ਜਦੋਂ 1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਉਸ ਸਮੇਂ ਦੇਸ਼ ਦੀ ਹਾਲਤ ਇਹ ਸੀ ਕਿ ਪਿੰਡਾਂ ਵਿਚ ਆਉਣ ਜਾਣ ਲਈ ਸਭ ਕੱਚੇ ਰਸਤੇ ਸਨ। ਜਿਹੜੇ ਹਰ ਸਮੇਂ ਧੂੜ ਨਾਲ ਭਰੇ ਰਹਿੰਦੇ ਸਨ । ਪਿੰਡਾਂ ਵਿੱਚ ਪੱਕੀਆਂ ਸੜਕਾਂ ਦਾ ਤਾਂ ਨਾਂ ਨਿਸ਼ਾਨ ਵੀ ਨਹੀਂ ਸੀ। ਬਿਜਲੀ ਵੀ ਕਿਸੇ ਪਿੰਡ ਵਿਚ ਨਹੀਂ ਸੀ, ਗਰੀਬੀ ਦਾ ਬੋਲਬਾਲਾ ਸੀ। ਕਿਸੇ-ਕਿਸੇ ਪਿੰਡ ਵਿਚ ਸਕੂਲ ਸਨ ।
ਅਜਿਹੇ ਹਾਲਤ ਵਿਚ ਜਦੋਂ ਕਦੇ ਪਿੰਡ ਵਿਚ ਕੋਈ ਵਿਆਹ ਹੁੰਦਾ ਤਾਂ ਬਰਾਤਾਂ ਰੱਥ, ਗੱਡਿਆਂ, ਠੋਕਰਾਂ ਅਤੇ ਘੋੜੀਆਂ 'ਤੇ ਹੀ ਜਾਂਦੀਆਂ ਸਨ ਅਤੇ ਇਸੇ ਤਰ੍ਹਾਂ ਕਿਸੇ ਕੁੜੀ ਦੇ ਵਿਆਹ ਵਿਚ ਜਦੋਂ ਕੋਈ ਬਰਾਤ ਆਉਂਦੀ ਉਹ ਵੀ ਰੱਥ, ਗੱਡਿਆਂ, ਠੋਕਰਾਂ ਜਾਂ ਘੋੜੀਆਂ ਪਰ ਹੀ ਆਉਂਦੀ ਸੀ। ਪਰ ਉਸ ਸਮੇਂ ਦਾ ਸਾਡਾ ਸੱਭਿਆਚਾਰਕ ਵਿਰਸਾ ਬੜਾ ਅਮੀਰ ਸੀ। ਖੁਸ਼ੀ ਦਾ ਮਾਹੌਲ ਹੁੰਦਾ ਅਤੇ ਸਭ ਧਰਮਾਂ ਜਾਤਾਂ ਵਿਚ ਭਾਈਚਾਰਾ ਦੇਖਣ ਨੂੰ ਮਿਲਦਾ। ਕਿਸੇ ਵੀ ਘਰ ਵਿਆਹ ਹੁੰਦਾ ਤਾਂ ਸਾਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੁੰਦੀ। ਭਾਈਚਾਰੇ ਦੇ ਸਭ ਲੋਕ ਭੱਜ-ਭੱਜ ਕੇ ਵਿਆਹ ਦੀ ਤਿਆਰੀ ਕਰਦੇ ਅਤੇ ਮਿਲ ਕੇ ਬਰਾਤ ਦੀ ਸੇਵਾ ਲਈ ਤਿਆਰ ਹੋ ਜਾਂਦੇ। ਪਰ ਜਦੋਂ ਕਿਸੇ ਲੜਕੀ ਦੀ ਬਰਾਤ ਆਉਣੀ ਹੁੰਦੀ ਤਾਂ ਪਿੰਡ ਤੋਂ ਬਾਹਰ ਹੀ ਕੱਚਿਆਂ ਰਸਤਿਆਂ ਪਰ ਰੱਥਾਂ, ਗੱਡਿਆਂ, ਠੋਕਰਾਂ ਦੀ ਉਡਦੀ ਧੂੜ ਪਿੰਡ ਦੇ ਨਿਆਣਿਆਂ ਨੂੰ ਇਹ ਸੰਦੇਸ਼ ਦੇ ਦਿੰਦੀ ਕਿ ਬਰਾਤ ਆ ਗਈ ਏ। 