ਲੋਕ-ਮਨ, ਲੋਕ-ਗੀਤ ਤੇ ਪੰਜਾਬੀ ਗੀਤ
ਪੰਜਾਬੀ ਲੋਕ-ਮਨ ਨੂੰ ਲੋਕ ਗੀਤਾਂ ਦੀ ਪੁੱਠ ਚੜ੍ਹੀ ਹੋਈ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਬੰਦਾ ਲੋਕ ਗੀਤਾਂ ਵਿੱਚ ਹੀ ਜੰਮਦਾ ਅਤੇ ਮਰਦਾ ਹੈ। ਪੰਜਾਬ ਦੀ ਆਬੋ-ਹਵਾ ਵਿੱਚ ਹੀ 'ਸਰੋਦੀਪਨ' ਹੈ। ਇਥੇ ਹਰ ਰਸਮ ਗਾ ਕੇ ਹੀ ਸੰਪੂਰਨ ਹੁੰਦੀ ਹੈ। ਪੰਜਾਬੀ ਬੋਲੀ ਨੂੰ ਸਰੋਦੀਪਨ ਦੀ ਗੁੜ੍ਹਤੀ ਸੂਫੀ ਪੀਰਾਂ ਫ਼ਕੀਰਾਂ, ਭਗਤਾਂ, ਗੁਰੂ ਸਾਹਿਬਾਨਾਂ ਤੋਂ ਮਿਲੀ । ਪੰਜਾਬੀ ਕਿੱਸਾਕਾਰਾਂ ਨੇ ਇਸੇ ਸਰੋਦੀਪਨ ਵਿੱਚ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਦੇ ਕਿੱਸੇ ਬਿਆਨ ਕੀਤੇ । ਸ਼ਾਇਦ ਇਸੇ ਕਰਕੇ ਪੰਜਾਬੀਆਂ ਨੂੰ ਜਿਹੜੀ ਗੱਲ ਲੰਮੀਆਂ ਤਕਰੀਰਾਂ ਰਾਹੀਂ ਸਮਝ ਨਹੀਂ ਆਉਂਦੀ ਉਹੀ ਗੱਲ ਕਿਸੇ ਗੀਤ ਦੇ ਬੋਲਾਂ ਰਾਹੀਂ ਉਹ ਸੌਖਿਆਂ ਹੀ ਪੱਲੇ ਬੰਨ੍ਹ ਲੈਂਦੇ ਹਨ। ਪੰਜਾਬ ਵਿੱਚ ਸਮੇਂ-ਸਮੇਂ 'ਤੇ ਉੱਠਦੀਆਂ 'ਲਹਿਰਾਂ' ਨੇ ਆਪਣਾ ਇੱਕ ਵੱਖਰਾ ਕਾਵਿ ਸਿਰਜਿਆ, ਜਿਹੜਾ ਆਮ ਲੋਕਾਂ ਰਾਹੀਂ ਗਾਇਆ ਤੇ ਸਲਾਹਿਆ ਤਾਂ ਗਿਆ ਹੀ, ਚੇਤਿਆਂ ਵਿੱਚ ਵੀ ਸੰਭਾਲਿਆ ਗਿਆ।
ਪੰਜਾਬੀ ਗੀਤ-ਸੰਗੀਤ ਜਗਤ ਦੇ ਕਈ ਦੌਰ ਬਦਲੇ ਪਰ ਇਕ ਗੱਲ ਜਿਹੜੀ ਸਾਂਝੀ ਰਹੀ, ਉਹ ਇਹ ਕਿ ਹੋਰ-ਹੋਰ ਗੀਤਾਂ ਦੇ ਚਲਦਿਆਂ ਧਾਰਮਿਕ ਗੀਤ ਜ਼ਰੂਰ ਲਿਖੇ ਅਤੇ ਗਾਏ ਜਾਂਦੇ ਰਹੇ। 8 ਗਾਣਿਆਂ ਵਾਲੀ ਟੇਪ ਦੇ ਦੌਰ 'ਚ ਅੱਠਾਂ 'ਚੋਂ ਇਕ ਗਾਣਾ ਧਾਰਮਿਕ ਰੱਖ ਲਿਆ ਜਾਂਦਾ ਸੀ। ਹੁਣ 'ਸਿੰਗਲ ਟ੍ਰੈਕ' ਦੇ ਦੌਰ ਵਿੱਚ ਕਿਸੇ ਵਿਸ਼ੇਸ਼ ਮੌਕੇ 'ਤੇ ਕਿਸੇ ਨਾ ਕਿਸੇ ਗਾਇਕ ਵੱਲੋਂ ਧਾਰਮਿਕ ਗਾਣਾ ਜ਼ਰੂਰ ਰਿਕਾਰਡ ਕਰਵਾਇਆ ਜਾਂਦਾ ਹੈ।
ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ
ਹੁਣ ਤੱਕ ਦੇ ਧਾਰਮਿਕ ਗਾਣਿਆਂ ਵਿੱਚੋਂ ਬਾਬਾ ਨਾਨਕ ਜੀ ਅਤੇ ਨਨਕਾਣਾ ਸਾਹਿਬ ਕੇਂਦਰ ਵਿੱਚ ਰਹੇ ਹਨ। ਬਾਬਾ ਨਾਨਕ ਜੀ ਦੀ ਸ਼ਖਸ਼ੀਅਤ ਅਤੇ ਨਾਨਕਾਣਾ ਸਾਹਿਬ ਦੂਰ ਹੋਣ ਦੇ ਦਰਦ ਨੂੰ ਗੀਤਾਂ ਦੇ ਵਿਸ਼ੇ ਵਜੋਂ ਮੁੱਖ ਥਾਂ ਮਿਲਦੀ ਰਹੀ ਹੈ। ਇਸੇ ਪ੍ਰਕਾਰ ਦੇ ਗੀਤ ਕੁਝ ਇਸ ਤਰ੍ਹਾਂ ਹਨ ;
1. ਸਤਿਗੁਰ ਨਾਨਕ ਆਜਾ-ਲਾਲ ਚੰਦ ਯਮਲਾ ਜੱਟ
2. ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ - """"
3. ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵਿਹੜਾ, ਬਾਬੇ ਨਾਨਕ ਦਾ ਘਰ ਕਿਹੜਾ-ਫਿਲਮ 'ਗੁਰੂ ਮਾਨਿਓ ਗ੍ਰੰਥ' (1977)
5. ਸਿੱਠਣੀਆਂ ਗੁਰੂ ਨਾਨਕ ਦੇਵ ਜੀ - ਸੁਰਿੰਦਰ ਕੌਰ, ਪ੍ਰਕਾਸ਼ ਕੌਰ
6. ਉੱਚਾ ਦਰ ਬਾਬੇ ਨਾਨਕ ਦਾ - ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' (1982)
7. ਨਾਨਕ ਵੀਰਾ ਤੈਨੂੰ ਘੋੜੀ ਚੜੇਨੀਆਂ - ਬੀਬੀ ਰਣਜੀਤ ਕੌਰ
8. ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ -ਅਮਰ ਸਿੰਘ ਚਮਕੀਲਾ
9. ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ - ਮਨਮੋਹਨ ਵਾਰਿਸ
10. ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ- ਸੁਰਜੀਤ ਭੁੱਲਰ
11. ਜੇ ਕੋਲ ਹੁੰਦਾ ਨਨਕਾਣਾ ਮੱਥਾ ਟੇਕਣ ਜਾਣਾ ਸੀ - ਮਿਸ ਪੂਜਾ, ਅਮਰ ਅਰਸ਼ੀ
12. ਸਾਨੂੰ ਨਨਕਾਣਾ ਉਨ੍ਹਾਂ ਨੂੰ ਕਦੋਂ ਹਰਿਮੰਦਰ ਸਾਹਿਬ ਦਿਖਾਵੇਂਗਾ- ਮਿਸ ਪੂਜਾ
13. ਇਕ ਬਾਬਾ ਨਾਨਕ ਸੀ - ਬੱਬੂ ਮਾਨ
14. ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ - ਦਿਲਜੀਤ ਦੁਸਾਂਝ
15. ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫ਼ਕੀਰ - """"
16. ਆਵੀਂ ਬਾਬਾ ਨਾਨਕਾ - ਰਵਿੰਦਰ ਗਰੇਵਾਲ
17. ਸਭਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ - """"
18. ਐਵੇਂ ਨੀਂ ਦੁਨੀਆਂ ਪੂਜਦੀ ਬਾਬਾ ਤੇਰੀ ਤਸਵੀਰ ਨੂੰ - ਹਰਨੂਰ ਸਿੰਘ
19. ਮਸਤਾਨਾ ਜੋਗੀ - ਕੰਵਰ ਗਰੇਵਾਲ
20. ਆਰ ਨਾਨਕ ਪਾਰ ਨਾਨਕ - ਦਿਲਜੀਤ ਦੁਸਾਂਝ
21. ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂ - ਵੀਤ ਬਲਜੀਤ
22. ਬਲਿਓ ਚਿਰਾਗ - ਮਨਪ੍ਰੀਤ ਸਿੰਘ
23.ਸਿੱਧੀ ਬੱਸ ਨਨਕਾਣੇ ਨੂੰ - ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ
24. ਚੇਲੇ ਫੜੀ ਰਬਾਬ- ਤਨਵੀਰ ਸੰਧੂ
ਕੁਝ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਦੀ ਸ਼ਖ਼ਸੀਅਤ ਨੂੰ ਵਡਿਆਉਣ ਦੇ ਨਾਲ-ਨਾਲ ਇੱਕ ਅਰਜ਼ ਇਹ ਕੀਤੀ ਜਾਂਦੀ ਹੈ ਕਿ ਬਾਬਾ ਤੂੰ ਮੁੜ ਇਸ ਧਰਤੀ 'ਤੇ ਫੇਰਾ ਪਾ। ਇਥੇ ਸਭ ਕੁਝ ਵਿਗੜ ਗਿਆ ਹੈ ਜਾਂ ਅਸੀਂ ਵਿਗਾੜ ਲਿਆ ਹੈ, ਤੂੰ ਆ ਤੇ ਆ ਕੇ ਸਭ ਕੁਝ ਠੀਕ ਕਰੀ ਜਾ। ਭਟਕੀ ਲੋਕਾਈ ਨੂੰ ਰਾਹ ਦਿਖਾ। ਇਹ ਅਰਜ਼ ਯਮਲੇ ਜੱਟ ਦੁਆਰਾ ਗਾਏ ਗੀਤ ਤੋਂ ਸ਼ੁਰੂ ਹੋ ਜਾਂਦੀ ਹੈ ;
ਸਤਿਗੁਰ ਨਾਨਕ ਆਜਾ ਸੰਗਤ ਰਹੀ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ
ਜਾਂ
ਭੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀਂ
ਚਾਰੇ ਕੂਟ ਹਨ੍ਹੇਰਾ ਜੋਤ ਜਗਾ ਜਾਵੀਂ
ਬਾਣੀ ਦੀ ਥਾਂ ਫੈਸ਼ਨ ਚੜ੍ਹੀ ਖੁਮਾਰੀ ਏ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਹੈ।
