹੀਂ ਪਰ ਉਹ ਕਹਾਣੀ ਇੰਝ ਹੈ-ਕਿ ਮੇਰਾ ਭਰਾ ਕਰਤਾਰਾ ਉਸ ਮੁਸਲਿਮ ਚੌਧਰੀ ਦੀ ਹਵੇਲੀ ਵਿਚ ਉਸ ਨੂੰ ਮਾਰਨ ਲਈ ਅੰਦਰ ਚਲਾ ਗਿਆ। ਕਰਮਾ ਅਤੇ ਉਸ ਦਾ ਸਾਥੀ ਬਾਹਰ ਖੜੇ ਰਹੇ। ਮੁਸਲਿਮ ਚੌਧਰੀ ਅਪਣੇ ਬਚਾ ਲਈ ਇਕ ਵੱਡੇ ਕੌਲ਼ੇ ਦੁਆਲੇ ਘਝਾਨੀਆਂ ਦੇਣ ਲੱਗ ਪਿਆ। ਕਰਤਾਰੇ ਨੇ ਪਿਸਤੌਲ ਨਾਲ ਫਾਇਰ ਕੀਤਾ ਤਾਂ ਉਹ ਮਿਸ ਹੋ ਗਿਆ। ਤਦੋਂ ਮੁਸਲਿਮ ਨੇ ਦਾਅ ਖੇਡਦਿਆਂ ਕਰਤਾਰੇ ਦੇ ਬਰਛਾ ਕੱਢ ਮਾਰਿਆ। ਕਰਤਾਰਾ ਬਾਹਰ ਵੱਲ ਭੱਜਾ ਅਤੇ ਕਰਮੇ ਹੋਰਾਂ ਪਾਸ ਜਾ ਕੇ ਡਿੱਗ ਪਿਆ।
ਉਨ੍ਹਾਂ ਯਤਨ ਕੀਤਾ ਕਿ ਉਸ ਨੂੰ ਘੋੜੀ ’ਤੇ ਚੜ੍ਹਾ ਲਿਆ ਜਾਏ ਪਰ ਉਹ ਚੁੱਕਿਆ ਨਾ ਜਾਏ। ਓਧਰ ਪਿੰਡ ’ਚ ਰੌਲ਼ਾ ਪੈਣ ’ਤੇ ਲੋਕ ਇਕੱਠੇ ਹੋ ਗਏ। ਕਰਤਾਰੇ ਨੇ ਵਾਸਤਾ ਪਾਇਆ ਕਿ ਮੈਨੂੰ ਮੇਰੇ ਹਾਲ ’ਤੇ ਛੱਡ ਜਾਓ ਅਤੇ ਆਪਣੀ ਜਾਨ ਬਚਾਓ। ਕਰਮੇ ਨੇ ਇੱਕ ਫਾਇਰ ਕਰਤਾਰੇ ਤੇ ਦੋ ਫਾਇਰ ਹਵਾ ਵਿੱਚ ਕੀਤੇ ਅਤੇ ਆਪਣੇ ਸਾਥੀ ਨਾਲ ਘੋੜੀ ’ਤੇ ਸਵਾਰ ਹੋ ਕੇ ਰਾਤ ਦੇ ਹਨੇਰੇ ’ਚ ਫਰਾਰ ਹੋ ਗਿਆ। ਕਰਤਾਰਾ ਜ਼ਖਮਾਂ ਦੀ ਤਾਬ ਨਾ ਝੱਲਦਿਆਂ, ਉਸੇ ਰਾਤ ਮਰ ਗਿਆ। ਪੁਲਸ ਗਈ ਤਾਂ ਲੋਕਾਂ ਬਿਆਨ ਦਿੱਤਾ ਕਿ ਇਹ ਸਾਡਾ ਨੌਕਰ ਸੀ, ਜਿਸ ਨੂੰ ਕਰਮਾ ਡਾਕੂ ਮਾਰ ਗਿਆ। ਮੁਸਲਮਾਨਾਂ ਨੇ ਹੀ ਉਧਰ ਉਸ ਨੂੰ ਦਫਨਾ ਦਿੱਤਾ। ਸ. ਅਜੀਤ ਸਿੰਘ ਮਾਲੜੀ-ਨਕੋਦਰ, ਜੋ 1970-80 ਵਿਆਂ ਦੇ ਆਰ-ਪਾਰ ਕਬੱਡੀ ਦੇ ਮਸ਼ਹੂਰ ਖਿਡਾਰੀ /ਕੋਚ ਹੋਏ ਹਨ, ਦੇ ਪਿਤਾ ਸ. ਜਗਤ ਸਿੰਘ, ਜੋ ਕਰਤਾਰਾ ਦੇ ਸਕੇ ਤਾਇਆ ਜੀ ਸਨ, ਬਾਰ ਦੇ ਪੁਰਾਣਾ ਸਰੀਂਹ ਵਿਚ ਰਹਾਇਸ਼ ਰੱਖਦੇ ਸਨ।
