ਜੇਕਰ ਸਾਹਿਤ ਨੇ ਆਪਣੇ ਆਪ ਨੂੰ ਪ੍ਰੀਭਾਸ਼ਿਕ ਕਰਨਾ ਹੈ ਤਾਂ ਵਕਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਮਕਾਲ ਦੇ ਕੁਹਝ ਨੂੰ ਜ਼ਰੂਰ ਸਾਹਮਣੇ ਲਿਆਉਣਾ ਪਵੇਗਾ ਤੇ ਪੂਰਵਲੇ ਸੰਕਲਪਾ ਨੂੰ ਵੀ ਘੌਖਣਾ-ਪੜਤਾਲਣਾ ਪਵੇਗਾ। ਇਤਿਹਾਸ ਦੇ ਸਮਕਾਲ ਦਾ ਸੁਮੇਲ ਹੀ ਭਵਿੱਖ ਦੀ ਤ੍ਰਿਮੂਰਤੀ ਬਣੇਗਾ। ਪੰਜਾਬ ਦੇ ਸਿਰਮੌਰ ਸ਼ਾਇਰ ਮੋਹਨਜੀਤ ਦੀ ਕਾਵਿ ਪੁਸਤਕ 'ਕੋਨੇ ਦਾ ਸੂਰਜ' ਕਾਵਿ ਸੰਵਾਦ ਰਚਾਉਂਦੀ ਆਪਣੀ ਅੰਤਰਧੁਨੀ ਰਾਹੀਂ ਤ੍ਰੈਕਾਲ ਵਿਚ ਫੈਲਦੀ ਹੈ।
ਇਹ ਪੁਸਤਕ ਕੋਣਾਰਕ ਦੇ ਮੰਦਰ ਦੀ ਇਮਾਰਤਸਾਜ਼ੀ ਅਤੇ ਇਮਾਰਤਸਾਜ਼ਾਂ ਨੂੰ ਮੁੱਖ ਕੇਂਦਰ ਬਣਾਉਂਦੀ ਹੈ। ਇਹ ਤੱਤਕਾਲ ਦੇ ਅਨੇਕਾਂ ਦ੍ਰਿਸ਼ਾਂ ਨੂੰ ਸਾਕਾਰ ਕਰਦੀ ਇਤਿਹਾਸ ਦੇ 'ਕਾਣ' ਨੂੰ ਪੂਨਰ ਪ੍ਰੀਭਾਸ਼ਿਤ ਕਰਦੀ ਹੈ। ਇਹ 'ਕਾਣ' ਨੂੰ 'ਕੋਣ' ਬਣਾ ਕੇ 'ਕੋਣੇ' ਤੱਕ ਪਹੁੰਚਣ ਦਾ ਸਫਰ ਹੈ। ਇਹ ਲੰਮੀ ਕਵਿਤਾ ਮੁੱਖ ਦੋ ਭਾਗਾਂ ਵਿਚ ਵੰਡੀ ਹੋਈ ਇਤਿਹਾਸ-ਮਿਥਿਹਾਸ ਦੇ ਅਨੇਕ ਪੱਖਾਂ ਨੂੰ ਆਪਣੇ ਕਲੇਵੇ ਵਿਚ ਲੈਂਦੀ ਹੈ। ਪਹਿਲੀ ਕਥਾ ਆਪਣੀ ਗਰਭਵਤੀ ਪਤਨੀ ਨੂੰ ਘਰ ਛੱਡ ਕੇ ਇਮਾਰਤਸਾਜ਼ੀ ਵਿਚ ਜਾ ਜੁਟੇ ਸ਼ਿਲਪੀ ਦੀ ਹੈ। ਜਿਸ ਦਾ ਪੁੱਤਰ ਵੱਡਾ ਹੋ ਕੇ ਹੁਨਰਮੰਦ ਇਮਾਰਤਸਾਜ਼ ਬਣਦਾ ਹੈ ਅਤੇ ਵੱਡਿਆਂ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਆਪਣੇ ਜੀਵਨ ਦੀ ਬਲੀ ਦੇ ਦਿੰਦਾ ਹੈ। ਦੂਜੀ ਘਟਨਾ ਆਪਣੀ ਹੋਣ ਵਾਲੀ ਪਤਨੀ ਨੂੰ ਮਜ਼ਬੂਰੀਵਸ ਛੱਡ ਰਾਜੇ ਦੀ ਚਾਕਰੀ ਤਾਮੀਰਦਾਰੀ ਹਿੱਤ ਮੰਦਰ ਉਸਾਰੀ ਵਿਚ ਗਲਤਾਨ ਹੋਣ ਵਾਲੇ ਸ਼ਿਲਪੀ ਦੀ ਹੈ ਜਿਸ ਦਾ ਦੁਖਾਂਤਕ ਅੰਤ ਬੜੀ ਹਿਰਦੇ ਵੇਦਕ ਹੈ।
ਸਮੂਚੀ ਕਵਿਤਾ ਵਿਚ ਮੁੱਖ ਦੋ ਸੰਕਟ ਉਭਰਦੇ ਹਨ ਜਿਨ੍ਹਾਂ ਨਾਲ ਅੱੱਗੋਂ ਹੋਰ ਸੰਕਟ ਸੰਗਲ ਦੀਆਂ ਘੁਰੀਆਂ ਵਾਂਗ ਬੱਝੇ ਹੋਏ ਹਨ। ਕਿਰਤ ਹਰ ਕਿਸਮ ਦੀ ਸੱਤਾ ਦਾ ਸ਼ਿਕਾਰ ਰਹੀ ਹੈ। ਸੱਤਾ ਦਾ ਜਸ਼ਨ ਕਿਰਤ ਨੂੰ ਲਤਾੜਕੇ ਹੀ ਨੇਪਰੇ ਚੜ੍ਹਿਆ ਹੈ। ਭਾਰਤ 'ਚ ਰਾਜੇ-ਮਹਾਰਾਜਿਆਂ ਦੁਆਰਾ ਇਮਾਰਤਸਾਜ਼ੀ ਦੇ ਅਦਭੁੱਦ ਤੇ ਵਿਸ਼ਾਲ ਨਮੂਨੇ ਸਾਡੇ ਸਾਹਮਣੇ ਹਨ ਜਿਸ ਕਰਕੇ ਸ਼ਿਲਪਕਲਾ ਦੀ ਵਿਸ਼ਵ ਭਰ ਵਿਚ ਖੂਬ ਚਰਚਾ ਹੋ ਰਹੀ ਹੈ ਤੇ ਇਹ ਸੈਲਾਨੀਆਂ ਦੀ ਅਥਾਹ ਖਿੱਚ ਦਾ ਕੇਂਦਰ ਵੀ ਹਨ। ਸ਼ਾਇਰ ਲਈ ਇਹ ਸੰਦਰਤਾ ਅਤੇ ਕਲਾ ਦਾ ਅਮੁੱਲ ਖਜ਼ਾਨਾ ਕਿਸੇ ਰਾਜੇ ਦੀ ਧਰੋਹਰ ਦੇ ਰੂਪ 'ਚ ਸਾਕਾਰ ਨਹੀਂ ਹੁੰਦਾ। ਸਗੋਂ ਹੁਨਰ ਨਾਲ ਨੱਕੇ-ਨੱਕੇ ਭਰਾ ਉਹ ਕਿਰਤੀ-ਕਲਾਕਾਰ ਹਨ ਜਿਨ੍ਹਾਂ ਦੇ ਹੱਥਾਂ 'ਚੋਂ ਭਾਵਾਂ 'ਚੋਂ ਇਹ ਜਲੌਅ ਸਾਹਮਣੇ ਆਉਂਦਾ ਹੈ। ਇਹ ਮੰਦਰ, ਇਮਾਰਤਾਂ, ਮੀਨਾਕਾਰੀ,ਬੋਲੂੰ-ਬੋਲੂੰ ਕਰਦੀਆਂ ਮੂਰਤੀਆਂ ਕਿਸ ਹਾਲਾਤ 'ਚ ਕਿੰਨ੍ਹਾਂ ਸੰਕਟਾਂ ਵਿਚ ਆਪਣੇ ਰੂਪ ਧਾਰਨ ਕਰਦੇ ਹਨ। ਕਵੀ ਲਈ ਉਹ ਪਲ ਜ਼ਿਆਦਾ ਮਹੱਤਵ ਰੱਖਦੇ ਹਨ।
