ਅੱਜ ਸਵੇਰ ਹੁੰਦਿਆਂ ਹੀ ਰਾਮੂ, ਢੋਲੂ, ਤੇ ਬਸ਼ੀਰ ਰੋਜ਼ ਦੀ ਤਰ੍ਹਾਂ ਆਪਣੀਆਂ ਕਹੀਆਂ ਤੇ ਹੋਰ ਔਜਾਰ ਚੁੱਕ ਕੇ ਨਵੇਂ ਬਣ ਰਹੇ ਜੀਟੀ ਰੋਡ ਤੇ ਕੰਮ ਕਰਨ ਲਈ ਨਿਕਲ ਤੁਰੇ, ਆਪਣੀ ਪੂਰੀ ਲਗਨ ਨਾਲ ਕੰਮ ਕਰ ਰਹੇ ਸਨ। ਆਉਂਦੇ ਜਾਂਦੇ ਰਾਹੀਂ ਸੱਜਰੇ ਪਏ ਹੋਏ ਪੱਥਰ ਤੋਂ ਮਸਾਂ ਈਂ ਲੰਘਦੇ ਹੋਏ ਪੁੱਛਦੇ, ਬਾਈ ਕਦੋਂ ਤੱਕ ਸੜਕ ਬਣ ਜਾਏਗੀ ਤਾਂ ਰਾਮੂ ਝੱਟ ਈ ਆਖ ਦੇਂਦਾ, ਸਰਦਾਰ ਜੀ, ਬੱਸ ਥੋੜ੍ਹੇ ਦਿਨ ਔਰ ਆਪ ਕੋ ਤਕਲੀਫ ਝੇਲਣੀ ਪੜੇਗੀ, ਹਮ ਜਲਦੀ ਹੀ ਇਸ ਕਾ ਕਾਮ ਨਿਪਟਾ ਦੇਂਗੇ, ਅੱਜ ਬਿਸ਼ਨ ਸਿੰਹੁ ਵੀ ਆਪਣੇ ਖੇਤ ਚੋਂ ਪੱਠੇ ਵੱਢਣ ਲਈ ਜਲਦੀ ਘਰੋਂ ਆ ਗਿਆ, ਬਿਸ਼ਨ ਸਿੰਘ ਦਾਤਰੀ ਪੱਠਿਆਂ ਦੇ ਟੱਕ ਵਿੱਚ ਰੱਖ ਕੇ ਸੜਕ ਤੇ ਕੰਮ ਕਰਦੇ ਹੋਏ ਮਜਦੂਰਾਂ ਦੇ ਕੋਲ ਆ ਖਲੋਤਾ ਅਤੇ ਉਹਨਾਂ ਨਾਲ ਗੱਲੀਂ ਰੁੱਝ ਗਿਆ।
ਅਚਾਨਕ ਹੀ ਰਾਮੂ ਗੱਲਾਂ ਕਰਦਾ ਕਰਦਾ ਇੱਕ ਦਮ ਆਪਣਾ ਢਿੱਡ ਫੜ ਕੇ ਉੱਚੀ-ਉੱਚੀ ਰੋਣ ਲੱਗ ਪਿਆ, ਛੇਤੀ ਨਾਲ ਕੰਮ ਛੱਡ ਕੇ ਉਹ ਦੇ ਸਾਥੀ ਭੱਜ ਕੇ ਕੋਲ ਆਏ, ਪੁੱਛਣ ਲੱਗੇ, ਅਰੇ ਰਾਮੂ ਕਿਆ ਹੂਆ ਕਿਆ ਹੂਆ, ਰਾਮੂ ਨੇ ਰੋਂਦੇ ਹੋਏ ਨੇ ਕਿਹਾ, ਮੇਰੇ ਪੇਟ ਮੇ ਬਾਹੁਤ ਦਰਦ ਹੋ ਰਹਾ ਹੈ, ਬਿਸ਼ਨ ਸਿੰਘ ਨੇ ਰਾਮੂ ਦੀ ਗੱਲ ਸੁਣ ਕੇ ਕਿਹਾ, ਚਲੋ ਜਲਦੀ ਕਰੋ ਇਹਨੂੰ ਡਾਕਟਰ ਕੋਲ ਲੈ ਚੱਲੀਏ, ਆਹ ਥੋੜ੍ਹੀ ਦੂਰ ਈ ਹਸਪਤਾਲ ਹੈ, ਬਿਸ਼ਨ ਸਿੰਘ ਨੇ ਇੱਕ ਆ ਰਹੀ ਗੱਡੀ ਨੂੰ ਹੱਥ ਦਿੱਤਾ ਤੇ ਉਸ ਤੇ ਬਿਠਾ ਕੇ ਰਾਮੂ ਨੂੰ ਹਸਪਤਾਲ ਲੈ ਗਏ, ਬਿਸ਼ਨ ਸਿੰਘ ਜਲਦੀ ਨਾਲ ਗੱਡੀ ਤੋਂ ਉੱਤਰਿਆ ਤੇ ਰਾਮੂ ਨੂੰ ਸਹਾਰਾ ਦੇ ਕੇ ਥੱਲੇ ਉਤਾਰ ਲਿਆ। ਇੰਝ ਲੱਗਿਆ ਜਿਵੇਂ ਰਾਮੂ ਦਾ ਦਰਦ ਕੁਝ ਘੱਟ ਗਿਆ ਹੋਵੇ, ਬਿਸ਼ਨ ਸਿੰਘ ਨੇ ਪੁੱਛਿਆ, ਰਾਮੂ ਕੁਝ ਫਰਕ ਪੈ ਗਿਆ ਲੱਗਦਾ? ਰਾਮੂ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ, ਹਾਂ ਸਰਦਾਰ ਜੀ ਦਰਦ ਕੁਛ ਕਮ ਹੂਆ ਹੈ, ਬਿਸ਼ਨ ਸਿੰਘ ਰਾਮੂ ਨੂੰ ਫੜ ਕੇ ਅੰਦਰ ਲੈ ਗਿਆ, ਤੇ ਸਾਹਮਣੇ ਚਿੱਟੀ ਵਰਦੀ ’ਚ ਬੈਠੀ ਮੈਡਮ ਨੂੰ ਕਿਹਾ, ਬੇਟਾ, ਧੀਏ ਇਹ ਸੜਕ ਤੇ ਕੰਮ ਕਰਨ ਵਾਲੇ ਮਜਦੂਰ ਨੇ, ਤੇ ਇਹਨੂੰ ਇੱਕ ਦਮ ਬਹੁਤ ਜਿਆਦਾ ਦਰਦ ਉੱਠਿਆ ਸੀ, ਪਰ ਹੁਣ ਆਪਣੇ ਆਪ ਹੀ ਘੱਟ ਗਿਆ ਹੈ, ਅਸੀਂ ਡਾਕਟਰ ਤੋਂ ਇਹਦਾ ਚੈੱਕਅੱਪ ਕਰਵਾਉਣਾ ਹੈ, ਉਸ ਮੈਡਮ ਨੇ ਅੱਗੋਂ ਕਿਹਾ, ਬਾਪੂ ਜੀ ਪਹਿਲਾਂ ਇਹਦੀ ਪਰਚੀ ਬਣਵਾਓ, ਡਾਕਟਰ ਦੇ ਚੈੱਕ ਕਰਨ ਦੀ ਫੀਸ ਦੋ ਸੌ ਰੁਪਈਆ ਹੈ।
ਦੋ ਸੌ ਰੁਪਏ ਫੀਸ? ਬਿਸ਼ਨ ਸਿੰਘ ਸੋਚੀਂ ਪੈ ਗਿਆ। ਰਾਮੂ ਨੇ ਕਿਹਾ ਸਰਦਾਰ ਜੀ, ਮੈਂ ਬਿਲਕੁਲ ਠੀਕ ਹੂੰ ਅਭੀ ਮੁਝੇ ਦਰਦ ਨਹੀਂ ਹੋ ਰਹਾ ਹੈ, ਡਾਕਟਰਨੀ ਸਾਹਿਬਾ ਹਮ ਸਾਰਾ ਦਿਨ ਕਾਮ ਕਰਤੇ ਹੈਂ ਤਬ ਜਾਕੇ ਹਮੇ ਦੋ ਸੌ ਰੁਪਏ ਮਿਲਤੇ ਹੈਂ, ਵੋ ਭੀ ਕਈ ਬਾਰ ਮਾਂਗਨੇ ਪਰ। ਆਪ ਇਸ ਏ-ਸੀ ਕਮਰੇ ਮੈਂ ਬੈਠੇ ਹੋ, ਆਪ ਕਿਆ ਜਾਨੇ ਪੈਸਾ ਕੈਸੇ ਕਮਾਇਆ ਜਾਤਾ ਹੈ, ਆਪ ਕੇ ਡਾਕਟਰ ਕੀ ਦੇਖਨੇ ਕੀ ਫੀਸ ਅਗਰ ਚਾਲੀ ਪਚਾਸ ਰੁਪਏ ਭੀ ਹੋਤੀ ਤੋ ਹਮ ਦੇ ਦੇਤੇ, ਲੇਕਿਨ ਕਿਆ ਕਰੇਂ ਮੈਡਮ, ਅਪਨਾ ਚੈੱਕਅਪ ਕਰਵਾਨੇ ਕੇ ਲੀਏ, ਦੋ ਸੌ ਰੁਪਏ ਕਹਾਂ ਸੇ ਲਾਂਏਂ ਔਰ ਅਪਨੇ ਬੱਚੋਂ ਕੋ ਰਾਤ ਕੋ ਕਿਆ ਖਿਲਾਂਏਗੇ। ਹਮੇਂ ਐਸੇ ਡਾਕਟਰ ਸੇ ਇਲਾਜ ਨਹੀਂ ਕਰਵਾਨਾ ਹੈ, ਜਿਸ ਕੀ ਦੇਖਨੇ ਕੀ ਹੀ ਫੀਸ ਦੋ ਸੌ ਰੁਪਏ ਹੋ, ਹਮ ਬਿਲਕੁਲ ਠੀਕ ਹੈਂ, ਹਮ ਬਿਲਕੁਲ ਠੀਕ ਹੈਂ, ਰਾਮੂ ਹੌਲੀ ਹੌਲੀ ਆਪਣੀਆਂ ਅੱਖਾਂ ਪੂੰਝਦਾ ਹੋਇਆ ਹਸਪਤਾਲ ਚੋਂ ਬਾਹਰ ਵੱਲ ਨੂੰ ਨਿਕਲ ਤੁਰਿਆ, ਬਿਸ਼ਨ ਸਿੰਘ ਵੀ ਰਾਮੂ ਦੇ ਪਾਟੇ ਹੋਏ ਕੱਪੜੇ ਦੇਖ ਕੇ ਭਾਵੁਕ ਹੋਇਆ ਪਿੱਛੇ-ਪਿੱਛੇ ਤੁਰ ਪਿਆ।
ਵੀਰ ਸਿੰਘ ਵੀਰਾ
9855069972
9780253156
ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਮਿਹਨਤ ਦੀ ਕਮਾਈ'
NEXT STORY