ਦਿੱਲੀ ਥਰ ਥਰ ਕੰਬੀ ਮਾਰੀ ਜਦ ਪੰਜਾਬ ਲਲਕਾਰ,
ਮਨਮਰਜ਼ੀਆਂ ਕਰ ਰਹੀ ਭੁਗਤਣ ਲਈ ਹੋ ਤਿਆਰ।
ਨਸ਼ੇ ਸਿਆਸਤ ਦੇ ’ਚ, ਕਿਉਂ ਭੁੱਲ ਬੈਠੀ ਇਤਿਹਾਸ,
ਇਨ੍ਹਾਂ ਸ਼ੇਰ ਦੇ ਜਬੜੇ ਪਾੜ, ਕੀਤੇ ਹਾਥੀਆਂ ਸ਼ਿਕਾਰ।
ਅੱਖ ਤੇਰੀ ’ਚ ਰੜਕ ਦੇ, ਮੇਰੀ ਮਾਂ ਬੋਲੀ ਤੇ ਪੰਜਾਬ,
ਮੋਢੇ ਰੱਖੀ ਕਹੀ ਦਾਤੀ ਨੂੰ, ਸਮਝੇ ਕਿਉਂ ਤੂੰ ਹਥਿਆਰ।
ਕੁਰਸੀ ਤੇਰੀ ਹਾਕਮਾਂ ਚੰਦ ਕੁ ਦਿਨਾਂ ਦੀ ਹੈ ਮਹਿਮਾਨ,
ਅੱਜ ਤੇਰੇ ਹੇਠ ਬੋਲਦੀ, ਕੱਲ੍ਹ ਬਦਲ ਜਾਣਗੇ ਹੱਕਦਾਰ।
ਤੈਨੂੰ ਲੱਗੇ ਨਸ਼ਿਆ ਨੇ ਖੋਖਲਾ ਕਰਤਾ ਹੋਣਾ ਪੰਜਾਬ,
ਅਜੇ ਝੰਡੇ ਜੜੀਆਂ ਡਾਗਾਂ, ਜਲਦ ਚੁੱਕਾਂਗੇ ਤਲਵਾਰ।
ਚੌਂਕੀਦਾਰ
ਸ਼ਾਹੀ ਠਾਠ-ਬਾਠ, ਸੂਟ ਬੂਟ ਲੱਖਾਂ ਦਾ ਪਾਉਣਾ,
ਚੰਗਾ ਲੱਗਦਾ ਹੈ ਪਰ ਚੌਂਕੀਦਾਰ ਅਖਵਾਉਣਾ।
‘ਮਨ ਕੀ ਬਾਤ’ ਕਰ ਲੈਂਦਾ ਪਰ ਸੱਚ ਨਾ ਦੱਸਦਾ,
ਸਿਆਸਤ ਨੂੰ ਖੇਡ, ਜਨਤਾ ਨੂੰ ਸਮਝੇ ਖਿਡਾਉਣਾ।
ਕਰੇ ਭਾਸ਼ਣ ਕਮਾਲ ਕੀਲ ਲਵੇ ਪਸ਼ੂ ਤੇ ਪੰਛੀ,
ਔਖਾ ਨਹੀਂ ਉਹਦੇ ਲਈ ਜਨਤਾ ਨੂੰ ਫਸਾਉਣਾ।
ਬੜ੍ਹਾ ਹੈ ਚਲਾਕ ਨੇਤਾ ਧਰਮ ਨੂੰ ਅੱਗੇ ਰੱਖਦਾ,
ਉਂਝ ਆਖੇ ਧਰਮ ਨਿਰਪੱਖ ਦੇਸ਼ ਹੈ ਚਲਾਉਣਾ।
ਗੁਆਂਢ ’ਚ ਬਣੇ ਨਾ, ਸਮੁੰਦਰੋਂ ਪਾਰ ਯਾਰੀਆ,
ਮੋਢੇ ਰੱਖ ਗੋਰਿਆਂ ਭਾਈਆ ਸਬਕ ਸਿਖਾਉਣਾ।
ਰਾਜੇ ਦੀ ਸਿਆਣਪ ਨੂੰ ਕਾਰਨਾਮੇ ਸਿੱਧ ਕਰਦੇ,