'ਬਰਾਤ ਆ ਗਈ', 'ਬਰਾਤ ਆ ਗਈ' ਦਾ ਰੌਲਾ ਪਾਉਂਦੇ ਪਿੰਡ ਦੇ ਸਾਰੇ ਨਿਆਣੇ ਬਰਾਤ ਦੇ ਆਉਣ ਵਾਲੇ ਰਸਤੇ ਵੱਲ ਭੱਜ ਜਾਂਦੇ। ਪਿੰਡ ਦੇ ਸਿਆਣੇ ਲੋਕ ਅਤੇ ਔਰਤਾਂ ਵੀ ਜਦੋਂ ਰੱਥਾਂ ਵਲੋਂ ਉੱਡਦੀ ਧੂੜ ਨੁੰ ਦੇਖਦੀਆਂ ਤਾਂ ਧੂੜ ਦੇਖ ਕੇ ਹੀ ਸਭ ਨੂੰ ਪੱਕਾ ਯਕੀਨ ਹੋ ਜਾਂਦਾ ਕਿ ਬਰਾਤ ਆ ਰਹੀ ਹੈ। ਉਹਨਾਂ ਦਿਨਾਂ ਵਿਚ ਬਰਾਤਾਂ ਵਲੋਂ ਪੈਸਿਆਂ ਦਾ ਢੁਕਾਓ ਕਰਨ ਦਾ ਵੀ ਰਿਵਾਜ ਹੁੰਦਾ ਸੀ, ਇਸ ਲਈ ਪਿੰਡ ਦੇ ਸਭ ਬੱਚੇ ਪੈਸੇ ਚੁੱਗਣ ਲਈ ਰੱਥਾਂ ਵੱਲ ਨੂੰ ਭੱਜ ਜਾਂਦੇ। ਬਰਾਤ ਵੀ ਪਿੰਡ ਦੇ ਬਾਹਰ ਆ ਕੇ ਰੁਕ ਜਾਂਦੀ ਅਤੇ ਉਧਰ ਲੜਕੀ ਵਾਲੇ ਗਰਮੀਆਂ ਵਿਚ ਮਿੱਠੇ ਜਲ ਅਤੇ ਚਾਹ ਵੀ ਤਿਆਰ ਕਰ ਲੈਂਦੇ। ਉਸੇ ਸਮੇਂ ਪਿੰਡ ਦੀਆਂ ਔਰਤਾਂ ਬਰਾਤ ਦੇ ਆਉਣ ਦਾ ਇੰਤਜ਼ਾਰ ਕਰਦੀਆਂ, ਨੇੜੇ-ਤੇੜੇ ਦੇ ਸਭ ਕੋਠਿਆਂ ਦੇ ਬਨੇਰੇ ਮਲ ਲੈਂਦੀਆਂ ਅਤੇ ਹੋ ਜਾਂਦੀਆਂ ਸਿੱਠਣੀਆਂ ਲਈ ਤਿਆਰ। ਬੜਾ ਰੰਗੀਨ ਦ੍ਰਿਸ਼ ਹੁੰਦਾ ਸੀ ਉਸ ਸਮੇਂ ਪੂਰੇ ਪਿੰਡ ਦਾ।
ਹੁਣ ਬਰਾਤ ਨੇ ਢੁਕਾਓ ਕਰਦੇ-ਕਰਦੇ ਅੱਗੇ ਵਧਣਾ ਤਾਂ ਪਿੰਡ ਦੇ ਨਿਆਣਿਆਂ ਨੇ ਧੂੜ ਵਿਚੋਂ ਪੈਸੇ ਚੁਗਦਿਆਂ ਮਿੱਟੀ ਨਾਲ ਮੂੰਹ ਸਿਰ ਇਕ ਕਰ ਲੈਣਾ। ਘੋੜੀਆਂ ਵਾਲੇ ਵੀ ਆਪਣੀਆਂ ਘੋੜੀਆਂ ਨੂੰ ਕਦੇ ਅੱਗੇ ਅਤੇ ਕਦੇ ਪਿੱਛੇ ਕਰ ਆਪਣੀ ਟੌਹਰ ਦਾ ਵਿਖਾਵਾ ਕਰਦੇ। ਪੈਸੇ ਲੁੱਟ-ਲੁੱਟ ਬੱਚਿਆਂ ਨੇ ਜੇਬਾਂ ਭਰ ਲੈਣੀਆਂ ਅਤੇ ਬਾਅਦ ਵਿਚ ਉਹਨਾਂ ਦੀ ਗਿਣਤੀ ਕਰਕੇ ਖੂਬ ਖੁਸ਼ ਹੋਣਾ। ਇਸ ਤਰ੍ਹਾਂ ਪਿੰਡਾਂ ਵਿਚ ਬਰਾਤਾਂ ਦਾ ਆਉਣਾ ਕੋਈ ਖੁਸ਼ੀਆਂ ਭਰੀਆਂ ਸੁਗਾਤਾਂ ਤੋਂ ਘੱਟ ਨਾ ਹੁੰਦਾ।
ਸਮੇਂ ਦੇ ਚੱਕਰ ਨਾਲ ਸਰਕਾਰਾਂ ਨੇ ਪਿੰਡਾਂ ਨੂੰ ਵਿਕਾਸ ਦੇ ਰਾਹ ਤੇ ਪਾਇਆ। ਪਿੰਡਾਂ ਵਿਚ ਨਵੇਂ ਸਕੂਲ ਖੋਲ੍ਹਣ ਦੇ ਨਾਲ ਨਾਲ ਸੜਕਾਂ ਨੂੰ ਵੀ ਪੱਕੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਅਤੇ ਹੌਲੀ-ਹੌਲੀ ਪਿੰਡਾਂ ਦੀਆਂ ਸਭ ਸੜਕਾਂ ਪੱਕੀਆਂ ਹੋ ਗਈਆਂ। ਇੱਥੋਂ ਤੱਕ ਕਿ ਬਹੁਤੇ ਪਿੰਡਾਂ ਦੀਆਂ ਫਿਰਨੀਆਂ ਵੀ ਮੁਕੰਮਲ ਤੌਰ ਤੇ ਪੱਕੀਆਂ ਹੋ ਗਈਆਂ। ਪਿੰਡਾਂ ਵਿਚ ਬਿਜਲੀ ਪਹੁੰਚ ਗਈ ਅਤੇ ਸਭ ਪਿੰਡ ਬਿਜਲੀ ਦੀਆਂ ਲਾਈਟਾਂ ਨਾਲ ਰੁਸ਼ਨਾਉਣ ਲੱਗੇ। ਸਿੱਖਿਆ ਦੇ ਪ੍ਰਸਾਰ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਅਤੇ ਆਰਥਿਕ ਤਰੱਕੀ ਨਾਲ ਪਿੰਡਾਂ ਦੇ ਪਰਿਵਾਰਾਂ ਵਿਚ ਖੂਬ ਉਨਤੀ ਹੋਣ ਲੱਗੀ। ਨਤੀਜਾ ਇਹ ਹੋਇਆ ਕਿ ਲੋਕਾਂ ਨੇ ਵਿਆਹਾਂ ਵਿਚ ਰੱਥ ਗੱਡੇ ਛੱਡ ਬਰਾਤਾਂ ਨੂੰ ਬੱਸਾਂ ਵਿਚ ਲਿਜਾਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਰੱਥ ਬੰਦ ਹੀ ਹੋ ਗਏ ਅਤੇ ਬੰਦ ਹੋ ਗਈ ਉਹਨਾਂ ਵੱਲੋਂ ਕੱਚੀਆਂ ਸੜਕਾਂ ਤੇ ਉਡਾਈ ਜਾਂਦੀ ਉਹ ਧੂੜ। ਬੱਚਿਆਂ ਵਿਚ ਬਰਾਤ ਦੇਖਣ ਦਾ ਚਾਅ ਮੁੱਢਾ ਪੈ ਗਿਆ।