ਇਸੇ ਤਰ੍ਹਾਂ ਲੋਕ ਬੋਲੀ ਕਾਵਿ-ਰੂਪ ਤੋਂ ਉਸਾਰਿਆ ਗਿਆ ਗੀਤ 'ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ / ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ' ਰਵਿੰਦਰ ਗਰੇਵਾਲ ਦੁਆਰਾ ਵੀ ਗਾਇਆ ਗਿਆ। ਵੱਖ-ਵੱਖ ਸਮੇਂ 'ਤੇ ਆਏ ਕੁਝ ਗੀਤਾਂ ਜਿਵੇਂ 'ਬਾਬੇ ਨਾਨਕ ਦਾ ਘਰ ਕਿਹੜਾ', 'ਉੱਚਾ ਦਰ ਬਾਬੇ ਨਾਨਕ ਦਾ', 'ਇਕ ਬਾਬਾ ਨਾਨਕ ਸੀ', 'ਭੈਣ ਨਾਨਕੀ ਦਾ ਵੀਰ ਤਮ ਮਨ ਦਾ ਫ਼ਕੀਰ', 'ਬਾਬਾ ਤੇਰੀ ਤਸਵੀਰ ਨੂੰ', 'ਮਸਤਾਨਾ ਜੋਗੀ', 'ਆਰ ਨਾਨਕ ਪਾਰ ਨਾਨਕ', 'ਬਲਿਓ ਚਰਾਗੁ', ਵਿੱਚ ਬਾਬੇ ਨਾਨਕ ਦੀ ਸਖਸ਼ੀਅਤ ਦੀ ਵਡਿਆਈ ਦੇ ਨਾਲ ਨਾਲ ਬਾਬਾ ਜੀ ਨਾਲ ਜੁੜੇ ਦਾਰਸ਼ਨਿਕ ਸਵਾਲਾਂ ਦੇ ਸਨਮੁੱਖ ਵੀ ਖੜੋਇਆ ਗਿਆ ਹੈ। ਇਹ ਗੀਤ ਗੁਰੂ ਨਾਨਕ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹਨ ।
ਜਿਥੇ ਨੂਰ ਵੱਸਦਾ ਜਿਥਿ ਪਿਆਰ ਵੱਸਦਾ
ਸੱਚੇ ਸੌਦਿਆਂ ਦਾ ਜਿਸ ਥਾਂ ਵਿਹਾਰ ਵੱਸਦਾ
ੳਥੇ ਸਮਝੋ ਕਿ ਆਪ ਕਰਤਾਰ ਵੱਸਦਾ
ਉਹੀਓ ਬਾਬੇ ਨਾਨਕ ਦਾ ਡੇਰਾ (ਫਿਲਮ, ਗੁਰੂ ਮਾਨਿਓ ਗ੍ਰੰਥ, 1977)
ਕਿਤੇ ਕਿਤੇ ਇਨ੍ਹਾਂ ਗੀਤਾਂ ਦੇ ਰਚਨਹਾਰੇ ਸ਼ਬਦਾਂ ਰਾਹੀਂ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਪਰਿਕਰਮਾ ਕਰਦਿਆਂ ਕਰਦਿਆਂ ਬ੍ਰਹਿਮੰਡੀ ਸੁਰਤ ਵਿੱਚ ਲੀਨ ਹੋ ਗਏ ਵੀ ਜਾਪਦੇ ਹਨ। ਅਜੋਕੇ ਦੌਰ ਵਿੱਚ ਸ਼ਬਦਾਂ ਦੀ ਚੋਣ ਪੱਖੋਂ ਗੁਰੂ ਸਾਹਿਬ ਬਾਰੇ ਹਰਮਨਜੀਤ ਦੁਆਰਾ ਲਿਖੇ ਗੀਤ 'ਆਰ ਨਾਨਕ ਪਾਰ ਨਾਨਕ' ਤੇ 'ਬਲਿਓ ਚਰਾਗੁ' ਵਿਸ਼ੇਸ਼ ਧਿਆਨ ਖਿੱਚਦੇ ਹਨ ।
ਤੂੰ ਨੂਰ ਦਾ ਫੁਟਦਾ ਚਸ਼ਮਾ ਏਂ, ਤੂੰ ਰੌਸ਼ਨੀਆਂ ਦੀ ਰੇਖਾ ਏਂ
ਇਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਭਰਮ ਭੁੱਲੇਖਾ ਏ
