ਗ੍ਰੇਸ ਗਿੱਲ
ਇਕਨੋਮਿਕਸ ਹੋਨੌਰਸ
ਲੇਡੀ ਸ਼੍ਰੀ ਰਾਮ ਕਾਲਜ ਫੋਰ ਵੋਮੈਨ, ਨਵੀਂ ਦਿੱਲੀ
ਮੈਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਪ੍ਰਕ੍ਰਿਤੀ ਕਿਉਂ ਪਸੰਦ ਹੈ? ਮੈਂ ਸਹਿਜੇ ਹੀ ਆਖਿਆ, "ਮੈਨੂੰ ਹਵਾ ਕੁਝ ਭੇਦ ਦੱਸਦੀ ਹੈ, ਮੇਰੇ ਨਾਲ ਵਾਰਤਾਲਾਪ ਕਰਦੀ ਹੈ। ਹਵਾ ਨੂੰ ਸੁਣਨਾ ਮੇਰੇ ਲਈ ਇਕ ਵਿਲੱਖਣ ਅਨੁਭਵ ਹੈ, ਕਿਉਂਕਿ ਉਹ ਬਿਨਾਂ ਨੁਕਸ ਕੱਢੇ ਮੇਰੀ ਵੀ ਤਾਂ ਗੱਲ ਸੁਣਦੀ ਹੈ, ਮੇਰੇ ਬੋਲਾਂ ਨੂੰ ਥਾਂ ਦਿੰਦੀ ਹੈ।"
ਮੇਰੀ ਹਵਾ ਨਾਲ ਵਾਰਤਾਲਾਪ:
ਹਵਾ ਕਹਿੰਦੀ ਹੈ,
ਮੈਂ ਸਿਰਫ਼ ਹਵਾ ਨਹੀਂ, ਮੇਰੇ ਵਿਚ ਗੂੰਜਦਾ ਹੈ ਓਹ ਲਲਕਾਰਾ ਜਿਹੜਾ, ਬਾਰਡਰ ’ਤੇ ਸ਼ਹੀਦ ਹੁੰਦੇ ਫੌਜੀ ਮਾਰ ਗਿਆ ਸੀ। ਮੇਰੇ ਵਿਚ ਗੂੰਜਦੀ ਹੈ, ਉਹ ਸਹਿਮੀ ਹੋਈ ਆਵਾਜ਼, ਜਿਹੜਾ ਇਕ ਭੁੱਖਾ ਬੱਚਾ ਰੋਂਦਾ ਕੁਰਲਾਉਂਦਾ ਮਜ਼ਬੂਰ ਮਾਂ ਦੀ ਗੋਦੀ ਵਿੱਚ ਪਿਆ ਹਮੇਸ਼ਾ ਲਈ ਅੱਖਾਂ ਮੀਟ ਗਿਆ।
ਮੈਂ ਸਿਰਫ਼ ਹਵਾ ਨਹੀਂ, ਮੇਰੇ ਵਿਚ ਮਿਲੀ ਹੈ ਉਹ ਮੀਠਾਸ ਜਦੋਂ ਇਕ ਨਿੱਕੀ ਕੁੜੀ ਸੜਕ ’ਤੇ ਚਲਦੇ ਬਜ਼ੁਰਗਾਂ ਨੂੰ ਫ਼ਤਹਿ ਬੁਲਾਉਂਦੀ ਹੈ। ਮੇਰੇ ਵਿੱਚ ਮਿਲੀ ਹੈ ਉਹ ਕੁੜੱਤਣ, ਜਿਹੜੀ ਅਜ਼ਾਦ ਬੋਲਾਂ ਨੂੰ ਦਬਾਉਂਦੀ ਹੈ। ਮੇਰੇ ਵਿੱਚ ਮਿਲੀ ਹੈ ਉਹ ਕੁੜੱਤਣ, ਜਿਹੜੀ ਬਜ਼ੁਰਗਾਂ ਨੂੰ ਸੜਕਾਂ ’ਤੇ ਸੌਣ ਲਈ ਮਜ਼ਬੂਰ ਕਰਦੀ ਹੈ।