ਜਦੋਂ ਸਮੇਂ ਨੇ ਹੋਰ ਕਰਵਟ ਖਾਧੀ ਤਾਂ ਬਰਾਤ ਬੱਸਾਂ ਦੇ ਨਾਲ-ਨਾਲ ਕਾਰਾਂ ਵਿਚ ਆਉਣ ਲੱਗੀ ਅਤੇ ਪਿੰਡਾਂ ਵਿਚ ਵੀ ਬਰਾਤ ਨੂੰ ਚਿੱਟਿਆਂ ਥਾਨਾਂ (ਕੋਰਿਆਂ) ਪਰ ਰੋਟੀ ਖੁਆਉਣ ਦੀ ਥਾਂ ਟੈਂਟਾਂ ਵਿਚ ਮੇਜ਼ ਕੁਰਸੀਆਂ ਲਾ ਕੇ ਰੋਟੀ ਦਾ ਪ੍ਰਬੰਧ ਹੋਣ ਲੱਗਿਆ। ਬੱਚਿਆਂ ਨੂੰ ਵੀ ਬਰਾਤ ਆਉਣ ਦਾ ਉਦੋਂ ਪਤਾ ਚੱਲਦਾ, ਜਦੋਂ ਵਾਜੇ ਵਾਲੇ ਟੈਂਟ ਦੇ ਅੱਗੇ ਆ ਆਪਣਾ ਬੈਂਡ ਵਾਜਾ ਵਜਾਉਣ ਲੱਗਦੇ। ਔਰਤਾਂ ਵਲੋਂ ਬਨੇਰਿਆਂ ਤੇ ਬੈਠ ਸਿੱਠਣੀਆਂ ਦੇਣ ਦਾ ਸਿਲਸਿਲਾ ਵੀ ਬੰਦ ਹੋ ਗਿਆ। ਉਹ ਵੀ ਬਰਾਤ ਆਉਣ ਤੋਂ ਪਹਿਲਾਂ ਹੀ ਟੈਂਟ ਵਿਚ ਕੁਰਸੀਆਂ ਪਰ ਜਾ ਬੈਠਦੀਆਂ। ਪੁਰਾਣੇ ਪੰਜਾਬੀ ਸੱਭਿਆਚਾਰ ਵਿਰਸੇ ਨੁੰ ਕਾਫੀ ਢਾਹ ਲੱਗੀ ਪਰ ਗੱਲ ਇਥੇ ਹੀ ਨਹੀਂ ਰੁਕੀ ਸਮਾਜ ਵਿਕਾਸ ਦੇ ਰਾਹ ਤੇ ਹੋਰ ਅੱਗੇ ਵੱਧ ਗਿਆ ਅਤੇ ਸ਼ਹਿਰਾਂ ਦੀ ਰੀਸ ਪਿੰਡਾਂ ਵਿਚ ਵੀ ਮੈਰਿਜ਼ ਪੈਲਸਾਂ ਵਿਚ ਵਿਆਹ ਹੋਣ ਲੱਗ ਪਏ।
ਹੁਣ ਕੋਈ ਨਹੀਂ ਦੇਖਦਾ ਬਰਾਤ ਦੇ ਆਉਣ ਵਾਲੇ ਰਸਤਿਆਂ ਵੱਲ ਜਿਥੇ ਉਡਦੀ ਸੀ ਉਨ੍ਹਾਂ ਦੀ ਰੱਥਾਂ ਵਾਲੀ ਧੂੜ। ਮੈਰਿਜ ਪੈਲਸਾਂ ਵਿਚ ਉੱਚੀ ਅਵਾਜ਼ ਵਿਚ ਵਜਦੇ ਡੀ.