ਰਾਜਾ ਨਰਸਿੰਘ ਦੇਵ ਆਪਣੇ ਅਹਿਮ ਬੁਲੰਦ ਕਰਨਾ ਚਾਹੁੰਦਾ ਹੈ ਤਾਂ ਕਿ ਸਦੀਆਂ ਉਸਦੀ ਹਾਊਮੇ ਨੂੰ ਯਾਦ ਰੱਖਣ ਤੇ ਹਊਮੇ ਦੀ ਚਾਹਨਾਂ ਕੋਣਾਰਕ ਮੰਦਰ ਦੇ ਕੇਂਦਰ 'ਚ ਹੈ। ਇਸ ਕਾਜ ਲਈ ਹਜਾਰਾਂ ਮਿਸਤਰੀਆਂ,ਸ਼ਿਲਪਾਕਾਰਾਂ, ਮਜ਼ਦੂਰੀ, ਦਾਸੀਆਂ ਨੂੰ ਇਕਦਮ ਪਹੁੰਚਣ ਲਈ ਰਾਜ ਵੱਲੋਂ ਆਦੇਸ਼ ਹਨ। ਇਸ ਆਦੇਸ਼ ਦਾ ਪਾਲਣ ਕਰਦੀ ਲੋਕਾਈ ਦੇ ਪਿਛੋਕੜ ਵਿਚ ਰਹਿ ਗਈਆਂ ਸਮੱਸਿਆਵਾਂ, ਮਜ਼ਬੂਰੀਆਂ ਦੀ ਲੰਬੀ ਸੂਚੀ ਹੈ। ਨਿਸ਼ਚਿਤ ਸਮੇਂ 'ਚ ਕੰਮ ਕਰਨ ਦਾ ਆਦੇਸ਼ ਹੈ। ਉਸ ਆਦੇਸ਼ ਨੂੰ ਪੂਰਾ ਕਰਨ ਦੀ ਮਨਜ਼ੂਰੀ, ਚਿੰਤਾ ਦੇ ਅਹਿਦ ਹੈ। ਕਿਰਤ ਵਿਚੋਂ ਵਿਸ਼ਾਲ ਪ੍ਰਤਿਮਾ ਦਾ ਉਦੈ ਤਾਂ ਹੋ ਗਿਆ ਪਰ ਕਿਰਤਕਾਰਾਂ ਵਿਚੋਂ ਕਿੰਨਾ ਕੁੱਝ ਕਿ ਗਿਆ ਹੈ ਮਰ ਗਿਆ ਹੈ, ਸਮੇਂ ਦੀ ਭੇਟ ਚੜ੍ਹ ਗਿਆ ਹੈ। ਉਡੀਕ ਸੁੰਨ ਹੋ ਗਈ ਹੈ। ਉਡੀਕਦੇ ਹੰਝੂ ਲਹੂ 'ਚ ਤਬਦੀਲ ਹੋ ਗਏ ਹਨ। ਭਰੀ-ਭਰੀ ਰਸ ਭਿੰਨੀ ਜ਼ਿੰਦਗੀ ਨੂੰ ਜਿਉਣ ਦਾ ਸੁਪਨਾ ਪੰਖੇਰੂ ਹੋ ਗਿਆ ਹੈ। ਇਸ ਦਾ ਕਿਸ ਨੂੰ ਕਿਆਸ? ਜਸ਼ਨ 'ਚ ਡੁੱਬੀ ਰਜਵਾੜਾਸ਼ਾਹੀ ਦੀ ਹੈ ਜੈ ਜੈਕਾਰ ਵਿਚ ਕਿਰਤਕਾਰ ਕਿੱਥੇ? ਬਕੌਲ ਕਵੀ
..... ਵਿਥਿਆ ਕਾਹਦੀ ਸੀ
ਪੁਲ ਸਰਾਤ ਸੀ
ਜਿਸ ਉਤੋਂ ਸ਼ਿਲਪੀ ਤਾਂ ਲੰਘਿਆ ਈ ਸੀ
ਕਵੀ ਨੂੰ ਵੀ ਲੰਘਣਾ ਪੈਣਾ ਸੀ......
ਕਿਰਤ ਦੇ ਇਸ ਸੰਕਟ ਨੂੰ ਕਵੀ ਆਪਣੇ ਭਾਵ ਦਿੰਦਾ ਹੈ:-
ਰਾਜੇ ਕਲਮ ਕਰਨਾ ਹੀ ਜਾਣਦੇ
ਘੜਨਾ ਨਹੀਂ ਜਾਣਦੇ
ਉਸਾਰਨਾ, ਬਣਾਉਂਦਾ ਅਹਿਸਾਸ ਦੇ ਘੇਰੇ ਦੀ ਗੱਲ ਹੈ
ਸੰਵੇਦਨਾ ਕਲਾ ਦਾ ਮੂਲ ਹੈ
ਆਦੇਸ਼ ਤੇ ਕਲਾ ਦਾ ਮੁੱਢੋ ਵਿਰੋਧ ਹੈ।
ਇਸ ਲਈ ਕਵੀ ਮਜ਼ਦੂਰੀ, ਇਮਾਰਤਕਾਰਾਂ, ਦੇਵਦਾਸੀਆਂ, ਸ਼ਿਲਪਕਾਰਾਂ ਲਈ ਆਪਣੇ ਵੇਦਨਾ ਪ੍ਰਗਟ ਕਰਦਾ ਹੈ। ਕੀ ਸ਼ਾਹਕਾਰੀ ਦੀ ਚਰਚਾ ਕਰਦਿਆਂ ਇਨ੍ਹਾਂ ਦਾ ਕਿਧਰੇ ਨਾਂ ਆਏਗਾ?
ਮੰਦਰ ਦੀ ਤਾਮੀਰ ਬਾਰੇ ਸੋਚਦਾ ਕਵੀ ਕਾਫੀ ਹੈਰਾਨ ਹੁੰਦਾ ਹੈ:-
ਨੀਲਗਿਰੀ ਪਹਾੜੀਆਂ ਤੋਂ ਆਏ ਇਹ ਪੱਥਰ
ਇੰਨੇ ਭਾਰੇ ਇੰਨੀ ਦੂਰੋਂ ਲਿਆਉਣਾ
ਸੱਤ ਅੱਠ ਸਦੀਆਂ ਪਹਿਲਾਂ
ਨਿਰਾ ਅਚੰਭਾ ਹੈ।
ਕਵੀ ਕਿਰਤ ਦੇ ਅੰਚਭਿਆਂ ਤੋਂ ਅਚੰਭਿਤ ਹੈ। ਇਹ ਅਚੰਭਾ ਥਾਂ-ਥਾਂ ਹੈ। ਕਵਿਤਾ 'ਚ ਉੱਭਰੇ ਸਵਾਲ ਹੈਰਾਨ ਕਰਦੇ ਹਨ। ਪ੍ਰੇਸ਼ਾਨ ਕਰਦੇ ਹਨ। ਕਵਿਤਾ ਦੀ ਸਿਖਰ ਹੋ ਜਾਂਦੀ ਹੈ ਜਦ ਕਵੀ ਬੋਲਦਾ ਹੈ।
ਸ਼ਿਲਪੀਆਂ ਦਾ ਨਾਂ ਨਹੀਂ ਹੁੰਦਾ
ਕਲਾ ਹੁੰਦੀ ਹੈ ਜਾਂ ਕਿਰਤ
ਮਿਸਰ ਦੇ ਪਿਰਾਮਿਡਾਂ ਦੇ ਸ਼ਿਲਪੀ ਕੌਣ ਸਨ?
ਮੈਕਸੀਕੋ ਦੇ ਮਾਇਆ ਭਵਨਾ ਦੇ ਕਿਰਤਕਾਰਾਂ ਨੂੰ ਕੌਣ ਜਾਣਦਾ ਹੈ?
ਕੌਣ ਸਨ ਚੈਕਯ ਭਵਨਾ, ਸਤੂਪਾਂ, ਸ਼ਿਲਾਲੇਖਾਂ, ਮੀਨਾਰਾਂ, ਅਜੰਤਾ, ਅਲੇਰਾ
ਐਲੀਫੈਂਟਾ, ਹੋਰ ਲਾਠਾਂ
ਸਤੰਭਾ, ਖਜੋਰਾਹੋ, ਤਾਜ ਮਹਿਲਾਂ ਦੇ ਉਸਰੱਈਏ?
ਕੌਣ ਨਹੀਂ ਜਾਣਦਾ
ਨਾਂ ਰਾਜਿਆਂ, ਹਾਕਮਾਂ, ਤਾਨਾਸ਼ਾਹਾਂ ਜ਼ਾਰਾਂ ਦੇ ਹੁੰਦੇ ਹਨ।
ਕੀ ਕਲਾ ਵਿਵਾਦ ਤੋਂ ਪੂਰੇ ਹਨ?
ਕੀ ਕਿਰਤ ਹੀ ਅੰਤਮ ਸੱਚ ਹੈ?
