ਸਰਕਾਰੀ ਦਫਤਰ ਦੇ ਸਵੀਪਰ ਵਲੋਂ ਆਪਣੇ ਕੰਮ ਪ੍ਰਤੀ ਵਫਾਦਾਰ ਨਾ ਹੋਣ ਕਰਕੇ ਸਾਰੇ ਦਫਤਰ ਵਿਚ ਸਫਾਈ ਦਾ ਬੁਰਾ ਹਾਲ ਹੋ ਗਿਆ ਸੀ।ਮੈਨੇਜਮੈਂਟ ਵਲੋਂ ਸਫਾਈ ਕਰਵਾਉਣ ਲਈ ਬਾਹਰੋ ਇਕ ਦਿਹਾੜੀਦਾਰ ਲਗਾਇਆ ਹੋਇਆ ਸੀ।ਦਿਹਾੜੀਦਾਰ ਸਫਾਈ ਕਰਦਾ ਹੋਇਆ ਦੇਖ ਰਿਹਾ ਸੀ ਕਿ ਦਫਤਰ ਦੇ ਕਈ ਬੰਦੇ ਕੰਮ ਕਰਨ ਦੀ ਬਜਾਏ ਇਧਰ-ਉਧਰ ਹੀ ਟਹਿਲ ਰਹੇ ਸਨ ਅਤੇ ਕੁਝ ਆਪਣੀਆਂ ਸੀਟਾਂ ਤੇ ਬੈਠਕੇ ਕੰਮ ਕਰਨ ਦੀ ਬਜਾਏ ਮੋਬਾਇਲ ਫੋਨਾਂ ਤੇ ਲੱਗੇ ਹੋਏ ਸਨ।ਅਜਿਹੇ ਵਿਹਲੜਾ ਨੂੰ ਦੇਖਕੇ ਉਸਦੇ ਮਨ ਵਿਚ ਵੀ ਆਉਦਾ ਕਿ ਕਾਸ਼ ਉਹ ਵੀ ਇੰਨ੍ਹਾਂ ਵਾਂਗੂੰ ਪੜ੍ਹ ਲਿਖਕੇ ਅੱਜ ਵਿਹਲੜ ਦਿਹਾੜੀਦਾਰ ਹੁੰਦਾ, ਫਿਰ ਇਕਦਮ ਉਸਦਾ ਮਨ ਉਸਨੂੰ ਦਰਕਾਰਦਾ ਹੋਇਆ ਕਹਿੰਦਾ ਹੈ,'ਨਹੀਂ ਯਾਰ ਰੱਬ ਜਿੱਥੇ ਰੱਖਦਾ,ਉਥੇ ਹੀ ਰਹਿਣਾ ਚਾਹੀਦਾ ਹੈ' ਮੈਂ ਆਪਣੀ ਥਾਂ ਤੇ ਇੰਨ੍ਹਾਂ ਨਾਲੋਂ ਕਿਤੇ ਜ਼ਿਆਦਾ ਠੀਕ ਹਾਂ,ਇਨ੍ਹਾਂ ਵਾਂਗੂੰ ਨਜ਼ਾਇਜ਼ ਕਮਾਈ ਤਾਂ ਨਹੀਂ ਕਰਦਾ,ਹੱਕ ਸੱਚ ਦੀ ਖਾਂਦਾ ਹਾਂ।ਅਜਿਹਾ ਸੋਚਕੇ ਉਹ ਫਿਰ ਆਪਣਾ ਕੰਮ ਕਰਨ ਲੱਗ ਜਾਂਦਾ ਹੈ।ਇੰਨੇ ਨੂੰ ਇਕ ਦਫਤਰੀ ਬੰਦਾ ਜਿਸਦੇ ਮੋਢੇ ਵਿਚ ਬੈਗ ਹੈ, ਘਰੇ ਜਾਣ ਲਈ ਤਿਆਰ ਖੜ੍ਹਾ ਹੈ,ਉਹ ਦੂਜਿਆਂ ਨੂੰ ਕਹਿ ਰਿਹਾ ਹੈ,ਚੰਗਾ ਬਈ ਮੈ ਤਾਂ ਚੱਲਦਾ ਹਾਂ, ਮੇਰੀ ਤਾਂ ਪੈ ਗਈ ਦਿਹਾੜੀ।ਇਹ ਸੁਣਕੇ ਉਹ ਆਪਣੇ ਆਪ ਹੀ ਬੋਲਣ ਲੱਗ ਜਾਂਦਾ ਹੈ,ਇਸ ਪੜ੍ਹੇ ਲਿਖੇ ਨੂੰ ਤਾਂ ਇਹ ਵੀ ਨਹੀਂ ਪਤਾ ਦਿਹਾੜੀ ਕੀ ਹੁੰਦੀ ਹੈ? ਇਹ ਨੂੰ ਕੋਈ ਦੱਸਣ ਵਾਲਾ ਹੋਵੇ ਦਿਹਾੜੀ ਦਿਨ ਭਰ ਕੀਤੇ ਗਏ ਕੰਮ ਨੂੰ ਕਹਿੰਦੇ ਹਨ ਜਾਂ ਫਿਰ ਇਹ ਮੇਰੀ ਥਾਂ ਤੇ ਹੋਵੇ ਤਾ ਇਸਨੂੰ ਪਤਾ ਲੱਗੇ।ਚਲੋ ਮੈਂ ਕੀ ਲੈਣਾ ਹੈ,ਇਹ ਆਪਣਾ ਕ੍ਰਮ ਕਰ ਰਹੇ ਹਨ ਤੇ ਮੈਂ ਆਪਣਾ ਕ੍ਰਮ ਕਰ ਰਿਹਾ ਹਾਂ,ਹੋਣੇ ਤਾਂ ਬਾਈ ਕ੍ਰਮਾਂ ਤੇ ਨਿਬੇੜੇ ਨੇ।ਅਜਿਹਾ ਬੋਲਦਿਆਂ ਉਸਦੇ ਮੂੰਹ ਤੇ ਇਕ ਹਲਕੀ ਜਿਹੀ ਮੁਸਕਰਾਹਟ ਆ ਜਾਂਦੀ ਹੈ,ਅਜਿਹਾ ਦੇਖਕੇ ਉਥੇ ਖੜ੍ਹੇ ਸਰਕਾਰੀ ਬੰਦੇ ਉਸਨੂੰ ਘੂਰ ਰਹੇ ਹੁੰਦੇ ਹਨ।
ਸੁਰਿੰਦਰ ਮਾਣੂੰਕੇ ਗਿੱਲ
ਸੰਪਰਕ:8872321000
ਅੱਜ ਇਕ ਕੁੜੀ ਦੀ ਮੈਂ ਹੱਤਿਆਂ ਹੁੰਦੀ ਦੇਖੀ
NEXT STORY