ਜੇ ਬੱਚਿਆਂ ਨੂੰ ਇਹ ਕਹਿਣ ਦਾ ਮੌਕਾ ਹੀ ਨਹੀਂ ਦਿੰਦੀ ਕਿ ''ਬਰਾਤ ਆ ਗਈ'', ''ਬਰਾਤ ਆ ਗਈ।'' ਬਰਾਤ ਨੂੰ ਦੇਖਣ ਦੀ ਕਿਸੇ ਦੀ ਰੁਚੀ ਨਹੀਂ ਹੁੰਦੀ, ਸਭ ਖਾਣ-ਪੀਣ ਵਿਚ ਮਸਤ ਹੁੰਦੇ ਹਨ। ਉਧਰ ਬਰਾਤਾਂ ਵੀ ਇਕ ਦਿਨ ਲਈ ਆਉਂਦੀਆਂ ਹਨ ਅਤੇ ਉਹ ਵੀ ਲੇਟ, ਬਸ ਕੁਝ ਘੰਟਿਆਂ ਲਈ ਆਉਂਦੀ ਸਾਰ 'ਛੇਤੀ ਕਰੋ' ਦਾ ਸ਼ੋਰ ਪੈ ਜਾਂਦਾ ਹੈ। ਸਾਡੇ ਪੈਂਡੂ ਬੱਚਿਆਂ ਪਾਸੋਂ ਸਾਡੇ ਪੰਜਾਬੀ ਸੱਭਿਆਚਾਰਕ ਵਿਰਸੇ ਦੇ ਬਹੁਤੇ ਅਣਮੁੱਲਿਆਂ ਤੋਹਫਿਆਂ ਨੂੰ ਸਾਡੀ ਵਿਕਾਸ ਦੀ ਗਤੀ ਨੇ ਖੋਹ ਲਿਆ ਹੈ। ਅੱਜ ਦੇ ਬੱਚੇ ਰੱਥਾਂ ਵੱਲੋਂ ਉੱਡਦੀ ਉਸ ਧੂੜ ਦੀ ਸੱਚੀ ਕਹਾਣੀ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ ਅਤੇ ਨਾ ਹੀ ਮੰਨਦੇ ਹਨ ਔਰਤਾਂ ਵੱਲੋਂ ਸੁਣਾਈਆਂ ਗਈਆਂ ਉਹ ਮਜ਼ੇਦਾਰ ਸਲੂਣੀਆਂ-ਸਲੂਣੀਆਂ, ਚੌਬੇਦਾਰ ਸਿੱਠਣੀਆਂ ਨੂੰ । ਉਹ ਤਾਂ ਮੈਰਿਜ ਪੈਲਸਾਂ ਦੀ ਡੈਕੋਰੇਸ਼ਨ ਨਾਲ ਆਪਣੀਆਂ ਚੁੰਦਆਈਆਂ ਅੱਖਾਂ ਨੂੰ ਮਲਦੇ-ਮਲਦੇ ਡੀ.ਜੇ. ਸ਼ੋਰਗੁਲ ਆਵਾਜ਼ ਤੋਂ ਬਚਣ ਲਈ ਕੰਨਾ ਵਿਚ ਉਂਗਲਾਂ ਪਾ ਕੇ ਬੈਠੇ ਰਹਿੰਦੇ ਹਨ। ਕਿੰਨਾ ਚੰਗਾ ਹੁੰਦਾ ਜੇ ਉਹ ਵੀ ਕਦੇ ਪਿੰਡਾਂ ਵਿਚ ਉੱਡਦੀ ਧੂੜ ਵਿਚ ਪੈਸੇ ਚੁਗਣ ਦਾ ਆਨੰਦ ਪ੍ਰਾਪਤ ਕਰ ਲੈਂਦੇ।
ਬਹਾਦਰ ਸਿੰਘ ਗੋਸਲ
ਮਕਾਨ ਨੰਬਰ 3098, ਸੈਕਟਰ 37 ਬੀ,ਚੰਡੀਗੜ੍ਹ।
ਮੋਬਾ: 9876452223
ਮਨੀਪੁਰ ਦੀ ਰਾਜਧਾਨੀ ਇੰਮਫਾਲ ਦੀ ਯਾਤਰਾ
NEXT STORY