ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਪੰਜਾਬ ਦੇ ਬੂਹੇ ਤੇ ਖਲੋਅ ਜਾਂਦੀ ਹੈ।ਇਹ ਸਮੱਸਿਆ ਸਰਕਾਰ, ਜ਼ਿੰਮੀਦਾਰ ਅਤੇ ਵਾਤਾਵਰਨ ਲਈ ਵੱਖ-2 ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ। ਇਸ ਸਮੱਸਿਆ ਲਈ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ, ਜਿਵੇਂ ਕਿ ਕਿਸਾਨ ਨੂੰ ਜਾਗਰੂਕ ਕਰਨਾ ਅਤੇ ਨਿਯਮਾਵਲੀ ਨਿਰਧਾਰਿਤ ਕਰਨੀ। ਸਰਕਾਰ ਵੱਲੋਂ ਕਿਸਾਨਾਂ ਨੂੰ ਬਿਨ੍ਹਾਂ ਪਰਾਲੀ ਵਾਹੇ ਹੈਪੀ ਸੀਡਰ ਰਾਹੀਂ ਬਿਜਾਈ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਵੱਲੋਂ 2013 ਵਿਚ ਕਣਕ ਅਤੇ ਪਰਾਲੀ ਨੂੰ ਸਾੜ੍ਹਨ ਤੇ ਕਾਨੂੰਨੀ ਦਾਇਰੇ ਹੇਠ ਲਿਆ ਕੇ ਪਾਬੰਦੀ ਲਗਾਈ ਗਈ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਜਿੰਮੀਦਾਰ ਦੀ ਮਦਦ ਲਈ ਸਰਕਾਰੀ ਧਿਰ ਨੂੰ ਕਿਹਾ ਸੀ। ਬਹੁਤ ਵਾਰੀ ਸਰਕਾਰੀ ਪੱਖ ਵੱਲੋਂ ਵਿਹੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ ਵਾਲਾ ਸਿਧਾਂਤ ਹੁੰਦਾ ਹੈ ਪਰ ਪਰਾਲੀ ਨੂੰ ਅੱਗ ਲਾਉਣ ਦੇ ਮਸਲੇ ਤੇ ਸਰਕਾਰੀ ਧਿਰ ਸੰਜੀਦਾ ਰਹਿੰਦੀ ਹੈ।ਖੇਤੀਬਾੜੀ ਮਹਿਕਮਾ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਆਪਣਾ ਯੋਗਦਾਨ ਪਾਉਂਦਾ ਹੈ।
ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਜਿੰਮੀਦਾਰ ਨੇ ਝੋਨੇ ਹੇਠ ਰਕਬਾ ਵਧਾ ਕੇ 1970 ਤੋਂ 80 ਦਰਮਿਆਨ ਕੇਂਦਰੀ ਪੂਲ ਵਿਚ 10.94 ਚਾਵਲ ਦਾ ਹਿੱਸਾ ਪਾਇਆ ਜੋ ਕਿ 2009 ਵਿਚ ਵਧ ਕੇ 33.08 ਹੋ ਗਿਆ। ਇਸ ਨਾਲ ਭੰਡਾਰ ਤਾਂ ਭਰੇ ਪਰ ਕਿਸਾਨ ਲਈ ਸਮੱਸਿਆ ਇਹ ਹੋਈ ਕਿ ਫਸਲੀ ਚੱਕਰ ਵਿਚ ਫਸ ਕੇ ਆਪਣੇ ਆਪ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗਿਆ। ਇਸ ਨਾਲ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਦੇ ਉਪਰਾਲੇ ਕੀਤੇ ਗਏ। ਇਸ ਨਾਲ ਕਿਸਾਨ ਜਾਗਰੂਕ ਤਾਂ ਹੋਇਆ ਪਰ ਉਸ ਦੀ ਟਿੱਕ ਟਿੱਕੀ ਝੋਨੇ ਉਤੇ ਹੀ ਲੱਗੀ ਰਹੀ। ਇਸ ਨਾਲ ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਅਤੇ ਪਾਣੀ ਦੀ ਸਤ੍ਹਾ, ਹਰ ਸਾਲ 33 ਸੈ. ਮੀ. ਥੱਲੇ ਜਾਣ ਕਰਕੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗੀ।
ਪਰਾਲੀ ਦੀ ਸੰਯੋਗ ਵਰਤੋਂ ਲਈ ਪੂਆਂ ਨੂੰ ਸੁੱਕੇ ਘਾਹ ਵੱਜੋਂ ਅਤੇ ਹਿਮਾਚਲ ਪ੍ਰਦੇਸ਼ ਨੂੰ ਸੇਬਾਂ ਦੀ ਪੈਕਿੰਗ ਲਈ ਕੀਤੀ ਜਾ ਸਕਦੀ ਹੈ। ਛੋਟਾ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆਂ ਤੋਂ ਦੂਰ ਰਹਿੰਦਾ ਹੈ ਕਿਉਂਕਿ ਉਸ ਦੀ ਪਰਾਲੀ ਉਸ ਦੇ ਡੰਗਰਾਂ ਦੇ ਖਾਣ ਦੇ ਕੰਮ ਆਉਂਦੀ ਹੈ। ਵੱਡਾ ਜ਼ਿੰਮੀਦਾਰ ਪਰਾਲੀ ਨੂੰ ਅੱਗ ਲਾਉਂਦਾ ਹੈ। ਇਸ ਨਾਲ ਵਾਤਾਵਰਨ ਜ਼ਹਿਰੀਲਾ ਹੁੰਦਾ ਹੈ।ਸੜਕਾਂ ਉੱਤੇ ਧੂਆਂ ਹੋਣ ਕਰਕੇ ਹਾਦਸੇ ਵੀ ਹੁੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨੀ ਸਿਹਤ ਨੁਕਸਾਨੀ ਜਾਂਦੀ ਹੈ। ਇਸ ਲਈ ਸਰਕਾਰ ਅਤੇ ਕਿਸਾਨ ਦਾ ਫਰਜ਼ ਬਣਦਾ ਹੈ ਕਿ ਭਵਿੱਖੀ ਖਤਰੇ ਤੋਂ ਬਚਣ ਲਈ ਹਰ ਸਾਲ ਰਾਗ ਅਲਾਪਣ ਨਾਲੋਂ ਪਰਾਲੀ ਨੂੰ ਅੱਗ ਲਾਉਣ ਦਾ ਰੂਝਾਨ ਤੁਰੰਤ ਯੂ_ਟਰਨ ਲਵੇ।ਇਸ ਸਬੰਧੀ ਸਰਕਾਰ ਅਤੇ ਕਿਸਾਨਾਂ ਵੱਲੋਂ ਪੁੱਖਤਾ ਪ੍ਰਬੰਧ ਹੋਣੇ ਚਾਹੀਦੇ ਹਨ। ਜਿਸ ਨਾਲ ਅਗਲੀ ਪੀੜ੍ਹੀ ਖੱਜਲ ਖੁਆਰੀ ਤੋਂ ਬਚ ਸਕੇਗੀ।ਇਸ ਸਬੰਧੀ ਕਿਸਾਨ ਸਰਕਾਰ ਅਤੇ ਵਾਤਾਵਰਨ ਤਿੰਨੇ ਧਿਰਾਂ ਸੁਖਾਲੀਆਂ ਹੋ ਸਕਦੀਆਂ ਹਨ।ਇਸ ਸਬੰਧੀ ਲੋਕ ਲਹਿਰ ਪੈਦਾ ਕਰਨਾ ਅੱਜ ਸਮੇਂ ਦੀ ਮੁੱਖ ਮੰਗ ਹੈ।
ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ।
98781_11445
ਪਾਠ ਪੂਜਾ ਅਤੇ ਪ੍ਰਾਰਥਨਾ ਸਾਡੀਆਂ ਹੀ ਕਾਢਾਂ ਹਨ
NEXT STORY