ਕੀ ਸ਼ਿਲਪ ਦਾ ਕੋਈ ਪਾਣੀਹਾਰ ਨਹੀਂ?
ਕੀ ਕਲਾ ਲਈ, ਕਿਰਤ ਲਈ
ਕਰਨੀ ਹੀ ਪੈਂਦੀ ਹੈ ਕੁਰਬਾਨੀ?
ਦੂਸਰੀ ਤ੍ਰਾਸਦੀ ਹੋਰ ਵੀ ਸੰਵੇਦਨਸ਼ੀਲ ਹੈ। ਜਿਵੇਂ ਰੂੜੀ ਹੈ ਕਿ ਬਾਰਾਂ ਵਰ੍ਹਿਆ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਇਹ ਕੁੰਭ ਨਾਲ ਵੀ ਜੁੜਦੀ ਹੈ ਤੇ ਬਾਰਾਂ ਸਾਲਾਂ ਦੀ ਮੋਹ ਤਪੱਸਿਆ ਨਾਲ ਵੀ ਪ੍ਰੰਤੂ ਸੂਰਜ ਮੰਦਰ ਬਣਨ ਦੇ ਬਾਰ੍ਹਾਂ ਸਾਲਾਂ ਦੇ ਅੰਤ ਤੋਂ ਬਾਅਦ ਵੀ ਉਹ ਤ੍ਰਾਸਦੀ ਜਿਉਂ ਦੀ ਤਿਉਂ ਰਹਿੰਦੀ ਹੈ। ਇਸ ਵਿਲੱਖਣ ਉਸਾਰੀ ਲਈ ਪਾਬੰਧੀ ਹੈ ਕਿ ਨਿਰਮਾਣ ਕਾਰਜ ਵਿਚ ਲੱਗੇ ਸਭ ਵਿਅਕਤੀ ਕਾਰਜ ਮੁਕੰਮਲ ਹੋਣ ਤਕ ਜਿਣਸੀ ਸਬੰਧ ਕਾਇਮ ਨਹੀਂ ਕਰਨਗੇ। ਰਾਜਾ ਅਜਿਹੇ 'ਸੁੱਚੇ' ਕਾਰਜ ਨੂੰ ਮੰਦਰ ਦੀ ਪਵਿੱਤਰਤਾ ਲਈ ਜ਼ਰੂਰੀ ਸਮਝਦਾ ਹੈ। ਕਿਰਤਕਾਰਾਂ ਦੋਹਾਂ ਲਈ ਸਭ ਤੋਂ ਵੱਡੀ ਸਜਾ, ਬਾਰ੍ਹਾਂ ਵਰ੍ਹਿਆ ਦਾ ਬਨਵਾਸ, ਪਰਿਵਾਰ ਤੋਂ ਵਿਛੋੜਾ,ਪ੍ਰਾਕਿਰਤਕ ਵਰਤਾਰੇ ਨੂੰ ਲੱਗਿਆ ਗ੍ਰਹਿਣ। ਕੀ ਰਾਜੇ ਨੇ ਇਹ ਸੁੱਚਮਤਾ ਕਾਇਮ ਰੱਖੀ ਹੋਵੇਗੀ? ਵਜੀਰ, ਅਹਿਲਕਾਰ, ਦਰਬਾਰੀ ਵੀ ਇਸ ਆਦੇਸ਼ ਦੇ ਦਾਇਰੇ 'ਚ ਆਏ ਹੋਣਗੇ? ਇਹ ਸੁੱਚਮਤਾ ਕਾਇਮ ਰੱਖਣਾ ਕਿਰਤੀਆਂ, ਸ਼ਿਲਪਕਾਰਾਂ, ਦੇਵਦਾਸੀਆਂ ਲਈ ਹੀ ਹੈ ਸੱਤਾ ਲਈ ਨਹੀਂ। ਉਨ੍ਹਾਂ ਲਈ ਇਸ ਦੇ ਕੋਈ ਅਰਥ ਨਹੀਂ ਜਿਵੇਂ ਲੱਜਾ ਪਿੰਡ 'ਚ ਸਹਿਕਦੀ ਹੈ। ਸ਼ਹਿਰ 'ਚ ਨਹੀਂ। ਇਸ ਸੁੱਚਮਤਾ 'ਚ ਕਿੰਨੇ ਹਾਉਕੇ ਹੰਝੂ ਖਪੇ ਹੋਣਗੇ ਜ਼ਿੰਦਾ ਸੜੀਆਂ ਹੋਣਗੀਆਂ, ਸਿਰਜਣਾ ਦੇ ਆਦਿ ਸੋਮੇਂ ਸੁੱਕੇ ਹੋਣਗੇ?