ਮੈਂ ਉਹ ਹਵਾ, ਜਿਸ ਵਿੱਚ ਹੈ ਸਾਂਝੀਵਾਲਤਾ ਦਾ ਸੰਦੇਸ਼, ਕਿਉਂਕਿ ਮੈਂ ਕਦੇ ਪਾਕਿਸਤਾਨ ਤੋਂ ਹੁੰਦੇ ਹੋਏ ਬੰਗਲਾਦੇਸ਼ ਦੇ ਰਾਹੀਂ ਭਾਰਤ ਵਿੱਚ ਆਈ, ਤੇ ਕਦੇ, ਅਮਰੀਕਾ ਤੋਂ ਹੁੰਦੇ ਹੋਏ ਭਾਰਤ ਵਿਚ ਆਈ, ਕਿਉਂਕਿ ਮੇਰਾ ਕੋਈ ਇੱਕ ਰਾਹ ਨਹੀਂ, ਮੈ ਤਾਂ ਸਭ ਦੀ ਸਾਂਝੀ ਹਾਂ। ਇਸ ਦੇ ਬਾਵਜੂਦ ਮੈਂ ਉਹੀ ਬਦਕਿਸਮਤ ਹਵਾ, ਜਿਸ ਨੂੰ ਵੰਡਿਆ ਗਿਆ ਤੇ ਇੰਝ ਮੈਂ ਹੰਢਾਈ 1947 ਦੀ ਵੰਡ।
ਮੈਂ ਉਹ ਹਵਾ, ਜਿਸ ਵਿਚ ਸੁਣੇ ਜਾਂਦੇ ਨੇ ਗੁਰਬਾਣੀ ਦੇ ਬੋਲ...
"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। (ਅੰਗ 1349 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਮੇਰੇ ਹੀ ਵਿੱਚ ਦੇਖੀ ਗਈ ਧਰਮ, ਜਾਤ, ਗੋਤ ਦੇ ਨਾਮ ’ਤੇ ਲੜ੍ਹਾਈ। ਲੜ੍ਹਾਈ ਨੂੰ ਅਨੇਕਾਂ ਨਾਮ ਦਿੱਤੇ ਗਏ। ਮੈਂ ਤਾਂ ਸਭ ਨੂੰ ਕਹਿੰਦੀ ਥੱਕ ਗਈ ਕਿ ਧਰਤੀ ਮਾਂ, ਆਪਣੇ ਬੱਚਿਆਂ ਨੂੰ ਧਰਮ ਪੁੱਛੇ ਬਿਨਾਂ ਪਾਣੀ ਪਿਲਾਉਂਦੀ ਹੈ। ਮਨੁੱਖ ਦੀ ਜਾਤ ਤਾਂ ਇੱਕੋ ਹੈ, ਇਨਸਾਨੀਅਤ ਜਿਵੇਂ ਮਨੁੱਖ ਦੇ ਲਹੂ ਦਾ ਰੰਗ ਇਕੋ ਹੈ ਲਾਲ, ਜਿਵੇਂ ਮਨੁੱਖ ਦਾ ਉਦੇਸ਼ ਇਕੋ ਹੋਣਾ ਚਾਹੀਦਾ, ਆਪਣੀ ਜ਼ਿੰਦਗੀ ਨੂੰ ਲੋਕ ਭਲਾਈ ਦੇ ਲੇਖੇ ਲਾਉਣਾ ਤਾਂ ਕਿ ਚੰਗਾ ਬਦਲਾਵ ਦੇਖਣ ਨੂੰ ਮਿਲੇ। ਜਿਵੇਂ ਮਨੁੱਖਤਾ ਨੂੰ ਇਕੋ ਭਗਤ ਪੂਰਨ ਸਿੰਘ ਜੀ ਮਿਲੇ ਅਤੇ ਇਕੋ ਸ਼ਹੀਦ ਭਗਤ ਸਿੰਘ ਪਰ ਉਨ੍ਹਾਂ ਦੇ ਰਾਹ ਚੱਲਣ ਵਾਲੇ ਅਨੇਕਾਂ ਅਤੇ ਉਨ੍ਹਾਂ ਦੇ ਰਾਹ ਨਾ ਚੱਲਣ ਵਾਲੇ ਵੀ ਅਨੇਕਾਂ।