ਉਨ੍ਹਾਂ ਨੇ ਆਪਣੇ ਹੋਰ ਭਾਈਚਾਰੇ ਨਾਲ ਮਿਲ ਕੇ ਕਰਤਾਰੇ ਦੇ ਕੇਸ ਦੀ ਕੇਵਲ ਪੈਰਵੀ ਹੀ ਨਹੀਂ ਕੀਤੀ ਸਗੋਂ ਪੁਲਸ ਰਾਹੀਂ ਕਰਤਾਰੇ ਦੇ ਕਤਲ ਉਪਰੰਤ ਉਸ ਦੀ ਫੋਟੋ ਵੀ ਕਰਵਾ ਲਈ । ਉਸ ਨੇ ਕਰਮੇ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਕਰਤਾਰੇ ਦੀ ਦੇਹ ਨੂੰ ਕਬਰ ’ਚੋਂ ਕੱਢ ਕੇ ਸਸਕਾਰ ਕਰ ਦਿਤਾ । ਤਦੋਂ ਅਜੀਤ ਸਿੰਘ ਮਾਲੜੀ ਵੀ ਉਧਰ ਬਾਰ ਵਿਚ ਹੀ ਸਨ ਤੇ ਇਧਰ ਜੱਦੀ ਪਿੰਡ ਸਰੀਂਹ-ਨਕੋਦਰ ਵਿਚ ਪੁਲਸ ਨੇ ਦਫਾ 29 ਤਹਿਤ ਸਾਲ ਭਰ ਪੁਲਿਸ ਛਾਉਣੀ ਬਿਠਾਈ ਰੱਖੀ।

ਕਰਮੇ ਡਾਕੂ ਦੇ ਸੁਭਾਓ ਦੇ ਉਲਟ ਉਸ ਦੇ ਪਿਤਾ ਸ. ਚੂੜ ਸਿੰਘ ਅਤੇ ਉਸ ਦੇ ਚਾਚਾ ਸ. ਨਰੈਣ ਸਿੰਘ ਦੀ ਘਾਲ ਕਮਾਈ ਦਾ ਪਿੰਡ ਹਮੇਸ਼ਾ ਹੀ ਦੇਣ ਦਾਰ ਰਹੇਗਾ ਕਿ ਉਨ੍ਹਾਂ ਸਿੰਘ ਸਭਾ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਵੱਧ ਚੜ੍ਹ ਕੇ ਹਿਸਾ ਲਿਆ। ਸ. ਨਰੈਣ ਸਿੰਘ ਅਤੇ ਇਨ੍ਹਾਂ ਦੇ ਆਰ-ਪਰਿਵਾਰ ’ਚੋਂ ਜਥੇਦਾਰ ਜੀਵਾ ਸਿੰਘ ਹੋਰਾਂ ਨੇ ਬਾਰ ਵਿਚ ਰਹਿੰਦਿਆਂ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਵੀ ਸਰਗਰਮ ਭੂਮਿਕਾ ਨਿਭਾਈ । ਜੈਤੋ ਦੇ ਮੋਰਚੇ ਸਮੇਂ ਜਦ ਜਥੇ ਦਾ ਇਕ ਰਾਤ ਦਾ ਪੜਾ ਸਰੀਂਹ (ਨਕੋਦਰ) ਪਿੰਡ ਵਿਚ ਹੋਇਆ ਤਾਂ ਪਿੰਡ ਦੀ ਸੰਗਤ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਕੇ ਬਾਬਾ ਜੀ ਸ. ਸਤਨਾਮ ਸਿੰਘ ਹੋਰਾਂ ਦੀ ਦੇਖ ਰੇਖ ਵਿਚ ਖੂਬ ਟਹਿਲ ਸੇਵਾ ਕੀਤੀ। ਸ. ਸਤਨਾਮ ਸਿੰਘ ਵੀ ਜੈਤੋ ਦੇ ਜਥੇ ਦੇ ਨਾਲ ਹੀ ਸ਼ਾਮਲ ਹੋ ਤੁਰੇ ਅਤੇ ਸ਼ਹੀਦੀ ਪਾਈ। ਉਪਰੋਕਤ ਦਰਜ ਕਰਤਾਰੇ ਦਾ ਸਕਾ ਭਰਾ ਸ. ਦੀਦਾਰ ਸਿੰਘ ਗੋਰਾ ਸਰਕਾਰ ਵਲੋਂ ਦੂਜੀ ਆਲਮੀ ਜੰਗ ਵਿਚ ਲੜਦਾ ਹੋਇਆ ਮਿਲਾਨ-ਇਟਲੀ ਵਿਖੇ ਸ਼ਹੀਦ ਹੋਇਆ।
