ਇਸਲਾਮ ਧਰਮ ਦੇ ਪੰਜ ਬੁਨਿਆਦੀ ਫ਼ਰਜ਼ ਹਨ; ਜਿਵੇਂ
(1) ਈਮਾਨ ਯਾਨੀ ਕਿ ਇਸ ਗੱਲ ਦਾ ਜੁਬਾਨ ਅਤੇ ਦਿਲੋਂ ਇਕਰਾਰ ਕਰਨਾ ਕਿ ਰੱਬ ਇੱਕ ਹੈ, ਤੇ ਉਹੀ ਪੂਜਨ ਯੋਗ ਹੈ ਅਤੇ ਹਜ਼ਰਤ ਮੁਹੰਮਦ ‘ਸੱਲਲਾਹ ਅਲੈਹਿ ਵਸੱਲਮ’ (ਸਲ.) ਅੱਲਾ ਦੇ ਸੱਚੇ ਰਸੂਲ (ਪੈਗੰਬਰ) ਹਨ।
(2) ਨਮਾਜ਼ ਯਾਨੀ ਕਿ ਅੱਲਾ (ਰੱਬ) ਦੀ ਇਬਾਦਤ ਕਰਨਾ।
(3) ਰਮਜ਼ਾਨ:- ਉਲ ਮੁਬਾਰਕ ਰੋਜ਼ੇ (ਵਰਤ) ਰੱਖਣਾ।
(4) ਜਕਾਤ ਅਦਾ ਕਰਨਾ:- ਯਾਨੀ ਕਿ ਆਪਣੀ ਹੱਕ-ਹਲਾਲ ਦੀ ਕਮਾਈ ਵਿੱਚੋਂ ਸਲਾਨਾ ਬੱਚਤ 'ਚੋਂ ਢਾਈ ਫ਼ੀਸਦੀ ਗ਼ਰੀਬਾਂ ਅਤੇ ਯਤੀਮਾਂ ਨੂੰ ਦਾਨ ਕਰਨਾ।
(5) ਹੱਜ:- ਯਾਨੀ ਕਿ ਬੈਤੁੱਲ੍ਹਾ (ਅੱਲ੍ਹਾ ਦਾ ਘਰ/ਮੱਕਾ ਸ਼ਰੀਫ਼) ਦੀ ਯਾਤਰਾ ਕਰਨਾ ਹੈ।
ਉਪਰੋਕਤ ਦਰਜ ਰਮਜ਼ਾਨ ਦਾ ਮਹੀਨਾ ਇਬਾਦਤ ਤੇ ਪਵਿੱਤਰ ਮੰਨਿਆ ਗਿਆ ਹੈ। ਜਿਸ ਵਿੱਚੋਂ ਪੂਰੇ ਮਹੀਨੇ ਦੇ ਲਗਾਤਾਰ ਰੋਜ਼ੇ (ਵਰਤ) ਰੱਖੇ ਜਾਂਦੇ ਹਨ।
ਕੁਰਆਨ ਮਜੀਦ ਅਨੁਵਾਦ ਤੇ ਸੰਖੇਪ ਟੀਕਾ ਸਾਹਿਤ ਦੇ ਪੰਜਾਬੀ ਅਨੁਵਾਦਕ ਜਨਾਬ ‘ਰਮਜ਼ਾਨ ਸਈਦ’ ਅਨੁਸਾਰ, ਇਸਲਾਮ ਦੇ ਬਹੁਤ ਸਾਰੇ ਹੁਕਮਾਂ ਵਾਂਗ ਰੋਜ਼ੇ ਵੀ ਸ਼ਹਿਜੇ-ਸ਼ਹਿਜੇ ਫ਼ਰਜ਼ ਕੀਤੇ ਗਏ ਹਨ। ਹਜ਼ਰਤ ਮੁਹੰਮਦ ਨੇ ਸ਼ੁਰੂ ਵਿੱਚ ਮੁਸਲਮਾਨਾਂ ਨੂੰ ਹਰ ਮਹੀਨੇ ਕੇਵਲ ਤਿੰਨ ਦਿਨਾਂ ਦੇ ਰੋਜ਼ੇ ਰੱਖਣ ਦੀ ਹਦਾਇਤ ਫਰਮਾਈ ਸੀ ਪਰ ਇਹ ਰੋਜ਼ੇ ਫਰਜ਼ ਨਹੀ ਸਨ। ਫਿਰ ਸੰਨ 2 ਹਿਜਰੀ (ਇਸਲਾਮਿਕ ਸਾਲ) ਵਿੱਚ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦਾ ਇਹ ਹੁਕਮ ਕੁਰਆਨ ਪਾਕ ਵਿੱਚ ਨਾਜ਼ਲ ਹੋਇਆ। ਜਿਸ ਦਾ ਵਰਤ ਪਹੁ-ਫੁਟਾਲੇ ਤੋਂ ਲੈਕੇ ਸੂਰਜ ਛਿਪਣ ਤੱਕ ਹੁੰਦਾ ਹੈ। ਇਸਲਾਮ ਦਾ ਇਹ ਇੱਕ ਅਹਿਮ ਥੰਮ ਹੈ। ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾ ਬਹੁਤ ਵੱਡਾ ਇਨਾਮ ਮੰਨਿਆ ਗਿਆ ਹੈ। ਇਸੇ ਤਰ੍ਹਾਂ ਇੱਕ ਹਦੀਸ ਵਿੱਚ ਹਜ਼ਰਤ ਮੁਹੰਮਦ ਸਲੱਲਹੁਅਲੈਹਿ ਵਸੱਲਮ ਦੀ ਜੁਬਾਨ ਮੁਬਾਰਕ ਤੋਂ ਕਹੀ ਗਈ ਬਾਤ ਵਿੱਚੋਂ ਆਇਆ ਹੈ ਕਿ ਜੇਕਰ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਰਮਜ਼ਾਨ ਮਹੀਨਾ ਕੀ ਚੀਜ਼ ਹੈ ਤਾਂ ਮੇਰੀ ਉਮਤ ਇਹ ਇੱਛਾ ਕਰੇ ਕਿ ਸਾਰਾ ਸਾਲ ਰਮਜ਼ਾਨ ਹੀ ਹੋ ਜਾਵੇ। ਭਾਵੇਂ ਕਿ ਹਰ ਸਖ਼ਸ਼ ਇਹ ਸਮਝਦਾ ਹੈ ਕਿ ਸਾਲ ਭਰ ਦੇ ਰੋਜ਼ੇ ਰੱਖਣਾ ਮੁਸਕਿਲ ਹੈ ਪਰ ‘ਰਮਜ਼ਾਨ-ਉਲ-ਮਬਾਰਕ’ ਦੇ ਸਵਾਬ (ਪੁੰਨ) ਦੇ ਮੁਕਾਬਲੇ ਵਿੱਚ ਹਜ਼ੂਰ, ‘ ਸੱਲਲਹੁਅਲੈਹਿ ਵਸੱਲਮ’ ਦੇ ਹੁਕਮ ਨੂੰ ਮੰਨਦੇ ਹੋਏ ਲੋਕ ਤਮੰਨਾ ਕਰਨ।’
ਇਸੇ ਤਰ੍ਹਾਂ ਇੱਕ ਹੋਰ ਹਦੀਸ ਵਿੱਚ ਦੱਸਿਆ ਮਿਲਦਾ ਹੈ ਕਿ ਰਮਜ਼ਾਨ ਪਾਕ ਦੇ ਰੋਜ਼ੇ ਰੱਖਣਾ ਦਿਲ ਦੀ ਖੋਟ ਅਤੇ ਗ਼ਲਤ ਖਿਆਲਾਂ ਨੂੰ ਦੂਰ ਕਰਦਾ ਹੈ। ‘ਹਜ਼ਰਤ ਸਲਮਾਨ ਰਜ਼ੀ ਅੱਲ੍ਹਾ ਹੁਆਹੁ ਕਹਿੰਦੇ ਹਨ ਕਿ ਨਬੀ ‘ਸਲੱਲਹੂ ਅਲੈਹਿ ਵਸੱਲਮ ਨੇ ਸ਼ੁਬਾਨ। ਰਮਜ਼ਾਨ ਤੋਂ ਪਹਿਲੇ ਇਸਲਾਮਿਕ ਮਹੀਨੇ ਦੀ ਆਖਰੀ ਤਾਰੀਖ਼ ਵਿੱਚੋਂ ਸਾਨੂੰ ਲੋਕਾਂ ਨੂੰ ਇਹ ਨਸੀਹਤ ਫੁਰਮਾਈ ਕਿ ਤੁਹਾਡੇ ਉਪਰ ਇੱਕ ਮਹੀਨਾ ਆ ਰਿਹਾ ਹੈ ਜਿਹੜਾ ਬਹੁਤ ਵੱਡੀ ਅਹਿਮੀਅਤ ਤੇ ਮੁਬਾਰਕ ਮਹੀਨਾ ਹੈ।