ਮੈਂ ਉਹ ਹਵਾ, ਜਿਸ ਵਿਚ ਲਾਈ ਅਜ਼ਾਦ ਪੰਛੀਆਂ ਨੇ ਆਪਣੇ ਸੁਪਨਿਆਂ ਦੀ ਉਡਾਰੀ, ਮੈਂ ਉਹੀ ਹਵਾ, ਜਿਸ ਨੇ ਸੁਣੀ ਚੀਕ ਮਾਰੇ ਗਏ ਸੁਪਨਿਆਂ ਦੀ। ਤਾਂ ਹੀ ਤਾਂ ਪਾਸ਼ ਕਹਿੰਦਾ ਹੈ, "ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਅਤੇ ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਨਾ ਠਹਿਰਾਉਣਾ।"
ਹਵੇਲੀਆਂ ਦੇ ਬਿਲਕੁਲ ਪਿੱਛੇ ਉਪਜੀਆਂ ਝੁੱਗੀਆਂ ਵੀ ਤਾਂ ਮੇਰਾ ਹੀ ਅੰਗ ਨੇ ।
ਮੈਂ ਹਵਾ ਜਿਸ ਵਿਚ ਚੜ੍ਹਦਾ ਸੂਰਜ ਵੇਖਣ ਨੂੰ ਮਿਲਦਾ ਹੈ ਅਤੇ ਛਿਪਦਾ ਵੀ ਪਰ ਹੋਣ ਚੜ੍ਹਦੇ ਸੂਰਜ ਨੂੰ ਸਲਾਮਾਂ ਛਿਪਦੇ ਨੂੰ ਕੌਣ ਪੁੱਛਦਾ।
ਅੰਤ ਹਵਾ ਨੇ ਆਖਿਆ, ਇਹੀ ਜ਼ਿੰਦਗੀ ਹੈ। ਇਸ ਵਿਚ ਦੋਵੇਂ ਧਿਰ ਦੇਖਣ ਨੂੰ ਮਿਲਦੇ ਹਨ, ਇਸ ਵਿਚ ਵਿਕਾਸ ਤਾਂ ਹੈ ਪਰ ਕਿਸੇ ਨੂੰ ਮਾਰ ਕੇ ਕਿਸੇ ਦੇ ਹੱਕ ਖੋ ਕੇ, ਜਾਂ ਕਿਸੇ ਦੀ ਥਾਂ ਮਲ੍ਹ ਕੇ ਵਿਕਾਸ, ਵਿਕਾਸ ਨਹੀਂ ਹੁੰਦਾ। ਦੂਜਾ ਪੱਖ ਅੰਤ ਸਾਹਮਣੇ ਆ ਹੀ ਜਾਣਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਹਮੇਸ਼ਾ ਸੱਚ ਅਤੇ ਬਰਾਬਰਤਾ ਦੇ ਰਾਹ ’ਤੇ ਚਲੀਏ, ਕਿਉਂਕਿ ਜਿੱਥੇ ਤੁਰੇ ਉਹੀ ਰਾਹ ਬਣ ਜਾਂਦਾ ਹੈ।
ਕਿਸਾਨਾਂ ਦਾ ‘ਚੱਕਾ ਜਾਮ ਸ਼ਾਂਤੀਪੂਰਵਕ ਸੰਪੰਨ’ ‘ਹੁਣ ਦੋਵੇਂ ਧਿਰਾਂ ਗੱਲਬਾਤ ਲਈ ਅੱਗੇ ਆਉਣ’
NEXT STORY