ਇਮਾਰਤਸਾਜ਼ ਵਿਸ਼ੂ 12 ਸਾਲਾਂ ਵਾਸਤੇ ਆਪਣੀ ਗਰਭਵਤੀ ਪਤਨੀ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੈ। ਇਸ ਵਿਯੋਗ ਦੇ ਕੁਲਿਹਣੇ ਪਲ ਵੇਖੋ:-
ਗਰਭਵਤੀ ਦੇਹ ਨੂੰ ਪਲੋਸਦੀ ਹੈ
ਸੋਚਦੀ ਹੈ
ਪਤਾ ਨਹੀਂ ਕਿਸ ਨੂੰ ਕੋਸਦੀ ਹੈ
ਤੂੰ ਨਾਲ ਹੁੰਦੈ ਤਾਂ ਕਿਸ ਤਰ੍ਹਾਂ ਹੁੰਦਾ
ਦੇਵਤੇ ਤੋਂ ਜੋ ਬਹੁਤ ਅੱਗੇ ਹੈ-ਸਿਰਫ ਉਹ ਹੈ।
ਦੇਵ ਦੇ ਤਾਂ ਬਹੁਤ ਨਾਂ ਨੇ
ਤੇ ਉਸ ਦਾ ਇਕ ਨਾਂ ਹੈ....
ਤੂੰ ਕਿੱਥੇ ਤੁਰ ਗਿਆ ਏ!
ਮੈਨੂੰ ਵੀ ਨਾਲ ਲੈ ਲਾ!
ਜਿੱਥੇ ਸ਼ਿਲਾ-ਨ੍ਰਿਤ ਹੈ
ਜਿੱਥੇ ਕਲਾ-ਨ੍ਰਿਤ ਹੈ
ਜਿੱਥੇ ਹੈ ਸਹੁ ਸਮੰਦਰ
ਜਿੱਥੇ ਛੱਲ ਉਠਦੀ
ਪਾਣੀ ਦੀ ਕੰਧ ਟੁੱਟਦੀ
ਮੈਨੂੰ ਵੀ ਨਾਲ ਲੈ ਜਾ
ਜਿੱਥੇ ਹੈ ਕਿਰਨ ਉੱਗਦੀ
ਜਿੱਥੇ ਹੈ ਵਾਸ ਤੇਰਾ
ਮੈਨੂੰ ਵੀ ਨਾਲ ਲੈ ਜਾ
ਇਸੇ ਕੜੀ ਦਾ ਇਕ ਦੁਖਾਂਤ ਸ਼ਿਲਪੀ ਕਮਲ ਦੇ ਚੰਦਰਭਾਗਾ ਦਾ ਹੈ। ਇਨ੍ਹਾਂ ਕਥਾਵਾਂ ਰਾਹੀਂ ਉਸ ਦੌਰ ਦੇ ਨਾਰੀ ਸਰੋਕਾਰਾਂ ਦੀ ਰਮਜ਼ ਪ੍ਰਾਪਤ ਹੁੰਦੀ ਹੈ। ਇਨ੍ਹਾਂ ਕਥਾਵਾਂ ਦੇ ਨਾਲ-ਨਾਲ ਹੋਰ ਕਿੰਨੀਆਂ ਕਥਾਵਾਂ ਹੋਣਗੀਆਂ, ਅਕੱਥ ਕਥਾਵਾਂ...
ਚੰਦਰਭਾਗਾ ਜਿਸ ਦਾ ਤਿੰਨ ਦਿਨ ਬਾਅਦ ਵਿਆਹ ਹੈ ਵਿਯੋਗ 'ਚ ਤੜਪਦੀ ਹੈ ਜਿਸ ਦਾ ਖਾਵੰਦ ਹੁਣ ਮੰਦਰ ਮੁਹਾਜ਼ ਤੋਂ ਨਹੀਂ ਮੁੜ ਸਕੇਗਾ।
ਦਿਨਾਂ, ਸਤਵਾਰਿਆਂ, ਛਿਮਾਹੀਆਂ ਦੀ ਗੱਲ ਹੁੰਦੀ।
ਮੈਂ ਜਰ ਲੈਂਦੀ, ਮੈ ਵਰ ਲੈਂਦੀ
ਇਹ ਤਾਂ ਬਾਰ੍ਹਾਂ ਵਰ੍ਹਿਆਂ ਦੀ ਲੰਮੀ ਉਡੀਕ ਹੈ
ਕਾਲਜੇ ਨੂੰ ਵਿੰਨ੍ਹਦੀ ਚੀਸ ਹੈ।
ਕਮਲ ਵੀ ਬੀਤ ਰਿਹਾ ਹੈ, ਵਿਆਕੁਲ ਹੈ, ਸ਼ਿਲਪ 'ਚੋਂ ਹੀ ਸਾਕਾਰੀ ਕਰਦਾ ਹੈ:-
ਮੈਂ ਉਸ ਨੂੰ ਪਿਆਰਦਾ ਹਾਂ
ਇਕ-ਇਕ ਪੱਥਰ 'ਚੋਂ ਉਸ ਨੂੰ ਤਰਾਸ਼ਦਾ ਹਾਂ
ਚੰਦਰ ਭਾਗ ਹੀ ਮੇਰੀ ਛੈਣੀ ਦੀ ਚੇਤਾ ਹੈ
ਮੈਂ ਇਸ ਦੇ ਨਾਲ ਪੱਥਰਾ ਨੂੰ ਜਿਵਾਉਂਦਾ ਹਾਂ
ਪ੍ਰਤੀਰੂਪ ਲਈ ਹਾਜ਼ਰ ਦੇਵਦਾਸੀ 'ਚੋਂ ਚੰਦਰਭਾਗਾ ਨੂੰ ਸ਼ਿਲਪ ਰਾਹੀਂ ਸਾਕਾਰ ਕਰਦੇ ਨਾਇਕ ਨੂੰ ਅਵੱਗਿਆ ਦੇ ਦੋਸ਼ ਵਿਚ ਜਦੋਂ ਸਜਾ ਮੁਕੱਰਰ ਹੁੰਦੀ ਹੈ ਤਾਂ ਦੁਖਾਂਤ ਹੋਰ ਵੀ ਡੂੰਘਾ ਹੋ ਜਾਂਦਾ ਹੈ। ਪਿਤਰੀ ਸੱਤਾ ਡੋਲਦੀ ਹੈ। ਪ੍ਰਤੀਰੂਪੀ ਨਾਇਕਾ ਨੂੰ ਸਜਾ ਮਿਲਦੀ ਹੈ ਕੀ ਖਰੀਦੀਆਂ ਗਈਆਂ ਦਾਸੀਆਂ, ਭੇਂਟ ਕੀਤੀਆਂ, ਦੇਵਵਾਸੀਆਂ, 12 ਸਾਲਾਂ ਦੇ ਇਸ ਕਲਾ-ਕੁੰਭ ਤੋਂ ਬਾਅਦ ਘਰਾਂ ਨੂੰ ਪਰਤਣਗੀਆਂ? ਜੇ ਨਹੀਂ ਤਾਂ ਕਿੱਥੇ ਜਾਣਗੀਆਂ? ਕੀ ਉਨ੍ਹਾਂ ਅੰਦਰ ਜਜ਼ਬੇ ਨਹੀਂ? ਸੰਵੇਗ ਨਹੀਂ ਸੀ?
ਕਾਵਿ ਸੰਵੇਦਨਾ ਪੁੱਛਦੀ ਹੈ:-
ਕੀ ਕਾਮਨਾ ਸ਼ਾਹਕਾਰੀ ਦੇ ਰਾਹ ਵਿਚ ਅਟਤ ਹੈ?
ਕੀ ਮਿਲਨ ਸੁਹਜ ਦੇ ਰਾਹ ਦੀ ਰੁਕਾਵਟ ਹੈ?
ਕੀ ਸੋਂਦਰਯ ਦੇ ਰਸਤੇ 'ਚ ਮਮਤਾ ਪਹਾੜ ਹੈ?
ਵਿਯੋਗਮਈ ਕਾਵਿਕਤਾ ਸਿਰ ਚੜ੍ਹ ਬੋਲਦੀ ਹੈ। 'ਚੰਦਰੀ ਇਹ ਸ਼ਾਮ ਨਾ ਢੱਲੇ, 'ਨਦੀਏ ਨੀ ਤੇਰਾ ਨੀਰ ਡੋਲਦਾ ਮਹਿਸੂਸ ਕਰੋ।
ਦੀਵਾ ਇਕ ਬਾਲ ਕੇ
ਬਨੇਰੇ ਉੱਤੇ ਰੱਖਦੀ ਆਂ
ਇਕ ਧੁਰ ਅੰਦਰ ਬਲੇ
ਬਲੇ ਵੇ ਮੇਰਿਆ ਮਹਿਰਮਾ...
