"ਮੈਂ ਸਾਂ ਜੱਜ ਦਾ ਅਰਦਲੀ" ਨਿੰਦਰ ਘੁਗਿਆਣਵੀ ਜੀ ਦੀ ਜੀਵਨੀ ਦਾ ਇਕ ਹਿੱਸਾ ਹੈ। ਇਸ ਅਰਧ ਸਵੈ- ਜੀਵਨੀਮੂਲਕ ਵਾਰਤਕ ਬਾਰੇ ਗੱਲ ਕਰਨ ਤੋਂ ਪਹਿਲਾਂ ਅਦਾਲਤ ਸਿਸਟਮ ਨਾਲ ਜੁੜੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨੀ ਚਾਹੁੰਦਾ ਹਾਂ।
ਹਰੇਕ ਸਧਾਰਨ ਘਰ ਦੇ ਮਾਪਿਆਂ ਵਾਂਗ ਮੇਰੇ ਮਾਪਿਆਂ ਨੇ ਵੀ ਮੈਨੂੰ ਹਮੇਸ਼ਾ ਕੋਰਟ-ਕਚਹਿਰੀ, ਪੁਲਸ-ਥਾਣੇ ਤੋਂ ਦੂਰ ਹੀ ਰਹਿਣ ਦੀ ਹਦਾਇਤ ਕੀਤੀ ਪਰ ਸੰਨ 2014 ਦੇ ਵਿੱਚ ਕੁਝ ਇਹੋ ਜਿਹੇ ਹਾਲਾਤ ਬਣੇ ਕਿ ਮੈਨੂੰ ਇਨ੍ਹਾਂ ਕੋਟ-ਕਚਹਿਰੀਆਂ, ਥਾਣਿਆਂ ਵਿੱਚ ਵਿਚਰਨ ਦਾ ਬੇਸ਼ੁਕਰਾ ਮੌਕਾ ਮਿਲਿਆ। ਉਸ ਵਕਤ ਇਨ੍ਹਾਂ ਥਾਣਿਆਂ, ਚੌਕੀਆਂ, ਕੋਰਟ, ਲੇਬਰ ਕੋਰਟ ਆਦਿ ਦੀ ਪ੍ਰੋਸੀਡਿੰਗ ਜਾਂ ਦਿਨ ਚਰਿਆ ਬਾਰੇ ਮੈਨੂੰ ਕੁਝ ਕੁਝ ਜਾਣਕਾਰੀ ਹੋਣੀ ਸ਼ੁਰੂ ਹੋਈ, ਜਦਕਿ ਇਸ ਤੋਂ ਪਹਿਲਾਂ ਮੈਂ ਵਕੀਲ-ਜੱਜ ਨਾਮ ਅਹੁਦੇ ਹੀ ਸੁਣੇ ਹੋਏ ਸਨ। ਕੋਰਟ ਕਚਹਿਰੀ ਨਾਲ ਵਾਹ ਪੈਣ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਮੁਨਸ਼ੀ ਵੀ ਹੁੰਦਾ ਹੈ ਜਾਂ ਹੋਰ ਵੀ ਜਿਵੇਂ ਅਰਦਲੀ ਵੀ ਕੋਈ ਹੁੰਦਾ ਹੈ। ਕੋਰਟ ਦੀ ਪ੍ਰੋਸੀਡਿੰਗ ਦਾ ਫਿਰ ਮੈਨੂੰ ਬਾਅਦ ‘ਚ ਪਤਾ ਲੱਗਾ ਪਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਅਦਾਲਤੀ ਕੰਮਕਾਜ ਕਿਸ ਤਰ੍ਹਾਂ ਚੱਲਦਾ ਹੈ, ਅਰਦਲੀ ਕੀ ਹੁੰਦਾ ਹੈ, ਉਹਦੇ ਜੀਵਨ ਦੇ ਵਿੱਚ ਕਿਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਨੇ, ਉਹ ਸਾਰੀ ਸਾਨੂੰ ਇਸ ਪੁਸਤਕ ਦੇ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ।
ਬਾਕੀ ਇਹ ਕਿਤਾਬ ਇੱਕ ਅਰਦਲੀ ਦੀ ਹੱਡ-ਬੀਤੀ ਜ਼ਰੂਰ ਹੈ ਪਰ ਇਸ ਵਿਚਲਾ ਬਿਰਤਾਂਤ ਮੈਨੂੰ ਕੋਰਟ ਕਚਹਿਰੀ ਵਾਲਾ ਵਕਤ ਯਾਦ ਕਰਾਉਂਦਾ ਹੈ ਕਹਿ ਲੋ ਕਿ ਕਿਤੇ ਕਿਤੇ ਮੈਂ ਹੀ ਅਰਦਲੀ ਵਾਂਗਰ ਆਪਣੇ ਅਵਚੇਤਨ ਵਿੱਚ ਵਿਚਰ ਰਿਹਾ ਹਾਂ।