ਪਿੰਡ ਪੀਰਪੁਰ ਨਜਦੀਕ ਚੱਕ ਵੇਂਡਲ (ਨਕੋਦਰ) ਤੋਂ ਪੰਜਾਬ ਪਰਿਵਾਰ ਕੇ ਬਜ਼ੁਰਗ ਜਰਨੈਲ ਸਿੰਘ,ਹਰਭਜਨ ਸਿੰਘ ਪੁੱਤਰਾਨ ਮੁਣਸਾ ਸਿੰਘ ਦੱਸਦੇ ਹਨ, "ਅਸੀਂ ਆਪਣੀ ਬਾਲ ਉਮਰੇ ਦੇਖਦੇ ਰਹੇ ਹਾਂ ਕਿ ਸੰਨ 1940 ਵਿਆਂ ਦੇ ਕਰੀਬ ਬਾਰ ਜਾਣ ਤੋਂ ਪਹਿਲਾਂ ਕਰਮਾ ਡਾਕੂ ਮਾਰ ਧਾੜ ਕਰਕੇ ਇਧਰ ਪੀਰਪੁਰ ਸਾਡੇ ਬਿਲਕੁਲ ਗੁਆਂਢੀ ਚੱਕਾਂ ਵਾਲੇ ਚੇਤੂ ਕੇ ਖੂਹ ਅਤੇ ਬੇਂਈ ਵੱਲ ਚੱਕਾਂ ਵਾਲੇ ਬਾਨੇ ਕਿਆਂ ਦੇ ਖੂਹ ’ਤੇ ਵੀ ਰਾਤ ਕਟੀ ਕਰਦਾ ਰਿਹਾ ਹੈ। ਬਾਰ ਵਿਚ ਇਕ ਦਫ਼ਾ ਕੋਈ 10-12 ਬੀਬੀਆਂ ਦੀ ਟੋਲੀ ਕਿਧਰੇ ਮਕਾਣ ਦੇ ਰੂਪ ਵਿਚ ਜਾ ਰਹੀ ਸੀ। ਤਦੋਂ ਨਹਿਰ ਦੇ ਪੁਲ਼ ’ਤੇ ਕਰਮਾ ਡਾਕੂ ਭੇਸ ਬਦਲ ਕੇ ਬੈਠਾ ਸੀ। ਇਕ ਸਿਆਣੀ ਔਰਤ ਬੋਲੀ ਕਿ ਕਿਧਰੇ ਕਰਮਾ ਡਾਕੂ ਨਾ ਹੋਵੇ, ਆਪਣੇ ਪੈਸੇ ਅਤੇ ਸੋਨਾ ਲਕੋਅ ਲਉ। ਜਦ ਕਰਮੇ ਨੇ ਇਹ ਸੁਣਿਆ ਤਾਂ ਉਸ ਨੂੰ ਬੀਬੀਆਂ ਦੇ ਇਸ ਪ੍ਰਭਾਵ ਦੀ ਇੰਨੀ ਨਾਮੋਸ਼ੀ ਹੋਈ ਕਿ ਉਹ ਡਾਕੂ ਪੁਣਾ ਛੱਡ ਗਿਆ।"

ਸੂਬਾ ਮੁਹੰਮਦ ਚੌਂਕੀਦਾਰ ਪਿੰਡ ਆਧੀ ਤੋਂ ਬੋਲਦੇ ਨੇ ਕਿ ਉਹ ਆਪਣੇ ਬਚਪਨ ਵਿੱਚ ਕਰਮੇ ਡਾਕੂ ਨੂੰ ਕੁਲਾਰਾਂ ਪਿੰਡ 'ਚ ਬਜ਼ੁਰਗਾਂ ਨਾਲ ਤਾਸ਼ ਜੂਆ ਖੇਡਦੇ ਦੇਖਦੇ ਰਹੇ ਹਨ।ਉਸ ਵਕਤ ਉਦਾ ਬਹੁਤਾ ਮੇਲ ਮਿਲਾਪ ਕਾਲਾ ਸੰਘਿਆਂ ਦੇ ਖਾੜਕੂ ਬਿਰਤੀ ਵਾਲੇ ਬੰਦਿਆਂ ਨਾਲ ਰਿਹੈ।