ਇਕ ਦੇਹੀ ਕੱਚ ਦੀ
ਤੇ ਦੂਜੀ ਦੇਹੀ ਸੱਚ ਦੀ
ਵਾਰ-ਵਾਰ ਰੂਹ ਨੂੰ ਛਲੇ
ਛਲੇ ਵੇ ਮੇਰੇ ਮਹਿਰਮਾ...
ਇਹ ਰਚਨਾ ਕਿਰਤੀਆਂ ਦੇ ਦੁਖਾਂਤ ਦਾ ਮਹਾ ਬਿਰਤਾਂਤ ਹੈ ਜਿਨ੍ਹਾਂ ਦੇ ਮਨਾਂ ਦੀ ਸਤਰੰਗੀ ਸਮੇਂ ਦੀ ਭੇਂਟ ਚੜ੍ਹ ਗਈ ਤੇ ਉਹ ਆਪਣਾ ਬਦਰੰਗ ਜੀਵਨ ਲੈ ਕੇ ਕੂਚ ਕਰ ਗਏ ਰਾਜੇ ਮਹਾਰਾਜੇ ਕਿਰਤਕਾਰਾਂ, ਸ਼ਿਲਪਕਾਰਾਂ, ਦੇਵਦਾਸੀਆਂ ਦੀਆਂ ਛਾਤੀਆਂ 'ਤੇ ਪੁਲ ਬਣਾ ਕੇ ਆਯਾਸ਼ੀ ਭਰਿਆ ਜੀਵਨ ਭੋਗ ਕੇ ਕਿੰਨੇ ਹੀ ਭਖਵੇਂ ਸਵਾਲ ਜੀਵਨ ਦੀ ਹਿੱਕ 'ਚ ਗੱਡ ਗਏ। ਜਿਸ 'ਚੋਂ ਔਰਤਾਂ ਜੀਵਨ ਦੀਆਂ/ਕਿਰਤ ਦੀਆਂ ਚੀਖਾਂ ਸਾਡੇ ਅੰਦਰ ਵਿਰਲਾਪ ਕਰਦੀਆਂ ਮਹਿਸੂਸ ਹੁੰਦੀਆਂ ਹਨ। ਇਸ ਤੋਂ ਵੱਡੀ ਗੱਲ, ਰਾਜਿਆਂ ਦੀ ਬੰਧੂਆਂ ਮਜ਼ਦੂਰੀ ਕਰਨ ਦੇ ਬਾਵਜੂਦ ਕਿਰਤੀਆਂ ਨੇ ਖੂਬਸੂਰਤ ਕਿਰਤੀਆਂ ਨੇ ਖੂਬਸੂਰਤ ਤਾਮੀਰ ਕਰਕੇ ਆਪਣੀ ਕਿਰਤ ਦਾ ਤੇ ਹੁਨਰ ਦਾ ਮਾਣ ਨਹੀਂ ਗਵਾਇਆ।
ਕਵੀ ਦਾ ਕਥਨ ਕਿ 'ਕੋਣਾਰਕ ਮੰਦਰ ਹੀ ਨਹੀਂ, 'ਮਹਾਨ ਕਲਾ ਸਮਾਰਕ ਹੈ। ਮਨ 'ਚ ਸੀ ਏਡੀ ਵੱਡੀ ਕਲਾ-ਕ੍ਰਿਤ ਨੂੰ ਨਿਰਮਤ ਕਰਨ ਵਾਲੇ ਵਿਅਕਤੀ ਜ਼ਰੂਰ ਅਸਾਧਾਰਕ ਹੋਣਗੇ। ਸੱਚ-ਮੁੱਚ ਆਧਾਰਨ ਕ੍ਰਿਸ਼ਮਾ ਹੈ, ਕੋਣੇ ਦਾ ਸੂਰਜ।
ਸਤਪਾਲ ਭੀਖੀ
ਐੱਮ.ਆਈ.ਜੀ. 578
ਫੋਜ ਨੰ. ਅਰਬਨ ਅਸਟੇਟ ਪਟਿਆਲਾ
ਮੋਬਾ:98761-55530,84270-40011