ਜੇਕਰ ਤੁਸੀਂ ਇਸ ਕਿਤਾਬ ਨੂੰ ਇੱਕ ਵਾਰੀ ਸ਼ੁਰੂ ਕਰਦੇ ਹੋ ਤਾਂ ਜਦੋਂ ਤੱਕ ਤੁਸੀਂ ਪੂਰੀ ਨਹੀਂ ਪੜ੍ਹ ਲੈਂਦੇ ਤੁਹਾਡਾ ਮਨ ਠਹਿਰਦਾ ਨਹੀਂ। ਤੁਸੀਂ ਹਰ ਵਾਰ ਸੋਚਦੇ ਹੋ ਕਿ ਨਿੰਦਰ ਨਾਲ ਅੱਗੇ ਕੀ ਹੋਵੇਗਾ, ਅੱਗੇ ਕੀ ਹੋਵੇਗਾ। ਇਹ ਅੱਗੇ ਕੀ ਹੋਵੇਗਾ ਅੱਗੇ ਕੀ ਹੋਵੇਗਾ ਸੋਚਦੇ-ਸੋਚਦੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਇਸ ਜੀਵਨੀ ਨੂੰ ਤੁਸੀਂ ਮੁਕੰਮਲ ਕਰ ਲੈਂਦੇ ਹੋ। ਇਹ ਤਣਾਅ ਹੀ ਇਸ ਕਿਤਾਬ ਦਾ ਮੁੱਖ ਹਾਸਲ ਹੈ।
ਹਰ ਇਕ ਵਿਅਕਤੀ ਨੂੰ ਤਾਂ ਇਹ ਕਿਤਾਬ ਪੜ੍ਹਨੀ ਚਾਹੀਦੀ ਹੀ ਹੈ, ਨਾਲ ਹੀ ਨਾਲ ਖ਼ਾਸ ਤੌਰ ‘ਤੇ ਅਦਾਲਤੀ ਮਸਲਿਆਂ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੂੰ ਵੀ ਇਹ ਕਿਤਾਬ ਇਕ ਪਾਠਕ ਤੌਰ ‘ਤੇ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਸੋ ਮੈਂ ਬਹੁਤ ਹੀ ਸਤਿਕਾਰਯੋਗ ਨਿੰਦਰ ਘੁਗਿਆਣਵੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੀ ਹੱਡ-ਬੀਤੀ ਨੂੰ ਜੱਗ ਜ਼ਾਹਿਰ ਕਰਕੇ ਗਾਲਪਨਿਕਤਾ ਦੇ ਮਾਧਿਅਮ ਨਾਲ ਲੋਕ ਪੀੜਾ ਨੂੰ ਪੇਸ਼ ਕੀਤਾ ਹੈ। ਅੰਤ ਵਿੱਚ ਜਿੱਥੇ ਇਹ ਕਿਤਾਬ ਪਾਠਕ ਵਰਗ ਪੈਦਾ ਕਰਨ ਵਿੱਚ ਸਹਾਇਕ ਰਹੀ ਹੈ, ਉੱਥੇ ਹੀ ਕਿਤਾਬ ਵਿੱਚੋਂ ਮੈਂ ਸਦੀਵੀ ਅਰਥ ਰੱਖਣ ਵਾਲੇ ਇਹ ਚਾਰ ਸ਼ਬਦ ਸਾਂਝੇ ਕਰਨਾ ਚਾਹੁੰਦਾ ਹਾਂ।
"ਇਹ ਅਫ਼ਸਰ ਆਮ ਲੋਕਾਂ ਨਾਲ ਕੀ ਇਨਸਾਫ਼ ਕਰਨਗੇ, ਜਦੋਂ ਆਪਣੇ ਘਰੇਲੂ ਨੌਕਰਾਂ ਨਾਲ ਹੀ ਡਾਢੀ ਬੇਇਨਸਾਫ਼ੀ ਕਰਦੇ ਹਨ।"
ਕਿਤਾਬ ਆਲੋਚਕ: ਬੂਟਾ ਮਸਾਣੀ
ਸਵੈ-ਜੀਵਨੀ : "ਮੈਂ ਸਾਂ ਜੱਜ ਦਾ ਅਰਦਲੀ"
ਲੇਖਕ : ਨਿੰਦਰ ਘੁਗਿਆਣਵੀ
ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਅਤੇ ਨਨਕਾਣਾ ਸਾਹਿਬ
NEXT STORY