ਬਜ਼ੁਰਗ ਜੋਗਿੰਦਰ ਸਿੰਘ ਪੁੱਤਰ ਬੰਤਾ ਸਿੰਘ ਕੌਮ ਜੱਟ ਸਿੱਖ (ਜਨਮ 1930) ਸਰੀਂਹ ਬੋਲਦੇ ਹਨ, " ਇਧਰ ਕਰੀਬ 1930 ਵਿਚ ਕਰਮੇ ਦਾ ਝਗੜਾ ਆਤਮਾ ਰਾਮ ਬ੍ਰਾਹਮਣ ਦੇ ਪਰਿਵਾਰ ਨਾਲ ਹੋਣ ’ਤੇ ਕੁੱਟ-ਕੁਟਾਪਾ ਹੋ ਗਿਆ । ਜਿਸ ਉਪਰੰਤ ਉਸ ਦਾ ਮੂੰਹ ਖੱਬੇ ਪਾਸੇ ਵੱਲ ਥੋੜਾ ਵਿੰਗਾ ਰਹਿਣ ਲੱਗਾ। ਉਹ ਕੁਰਤਾ-ਚਾਦਰਾ, ਧੌੜੀ ਦੇ ਖੁੱਸੇ ਪਹਿਨਦਾ ਅਤੇ ਲੜ ਛੱਡਵੀਂ ਦਸਤਾਰ ਬੰਨ੍ਹਦਾ । ਉਸ ਦਾ ਕੱਦ ਦਰਿਆਨਾ ਪਰ ਸਰੀਰ ਨਿੱਗਰ ਅਤੇ ਨਕਸ਼ੋਂ-ਨਿਹਾਰ ਆਕਰਸ਼ਤ ਸਨ। ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਮੁੱਢਲੇ ਆਧਾਰ ’ਤੇ ਉਹ ਨਾ ’ਤੇ ਡਾਕੂ ਸੀ ਅਤੇ ਨਾ ਹੀ ਕੋਈ ਇੰਨੇ ਕੌੜੇ ਜਾਂ ਮਾੜੇ ਕਿਰਦਾਰ ਦਾ ਬੰਦਾ ਸੀ। ਬੱਸ ਸਮੇਂ ਦੇ ਹਾਲਾਤ ਨੇ ਉਸ ਨੂੰ ਇਹ ਉਪਨਾਮ ਦੇ ਦਿੱਤੇ। ਕਾਸ਼ ਉਹ ਦੁੱਲੇ ਭੱਟੀ ਵਾਂਗ ਕੋਈ ਸਖੀ ਕੰਮ ਕਰ ਜਾਂਦਾ, ਜਿਸ ’ਤੇ ਸਾਡਾ ਪਿੰਡ ਮਾਣ ਕਰਦਾ। ਸਰੀਂਹ-ਨਕੋਦਰ ਤੋਂ ਹੀ ਇਕ ਹੋਰ ਬਜ਼ੁਰਗ ਸ. ਪਿਆਰਾ ਸਿੰਘ ਸੰਧੂ ਦੱਸਦੇ ਹਨ ਕਿ ਇਧਰ ਜੰਡਿਆਲਾ ਮੰਜਕੀ ਰੋਡ ’ਤੇ ਤਕੀਏ ਦੀ ਢੱਕੀ ਪਾਸ ਉਸ ਦੌਰ ਵਿਚ ਇਕ ਔਰਤ ਘਿਓ ਦਾ ਕੁੱਜਾ ਲਈ ਜਾਵੇ ਤਾਂ ਕੋਈ ਰਾਹਗੀਰ ਉਸ ਪਾਸੋਂ ਘਿਓ ਖੋਹ ਕੇ ਭੱਜ ਗਿਆ। ਮਾਈ ਗਾਲ਼ਾਂ ਕੱਢੇ ਕਿ ਕਰਮਾ ਮਰ ਜਾਣਾ ਮੇਰਾ ਘਿਓ ਖੋਹ ਕੇ ਲੈ ਗਿਆ। ਸਬੱਬੀਂ ਕਿਧਰੇ ਕਰਮਾ ਵੀ ਉਸੇ ਢੱਕੀ ਵਿਚ ਲੁੱਕਿਆ ਬੈਠਾ ਸੀ। ਕਰਮਾ ਭੱਜ ਕੇ ਬਾਹਰ ਨਿਕਲਿਆ ਮਾਈ ਨੂੰ ਮਿਲਿਆ ਤਾਂ ਉਸ ਭੱਜੇ ਜਾਂਦੇ ਲੁਟੇਰੇ ਦਾ ਪਿੱਛਾ ਕਰਕੇ,ਛਿਤਰੌਲ ਕਰਦਿਆਂ ਘਿਓ ਖੋਹ ਲਿਆ, ਮਾਈ ਨੂੰ ਦੇ ਦਿੱਤਾ,ਜੋ ਉਸ ਦੇ ਸਖ਼ੀ ਡਾਕੂ ਹੋਣ ਦੀ ਗਵਾਹੀ ਭਰਦਾ ਹੈ।
ਮਾਸਟਰ ਸਤਵੀਰ ਸਿੰਘ ਚਾਨੀਆਂ
92569-73526
ਕਿਤਾਬ ਘਰ : ਘੁਮੱਕੜ ਸ਼ਾਸਤਰ
NEXT STORY