ਮਰਗ 'ਤੇ ਅੱਜਕਲ ਡੀ. ਜੇ. ਵੱਜਦਾ,
ਖ਼ੁਸ਼ੀ ਘੜੀਆਂ ਘਰ ਵਿਚ ਆਈਆਂ,
ਬੁੜਾ ਤੁਰ ਗਿਆ ਮੌਜ ਲੱਗ ਗਈ,
ਇਕ ਦੂਜੇ ਨੂੰ ਦੇਣ ਵਧਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਜਲਦੀ ਚੱਕ ਲਓ ਹੋਇਆ ਕੁਵੇਲਾ,
ਟਾਇਮ ਕਿਹਦੇ ਕੋਲ, ਕਿਹੜਾ ਵਿਹਲਾ,
ਕਾਹਲੀ-ਕਾਹਲੀ ਵਿਚ ਕਿਰਾਏ ਉੱਤੇ,
ਬੀਬੀਆਂ ਰੋਣ ਲਈ ਮੰਗਵਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਇਕ ਦੋ ਦਿਨ ਵਿਚ ਸੋਹਲਾ ਕੀਤਾ,
ਮਨ ਵਿਚ ਬੋਝ ਸੀ ਹੌਲਾ ਕੀਤਾ,
ਲੱਡੂ, ਜਲੇਬੀਆਂ, ਬਰਫ਼ੀ, ਰਸ-ਗੁੱਲੇ,
ਜਿਵੇਂ ਹੋ ਰਹੀਆਂ ਹੋਣ ਸਗਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਏਨੇ ਵਿਚ ਲੋਕੀ ਖ਼ੁਸ਼ ਹੋਏ,
ਭਾਂਡੇ ਲਿਬੜੇ ਗਏ ਸੀ ਧੋਏ,
ਖਾ ਖੱਟ ਮਰਿਆ ਕਰਮਾਂ ਵਾਲਾ,
ਮਨਾਂ ਵਿਚ ਇਹੋ ਵਿਚਾਰਾਂ ਆਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਜਾਇਦਾਦ 'ਤੇ ਆਪਣਾ ਪਹਿਰਾ,
ਅੱਧਾ ਤੇਰਾ ਤੇ ਅੱਧਾ ਮੇਰਾ,
ਪਿਤਾ-ਪੁਰਖੀ ਜਾਇਦਾਦ ਵੰਡ ਕੇ,
ਅੱਧ ਵਿਚਾਲੇ ਲੀਕਾਂ ਲਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਜੀਂਦੇ-ਜੀਅ ਸੇਵਾ ਨਾ ਕੀਤੀ,
ਉਹੀ ਜਾਣੇ ਉਸ 'ਤੇ ਕੀ ਬੀਤੀ,
ਮਾਲ-ਮੱਤਾ ਵੀ ਸਾਂਭ ਕੇ ਸਾਰਾ,
ਸ਼ਰਾਧ ਉੱਤੇ ਵੰਡਦੇ ਨੇ ਕੜਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਖ਼ੁਸ਼ੀ ਮਾਹੌਲ ਪਿਆ ਡੀ. ਜੇ. ਚੱਲੇ,
ਨੱਚ-ਨੱਚ ਕਰਤੀ ਬੱਲੇ-ਬੱਲੇ,
ਡਾਂਸਰਾਂ ਨੱਚੀਆਂ ਮੰਡੀਰ ਮਸਰ ਗਈ,
ਫ਼ਾਇਰ ਕੀਤੇ, ਗੋਲੀਆਂ ਚਲਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਪਰਸ਼ੋਤਮ! ਨਵੇਂ ਸਿਆਪੇ ਪੈ ਗਏ,
ਜਾਨ ਕਿਸੇ ਦੀ ਖੋਹ ਕੇ ਲੈ ਗਏ,
ਗੋਲੀ ਵਾਂਗਰ ਛਾਤੀ ਜਾ ਖੁੱਭੀਆਂ,
ਸਰੋਏ ਨੇ ਖ਼ਰੀਆਂ-ਖ਼ਰੀਆਂ ਸੁਣਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵੱਜਦਾ..।
ਧਾਲੀਵਾਲੀਆ ਸੱਚ ਹੈ ਕਹਿੰਦਾ,
ਸੱਚ ਕਹਿਣ ਤੋਂ ਬਿਨਾਂ ਨਾ ਰਹਿੰਦਾ,
ਬੰਦੇ ਬਣ ਜਾਓ ਸੱਚ ਪਹਿਚਾਣੋਂ,
ਪੈਣਗੀਆਂ ਪੱਲੇ ਪਛਤਾਈਆਂ।
ਮਰਗ 'ਤੇ ਅੱਜਕਲ ਡੀ. ਜੇ. ਵਜਦਾ..।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348
ਰੁਜ਼ਗਾਰ ਵਾਧੇ ਨੂੰ ਨਿਕਰਦਾ ਬਜਟ
NEXT STORY