ਤੇਰਾ ਸ਼ਬਦ ਸੁਣਾਂ ਵੈਰਾਗ ਹੋਵੇ, ਤਨ ਮਨ ਬਦਲਣ ਵੇਗ ਬਾਬਾ (ਆਰ ਨਾਨਕ ਪਾਰ ਨਾਨਕ)
ਜਾਂ
ਹਵਾਵਾਂ 'ਚ ਸੁੱਤਾ ਤੂੰ ਰੇਸ਼ਮ ਜਗਾਇਆ
ਉਣੀਂਦੇ ਥਲਾਂ ਨੂੰ ਗਲੇ ਲਾ ਸਵਾਇਆ
ਤੂੰ ਪਾਣੀ 'ਚ ਘੁਲ਼ ਕੇ ਮੈਦਾਨਾ 'ਚ ਆਇਆ
ਤੂੰ ਹਰਿਆ ਤੂੰ ਫਲਿਆ ਤੂੰ ਲਿਖਿਆ ਤੂੰ ਗਾਇਆ
(ਬਲਿਓ ਚਰਾਗੁ)
ਜਿਹੜੇ ਦੋ ਗੀਤਾਂ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਉਹ ਹਨ ; 'ਸਿੱਠਣੀਆਂ ਗੁਰੂ ਨਾਨਕ ਦੇਵ ਜੀ' - ਸੁਰਿੰਦਰ ਕੌਰ, ਪ੍ਰਕਾਸ਼ ਕੌਰ
'ਨਾਨਕ ਵੀਰਾ ਤੈਨੂੰ ਘੋੜੀ ਚੜੇਨਿਆਂ' - ਬੀਬੀ ਰਣਜੀਤ ਕੌਰ
ਇਹ ਦੋਵੇਂ ਗੀਤ ਲੋਕ-ਕਾਵਿ ਦੀਆਂ ਵੰਨਗੀਆਂ ਹਨ। ਇਹ ਗੀਤ ਕਾਫੀ ਪੁਰਾਣੇ ਵੀ ਹਨ। 'ਸਿੱਠਣੀਆਂ ਗੁਰੂ ਨਾਨਕ ਦੇਵ ਜੀ' ਵਿਸ਼ਾ ਗੁਰੂ ਸਾਹਿਬ ਦੇ ਸਾਹੁਰਿਆਂ ਦਾ ਘਰ ਹੈ। ਜਿਥੇ ਗੁਰੂ ਸਾਹਿਬ ਦੀਆਂ ਸਾਲੀਆਂ ਵੱਲੋਂ ਗੁਰੂ ਸਾਹਿਬ ਦੇ ਬਚਪਨ ਤੋਂ ਵਿਆਹ ਤੱਕ ਦੇ ਜੀਵਨ ਬਿਰਤਾਂਤ 'ਚੋਂ ਹਵਾਲੇ ਲੈ ਕੇ ਗੁਰੂ ਸਾਹਿਬ ਨਾਲ ਹਾਸਾ ਮਖੌਲ ਕੀਤਾ ਜਾ ਰਿਹਾ ਹੈ ;
ਸਾਡੇ ਤੇ ਵਿਹੜੇ ਜੰਞ ਨਾਨਕ ਦੀ ਆਈ ਏ
ਅਸਾਂ ਤੇ ਸੁਣਿਆਂ ਮੁੰਡਾ ਰੂਪ ਇਲਾਹੀ ਏ
ਮੁੱਖ ਤੇ ਡਿੱਠਾ ਅਸਾਂ ਨਈਂ
ਮੁੱਖ ਤੇ ਡਿੱਠਾ ਅਸਾਂ ਨਈਂ, ਵੇ ਲਾੜਿਆ
ਸਿਹਰਾ ਹਟਾ ਕੇ ਜਰਾ ਬਈਂ...
ਪਾਂਧੇ ਨੂੰ ਸੁਣਿਆਂ ਮੁੰਡਾ ਆਇਆ ਪੜ੍ਹਾ ਕੇ
ਬਣ ਗਿਆ ਗੂੰਗਾ ਅੱਜ ਸਾਡੇ ਕੋਲ ਆ ਕੇ
ਗੱਲ ਕੋਈ ਆਉਂਦੀ ਨਈਂ...
ਲੋਕ-ਕਾਵਿ ਵੰਨਗੀ ਦਾ ਹੀ ਦੂਜਾ ਗੀਤ ਨਾਨਕ ਵੀਰਾ ਤੈਨੂੰ ਘੋੜੀ ਚੜੇਨੀਆਂ' ਵਿੱਚ ਵੀ ਬਾਬੇ ਨਾਨਕ ਦੇ ਵਿਆਹ ਦਾ ਹੀ ਦ੍ਰਿਸ਼ ਉਭਰਦਾ ਹੈ, ਜਿਸ ਵਿੱਚ ਭੈਣ ਵੱਲੋਂ ਵੀਰ ਦੇ ਵਿਆਹ 'ਤੇ ਸ਼ਗਨ ਕੀਤੇ ਜਾ ਰਹੇ ਹਨ।
ਪੰਜਾਬੀ ਗੀਤਾਂ ਵਿੱਚ ਨਨਕਾਣਾ ਸਾਹਿਬ
ਜਿਵੇਂ ਪਹਿਲਾਂ ਗੱਲ ਕੀਤੀ ਜਾ ਚੁੱਕੀ ਹੈ ਕਿ ਜਿਥੇ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਕੇਂਦਰ ਵਿੱਚ ਹਨ, ਉਥੇ ਨਨਕਾਣਾ ਸਾਹਿਬ ਜੀ ਦਾ ਸਿੱਖ ਸੰਗਤਾਂ ਤੋਂ ਦੂਰ ਹੋਣ ਦਾ ਦਰਦ ਵੀ ਕੇਂਦਰ 'ਚ ਹੈ। ਨਨਕਾਣਾ ਸਾਹਿਬ ਨੂੰ ਵਿਸ਼ੇ ਵਜੋਂ ਕਈ ਗੀਤਾਂ ਵਿੱਚ ਗਾਇਆ ਗਿਆ ਤੇ ਸੰਗਤਾਂ ਦੇ ਦਰਦ ਨੂੰ ਫਿਲਮਾਇਆ ਵੀ ਗਿਆ। ਇਨ੍ਹਾਂ ਗੀਤਾਂ ਵਿੱਚ ਜਿਥੇ ਬਟਵਾਰੇ ਦਾ ਦਰਦ ਲਿਖਿਆ ਜਾਂਦਾ ਹੈ, ਉੱਥੇ ਕਰਤਾਰਪੁਰ ਤੱਕ ਜਾਣ ਦੇ ਰਾਹ ਖੁੱਲ੍ਹਣ ਦੀਆਂ ਆਸਾਂ ਉਮੀਦਾਂ ਬੰਨ੍ਹੀਆਂ ਜਾਂਦੀਆਂ ਹਨ, ਅਰਦਾਸਾਂ ਕੀਤੀਆਂ ਜਾਂਦੀਆਂ ਹਨ।
ਕੁਝ ਇਕ ਗੀਤ ਇਤਿਹਾਸਕ ਘਟਨਾਵਾਂ ਦਾ ਬਿਆਨ ਕਰਦੇ ਕਰਦੇ ਇਹ ਗੱਲ ਸਪੱਸ਼ਟ ਕਰਦੇ ਹਨ ਕਿ ਕਿਸੇ ਖ਼ਾਸ ਸਾਜਿਸ਼ ਅਧੀਨ ਬਹੁ-ਗਿਣਤੀ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਤੋਂ ਦੂਰ ਕੀਤਾ ਗਿਆ ਹੈ।
ਜ਼ਬਰ ਜੁਲਮ ਦੀ ਜਾਲਮਾਂ ਨੇ ਹੱਦ ਮੁਕਾਈ
ਹੋਏ ਪਿਆਸੇ ਖ਼ੂਨ ਦੇ ਬਈ ਭਾਈ ਭਾਈ
ਕੀਤੀ ਇਲਤ ਫ਼ਰੰਗੀਆਂ ਕੀ ਵਰਤਿਆ ਭਾਣਾ
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ
(ਅਮਰ ਸਿੰਘ ਚਮਕੀਲਾ)
ਨਨਕਾਣਾ ਸਾਹਿਬ ਨਾਲ ਸੰਬੰਧਤ ਅਜਿਹੇ ਕਈ ਹੋਰ ਗੀਤ ਹਨ ਜਿਹੜੇ ਸਵਾਲ ਉਠਾਉਂਦੇ ਹਨ, ਅਰਦਾਸ ਕਰਦੇ ਹਨ, ਇਧਰਲੇ ਤੇ ਉਧਰਲੇ ਪੰਜਾਬ ਦੀ ਸੁੱਖ ਮੰਗਦੇ ਹਨ;
ਜਿਥੇ ਬਾਬੇ ਜਨਮ ਲਿਆ ਉਹ ਕੈਸੀ ਥਾਂ ਹੋਣੀ
ਪੁੱਛੂਗਾ ਹਰ ਬੱਚਾ ਪੀੜ੍ਹੀ ਜਦੌਂ ਅਗਾਂਹ ਹੋਣੀ
ਕਹਿਣਾ ਪਊਗਾ ਰਸਤਾ ਏ ਬੰਦ ਓਸ ਟਿਕਾਣੇ ਦਾ
ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ
(ਮਨਮੋਹਨ ਵਾਰਿਸ)
ਇਸ ਤੋਂ ਇਲਾਵਾ ਐਸੈ ਹੀ ਕੁਝ ਹੋਰ ਗੀਤ ਵੀ ਹਨ ;
'ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣ ਵੇਖਣ ਨੂੰ' - ਸੁਰਜੀਤ ਭੁੱਲਰ
'ਜੇ ਕੋਲ ਹੁੰਦਾ ਨਨਕਾਣਾ ਤਾਂ ਮੱਥਾ ਟਟਕਣ ਜਾਣਾ ਸੀ/ਆਪ ਮਿਲਾਊ ਬਾਬਾ ਨਾਨਕ ਵਿਛੜੀਆਂ ਰੂਹਾਂ ਨੂੰ' - ਮਿਸ ਪੂਜਾ, ਅਮਰ ਅਰਸ਼ੀ
ਇਸੇ ਲੜੀ ਵਿਚ ਇਕ ਗੀਤ ਅਜਿਹਾ ਵੀ ਮਿਲਦਾ ਹੈ, ਜਿਸ ਵਿਚ ਇਧਰਲੇ ਤੇ ਉਧਰਲੇ ਪੰਜਾਬ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਤੇ ਦਰਦ ਨੂੰ ਬਰਾਬਰ ਪੇਸ਼ ਕੀਤਾ ਗਿਆ ਹੈ। ਇਹ ਗੀਤ ਮਿਸ ਪੂਜਾ ਦੁਆਰਾ ਗਾਇਆ ਤੇ ਹਰਦੀਪ ਵਿਰਕ ਦੁਆਰਾ ਲਿਖਿਆ ਗਿਆ ;
ਅਸੀਂ ਏਧਰ ਬੈਠੇ ਤਰਸਦੇ ਆਂ ਸਾਨੂੰ ਕਦ ਦਿਸੂ ਨਨਕਾਣਾ
ਉਹੋ ਓਧਰ ਬੈਠੇ ਤਰਸਦੇ ਨੇ ਕਦ ਅੰਮ੍ਰਿਤਸਰ ਨੁੰ ਆਉਣਾ
ਇਹੇ ਦੋ ਕਦਮਾਂ ਦੀ ਦੂਰੀ ਨੂੰ ਬਾਬਾ ਨਾਨਕ ਕਦੋਂ ਮਿਟਾਵੇਂਗਾ
ਸਾਨੂੰ ਨਨਕਾਣਾ ਉਨ੍ਹਾਂ ਨੂੰ ਕਦੋਂ ਹਰਮੰਦਰ ਦਿਖਲਾਵੇਂਗਾ
ਏਸੇ ਹੀ ਕੁਝ ਹੋਰ ਗੀਤ ਹਨ, ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ। 'ਸਿੱਧੀ ਬੱਸ ਨਨਕਾਣੇ ਨੂੰ' ਗੀਤ ਕਰਤਾਰਪੁਰ ਲਾਂਘੇ ਵਾਲੀ ਗੱਲ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਮੁੜ ਵਿਚਾਰ ਅਧੀਨ ਲਿਆਉਣ ਤੋਂ ਬਾਅਦ ਆਉਂਦਾ ਹੈ।
ਸ਼ਾਲਾ ! ਦੋਹਾਂ ਮੁਲਕਾਂ ਦੀਆਂ ਅਰਦਾਸਾਂ ਨੂੰ ਬੂਰ ਪਵੇ । ਸਿਰਫ਼ ਕਰਤਾਰਪੁਰ ਲਾਂਘਾ ਹੀ ਨਹੀਂ ਸਗੋਂ ਧਰਤੀ 'ਤੇ ਮਨਾਂ ਅੰਦਰ ਖੀੱਚੀਆਂ ਲੀਕਾਂ ਵੀ ਮਿਟ ਜਾਣ। ਅਸੀਂ ਗੁਰੂ ਨਾਨਕ ਤੌਫੀਕ ਬਖਸ਼ੇ ਕਿ ਅਸੀਂ ਉਹਦੇ ਗੁਣ ਗਾਉਂਦੇ ਰਹੀਏ।
ਕਰਨਜੀਤ ਸਿੰਘ
ਪੰਜਾਬੀ ਵਿਭਾਗ
ਦਿੱਲੀ ਯੂਨੀਵਰਸਿਟੀ, ਦਿੱਲੀ
ਕਲਯੁੱਗੀ ਪੁੱਤਾਂ ਨੇ ਬੀਮਾ ਰਾਸ਼ੀ ਹੜੱਪਣ ਲਈ ਮਾਂ ਨੂੰ ਕਾਰ ਨਾਲ ਕੁਚਲਿਆ, ਇੰਝ ਖੁੱਲ੍ਹਿਆ ਭੇਤ
NEXT STORY