ਤਾੜੀਆਂ ਵਜਾ, ਭਾਂਡੇ ਖੜਕਾ ਕੋਰੋਨਾ ਭਜਾਉਣ।
ਅਰਬਾ ਕਰੋੜਾਂ ਲੈ ਕਾਰੋਬਾਰੀ ਵਿਦੇਸ਼ੀ ਭੱਜਗੇ,
ਪੰਦਰਾਂ ਲੱਖ ਜਨਤਾ ਨੂੰ ਕਾਲਾ ਧਨ ਲਿਆਉਣਾ।
ਮੋਦੀ
ਤੇਰੇ ਅੱਛੇ ਦਿਨਾਂ ਨੇ ਡੋਬਿਆ ਪਹਿਲਾਂ ਦੇਸ਼ ਮੋਦੀ,
ਹੁਣ ਡੋਬਣਗੇ ਭਾਜਪਾ ਤੇਰੇ ਬਦਲੇ ਹੋਏ ਭੇਸ ਮੋਦੀ।
ਲਏ ਫੈਸਲੇ ਹੁਣ ਤੱਕ ਦੇ ਤੇਰੇ ਸਭ ਗਲਤ ਨਿਕਲੇ,
ਫੱਟੀ ਪੋਚੀ ਗਈ ਤੇਰੇ ਰਾਜ ਦੀ ਦੇਸ਼-ਵਿਦੇਸ਼ ਮੋਦੀ।
ਅਕਲ ਨੂੰ ਮਾਰ ਹੱਥ ਛੱਡ ਵਿਚੋਲਗੀ ਸਾਂਭ ਵਤਨ,
ਸੇਵਾ ਕਰ ਤੂੰ ਜਨਤਾ ਦੀ ਬਣ ਸੱਚਾ ਦਰਵੇਸ਼ ਮੋਦੀ।
ਵੱਸ ਲਾਲਚ ਜੇ ਚੱਪਾ ਚੱਪਾ ਤੂੰ ਦਿੱਤਾ ਵੇਚ ਏਸ ਦਾ,
ਨਾ ਦੋ ਗਜ ਜਗ੍ਹਾ ਮਿਲੇ ਨਾ ਕਫ਼ਨ ਲਈ ਖੇਸ ਮੋਦੀ।
ਦੱਸ ਕਿੰਨਾ ਚਿਰ ਲੁਕੇਂਗਾ ਹੋਰ ਸਿਆਸਤ ਦੇ ਓਹਲੇ,
ਲੋਕਤੰਤਰ ਆਇਆ ਹਿਸਾਬ ਕਰਨ, ਹੋ ਪੇਸ਼ ਮੋਦੀ।
ਤੂੰ ਦੌੜਦਾ ਰਿਹਾ ਸੀ ਕੁਰਸੀਆਂ ਦੇ ਨਾਲ ਪਹਿਲਾਂ,
ਪਰ ਹੁਣ ਲੱਗੀ ਤੇਰੀ ਕਿਰਤੀਆਂ ਦੇ ਨਾਲ ਰੇਸ ਮੋਦੀ।
ਛੱਡ ਦੇ ਅੜੀ ਤੇ ਬੈਠ ਜਾ ਗੋਡਣੀਆਂ ਭਾਰ ਆ ਕੇ,
ਦੇਖ ਚੜ੍ਹਦੀ ਆਉਂਦੀ ਦਿੱਲੀ ’ਤੇ ਫੌਜ ਦਸਮੇਸ਼ ਮੋਦੀ।
ਜਸਵੰਤ ਗਿੱਲ ਸਮਾਲਸਰ
ਵਟਸਐਪ:97804-51878
ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਡਾਕਟਰ ਦੀ ਫੀਸ'
NEXT STORY