ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ,ਜਿਨ੍ਹਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ।
ਦੋਸਤੋ ਹੁਣ ਤੱਕ ਗੱਲ ਅਰਥ ਦੀ ਹੋ ਰਹੀ ਸੀ, ਅੱਜ ਕੱਲ੍ਹ ਕਰੰਟ ਤੋਂ ਬਚਣ ਲਈ ਅਰਥ ਲੀਕੇਜ ਬ੍ਰੇਕਰ ਦੇ ਨਾਂ ਤੇ ਕੁਝ ਹੋਰ ਡਿਵਾਈਸ ਵੀ ਮਾਰਕੀਟ ਵਿੱਚ ਆ ਗਈਆਂ ਹਨ , ਪਰ ਮੈਂ ਇਹ ਸਪੱਸ਼ਟ ਦੱਸ ਦੇਵਾਂ ਕਿ ਅਰਥ ਦੇ ਮੁਕਾਬਲੇ ਕੋਈ ਵੀ ਡਿਵਾਈਸ 10 ਤੋਂ 15 ਪਰਸੈਂਟ ਕੰਮ ਹੀ ਕਰਦੀ ਹੈ ਅਤੇ ਬਹੁਤ ਵਾਰੀ ਅਰਥ ਦੀ ਗ਼ੈਰਮੌਜ਼ੂਦਗੀ ਵਿੱਚ ਕੰਮ ਕਰਦੀ ਹੀ ਨਹੀਂ।ਮਸਲਨ ELCB , RCCB , RCBO ਵਗੈਰਾ।ਕੁੱਝ ਲੋਕਾਂ ਦਾ ਇਹ ਸਮਝਣਾ ਕਿ ਇਹਨਾਂ ਦੇ ਹੁੰਦੇ ਕਰੰਟ ਨਹੀਂ ਲੱਗੇਗਾ, ਬਹੁਤ ਵੱਡੀ ਗ਼ਲਤ ਫਹਿਮੀ ਹੈ।ਇਹ ਡਿਵਾਈਸ 30, 50 ਤੇ 100 ma ਰੇਟਿੰਗ ਵਿਚ ਆਉਂਦੀਆਂ ਹਨ , ਘਰੇਲੂ ਸਪਲਾਈ ਲਈ 30ma ਹੀ ਸਿਫਾਰਿਸ਼ ਕੀਤੀ ਜਾਂਦੀ ਹੈ।ਇਸ ਤੋਂ ਵੱਡੀਆਂ ਵਪਾਰਕ ਜਾਂ ਇੰਡਸਟਰੀ ਵਿਚ ਵਰਤੀਆਂ ਜਾਂਦੀਆਂ ਹਨ।
ਪਹਿਲੀ ਗੱਲ ਇਹ ਕਿ ਇਹ ਡਿਵਾਈਸ ਝਟਕਾ ਲੱਗਣ ਸਮੇ 30ma ਕਰੰਟ ਤੋਂ ਜ਼ਿਆਦਾ ਲੰਘਣ ਤੇ ਹੀ ਟਰਿੱਪ ਕਰਦੀਆਂ ਹਨ।ਕਈ ਵਾਰੀ ਜ਼ਿਆਦਾ ਸੈਂਸਟਿਵ ਲੋਕਾਂ ਦੇ ਮਰਨ ਲਈ ਏਨਾ ਕੁ ਝਟਕਾ ਵੀ ਕਾਫ਼ੀ ਹੁੰਦਾ ਹੈ।ਮੰਨ ਲਵੋ ਕਿ ਬਿਜਲੀ ਯੰਤਰ (ਪੱਖਾ,ਪ੍ਰੈਸ ਵਗੈਰਾ) ਕਿਸੇ ਲੱਕੜੀ , ਪਲਾਸਟਿਕ, ਸੁੱਕੇ ਕੱਪੜੇ ਜਾਂ ਹੋਰ ਕਿਸੇ ਇੰਸੂਲੇਟਿੰਗ ਮਟੀਰੀਅਲ ਤੇ ਪਿਆ ਚੱਲ ਰਿਹਾ ਹੈ, ਕਿਸੇ ਨੁਕਸ ਕਾਰਨ ਉਸਦੀ ਮੈਟਲ ਬਾਡੀ ਵਿੱਚ ਕਰੰਟ ਆ ਗਿਆ ਤਾਂ ਅਰਥ ਲੀਕੇਜ ਡਿਵਾਈਸ ਲੱਗੇ ਹੋਣ ਦੇ ਬਾਵਜੂਦ ਘੱਟੋ ਘੱਟ 30ma ਦਾ ਝਟਕਾ ਲੱਗੇਗਾ ਜ਼ਰੂਰ। ਵੈਸੇ ਵੀ ਵੇਖਿਆ ਜਾਂਦਾ ਹੈ ਕਿ ਜਿਹੜੇ ਘਰਾਂ ਵਿਚ ਇਹ ਡਿਵਾਈਸ ਲੱਗੀਆਂ ਹਨ, ਜ਼ਿਆਦਾਤਰ ਬਾਈਪਾਸ ਹੀ ਰਹਿੰਦੀਆਂ ਹਨ। ਜਾਣਕਾਰੀ ਦੀ ਘਾਟ ਕਾਰਨ ਸਾਡੇ ਮਕੈਨਿਕ ਇਹਨਾਂ ਨੂੰ ਸਹੀ ਤਰੀਕੇ ਤੇ ਜਗ੍ਹਾ ਤੇ ਨਹੀਂ ਲਗਾ ਪਾਉਂਦੇ। ਇਸ ਦੇ ਨਾਲ ਹੀ ਇਹ ਜਾਣਕਾਰੀ ਦੇ ਦੇਵਾਂ ਕਿ ਜਿਸ ਤਰ੍ਹਾਂ ਇਹਨਾਂ ਦੀ ਇੰਸਟਾਲੇਸ਼ਨ ਹੋ ਰਹੀ ਹੈ ਇਹ ਡਿਵਾਈਸ ਜੈਨਰੇਟਰ ਅਤੇ ਇਨਵਰਟਰ ਤੋਂ ਲੱਗਣ ਵਾਲੇ ਕਰੰਟ ਤੋਂ ਬਚਾਅ ਨਹੀਂ ਕਰਦੀ , ਕੋਈ ਡਿਵਾਈਸ ਘਰ ਵਿਚ ਨਾ ਲੱਗੀ ਹੋਵੇ, ਇਨਸਾਨ ਸੁਚੇਤ ਰਹਿੰਦਾ ਹੈ ਪਰ ਲੱਗੀ ਹੋਣ ਦੇ ਭਰੋਸੇ ਦੇ ਪਰ ਕੰਮ ਨਾ ਕਰਦੀ ਹੋਣ ਕਾਰਨ ਕਰੰਟ ਲੱਗ ਜਾਵੇ ਤੇ ਇਨਸਾਨ ਮਰੇਗਾ ਜ਼ਰੂਰ। ਇਨਸਾਨ ਤੋਂ ਇਲਾਵਾ ਕਰੰਟ ਸਾਡੇ ਪਾਲਤੂ ਤੇ ਅਵਾਰਾ ਜਾਨਵਰਾਂ ਲਈ ਮਨੁੱਖ ਤੋਂ ਵੀ ਵੱਧ ਖ਼ਤਰਨਾਕ ਹੈ।ਕਰੰਟ ਕਾਰਨ ਅੱਗ ਲੱਗਣ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ।
ਬਾਕੀ ਅਗਲੇ ਵੀਰਵਾਰ.....
ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 1 : ਜਾਣੋ ਕਿਵੇਂ ਲਗਾਈਏ ਸੁਰੱਖਿਅਤ 'ਅਰਥ'
ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 2: ਜ਼ਰੂਰੀ ਸਾਵਧਾਨੀਆਂ ਵਿੱਚੋਂ ਇੱਕ 'ਅਰਥ' ਬਾਰੇ ਮੁੱਢਲੀ ਜਾਣਕਾਰੀ
ਜੈਸਿੰਘ ਕੱਕੜਵਾਲ
ਕਾਲਿੰਗ ਅਤੇਵ੍ਹਟਸਐਪ ਨੰਬਰ 9815026985
ਪੀ.ਏ.ਯੂ. ਵਿੱਚ ਸੁਚੱਜੇ ਖੇਤੀ ਵਪਾਰ ਬਾਰੇ ਆਨਲਾਈਨ ਕੋਰਸ ਕਰਵਾਇਆ ਗਿਆ
NEXT STORY