ਇਸ ਮਹੀਨੇ ਵਿੱਚ ਇੱਕ ਰਾਤ ਸ਼ਬੇ ਕਦਰ ਹੈ ਜਿਹੜੀ ਕਿ ਹਜ਼ਾਰ ਮਹੀਨਿਆਂ ਵੱਧ ਕੇ ਹੋਵੇਗੀ। ਅੱਲ੍ਹਾ ਤਾ ਅਲਾਨੇ ਇਸ ਮੁਬਾਰਕ ਮਹੀਨੇ ਦੇ ਰੋਜ਼ਿਆ ਨੂੰ ਫਰਜ਼ (ਜਰੂਰੀ) ਫੁਰਮਾਇਆ ਅਤੇ ਇਸ ਦੇ ਕਿਆਮ (ਤਰਾਵੀਂ ਦੀ ਨਮਾਜ਼ ਲਈ ਖੜ੍ਹੇ ਹੋਣਾ) ਬਹੁਤ ਹੀ ਸਵਾਬ ਦੀ ਚੀਜ਼ ਬਣਾਇਆ ਹੈ।ਜਿਹੜਾ ਸ਼ਖ਼ਸ਼ ਇਸ ਮਹੀਨੇ ਵਿੱਚ ਕਿਸੇ ਨੇਕੀ ਦੇ ਨਾਲ ਅੱਲ੍ਹਾ ਦੀ ਨਜ਼ਦੀਕੀ ਹਾਸਿਲ ਕਰੇ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਗੈਰ ਰਮਜ਼ਾਨ ਵਿੱਚ ਫ਼ਰਜ਼ ਅਰਜ਼ ਅਦਾ ਕਰੇ ਭਾਵ ਇਸ ਮਹੀਨੇ ਦੀ ਇਬਾਦਤ ਦਾ ਫਲ ਸੱਤਰ ਗੁਣਾ ਜ਼ਿਆਦਾ ਦੱਸਿਆ ਗਿਆ ਹੈ। ਇਸ ਮਹੀਨੇ ਨੂੰ ਸਬਰ ਦਾ ਮਹੀਨਾ ਮੰਨਿਆ ਗਿਆ ਹੈ। ਸਬਰ ਦਾ ਬਦਲਾ ਜੰਨਤ ਹੈ। ਇਸ ਪਾਕ ਮਹੀਨੇ ਵਿੱਚ ਮੁਸਲਮਾਨਾਂ ਦਾ ਰਿਜ਼ਕ ਵਧਾ ਦਿੱਤਾ ਜਾਂਦਾ ਹੈ। ਜਿਵੇਂ ਕੋਈ ਨੇਕ ਸਖ਼ਸ਼ ਕਿਸੇ ਰੋਜ਼ੇ ਰੱਖਣ ਵਾਲੇ ਦਾ ਰੋਜ਼ਾ ਇਫਤਾਰ ਕਰਾਏ, ਉਸਦੇ ਲਈ ਗੁਨਾਹ ਦੇ ਮਾਫ਼ ਹੋਣ ਤੇ ਆਜ਼ਾਬ ਦੀ ਅੱਗ ਤੋਂ ਖਲਾਸੀ ਦਾ ਸਵਾਬ ਹੋਵੇਗਾ ਅਤੇ ਰੋਜ਼ੇਦਾਰ ਦੇ ਸਵਾਬ ਦੇ ਬਰਾਬਰ ਉਸ ਨੂੰ ਸਵਾਬ ਨਸੀਬ ਹੋਵੇਗਾ ਪ੍ਰੰਤੂ ਰੋਜ਼ੇਦਾਰ ਦੇ ਸਵਾਬ ਵਿੱਚ ਕੋਈ ਕਟੌਤੀ ਨਹੀ ਕੀਤੀ ਜਾਵੇਗੀ। ਸਹਾਬਾ ਰਜ਼ੀਅੱਲਾਹ ਅਨੁਹੁਮ ਅਜ਼ਮਈਨ ਨੇ ਫਰਮਾਇਆ ਹੈ ਕਿ ਯਾ ਰਸੂਲੱਲਾਹ ਸਾਡੇ ਵਿੱਚੋਂ ਹਰ ਸਖ਼ਸ਼ ਤਾ ਇੰਨੀ ਹਿੰਮਤ ਨਹੀ ਰੱਖਦਾ ਕਿ ਉਹ ਰੋਜ਼ੇਦਾਰ ਦਾ ਰੋਜ਼ਾ ਇਫਤਾਰ ਕਰਾ ਸਕੇ ਭਾਵ ਖਾਣਾ ਖਿਲਾ ਸਕੇਤਾਂ ਹਜ਼ਰਤ ਸਲੱਲਾਅਲੈਹਿ ਵਸੱਲਮ ਨੇ ਅਰਜ਼ ਕੀਤਾ ਕਿ ਢਿੱਡ ਭਰਕੇ ਖਿਲਾਉਣਾ ਜ਼ਰੂਰੀ ਨਹੀਂ ਇਹ ਪੁੰਨ ਤਾਂ ਇੱਕ ਖਜ਼ੂਰ ਜਾਂ ਇੱਕ ਘੁੱਟ ਪਾਣੀ ਜਾਂ ਲੱਸੀ ਪਿਲਾ ਕੇ ਵੀ ਹਾਸਿਲ ਕੀਤਾ ਜਾ ਸਕਦਾ ਹੈ। ਇਸ ਮੁਬਾਰਕ ਮਹੀਨੇ ਦੀ ਅਹਿਮੀਅਤ ਇਸ ਕਰਕੇ ਵੀ ਮੰਨੀ ਜਾਂਦੀ ਹੈ ਕਿਉਂਕਿ ਅੱਲ੍ਹਾ-ਤਾਅਲਾ ਦੀਆਂ ਸਾਰੀਆਂ ਕਿਤਾਬਾਂ ਇਸੇ ਮਹੀਨੇ ਦੁਨੀਆ 'ਤੇ ਉਤਾਰੀਆਂ ਗਈਆਂ ਹਨ; ਜਿਵੇਂ ਕੁਰਆਨ ਪਾਕ ਪਵਿੱਤਰ ਮਹੀਨੇ ਵਿੱਚ ਨਾਜ਼ਲ ਸ਼ੁਰੂ ਹੋਇਆ ਜਿਸ ਨੂੰ ਪੂਰੇ ਤੇਈ ਸਾਲ ਲੱਗੇ। ਰਮਜ਼ਾਨ ਮੁਬਾਰਕ ਵਿੱਚ ਕੁਰਆਨ ਸਰੀਫ ਨੂੰ ਬਹੁਤ ਜ਼ਿਆਦਾ ਪੜ੍ਹਿਆ ਅਤੇ ਤਰਾਵੀਹ ਦੀ ਨਮਾਜ਼ ਵਿੱਚੋਂ ਸੁਣਾਇਆ ਜਾਂਦਾ ਹੈ। ਰੋਜ਼ੇ ਦਾ ਮਤਲਬ ਇਹ ਨਹੀਂ ਕਿ ਖਾਣਾ-ਪੀਣਾ ਛੱਡ ਦਿੱਤਾ ਜਾਵੇ ਰੋਜ਼ੇ ਦਾ ਅਸਲ ਭਾਵ ਅਰਥ ਇਹ ਕਿ
(ੳ) ਆਪਣੀ ਨਜ਼ਰ ਦੀ ਹਿਫਾਜ਼ਤ ਕੀਤੀ ਜਾਵੇ।
(ਅ) ਆਪਣੀ ਜ਼ੁਬਾਨ ਦੀ ਹਿਫ਼ਾਜ਼ਤ ਕੀਤੇ ਜਾਵੇ ਮਤਲਬ ਕਿ ਝੂਠ, ਚੁਗਲਖੋਰੀ ਤੋਂ ਗੁਰੇਜ਼ ਕੀਤਾ ਜਾਵੇ।
(ੲ)ਦਿਲ ਦੀ ਹਿਫਾਜ਼ਤ ਯਾਨੀ ਕਿ ਦਿਲ ਵਿੱਚ ਗ਼ਲਤ ਕਿਸਮ ਦੇ ਖਿਆਲਾਤ ਨਾ ਪੈਦਾ ਹੋਣ।
(ਸ) ਕੰਨ ਦੀ ਹਿਫ਼ਾਜ਼ਤ ਭਾਵ ਕੰਨ ਤੋਂ ਗ਼ਲਤ ਅਤੇ ਨਾਜਾਇਜ਼ ਜਾਂ ਕਿਸੇ ਦੀਆਂ ਚੁਗਲੀਆ, ਬੁਰਾਈ ਨਾ ਸੁਣਨਾ।
(ਹ) ਸਰੀਰ ਦੇ ਬਾਕੀ ਹਿੱਸੇ ਜਿਵੇਂ ਹੱਥ ਨਾਜਾਇਜ਼ ਚੀਜ਼ ਨੂੰ ਫੜ੍ਹਨ, ਪੈਰ ਨੂੰ ਨਾਜਾਇਜ਼ ਚੀਜ਼ ਵੱਲ ਚੱਲਣ ਤੋਂ ਰੋਕਣਾ ਆਦਿਕ।
(ਕ) ਇਫਤਾਰੀ ਦੇ ਵਕਤ ਹਲਾਲ ਮਾਲ (ਮਿਹਨਤ ਦੀ ਕਮਾਈ) ਨਾਲ ਰੋਜ਼ੇ ਖੋਲ੍ਹਣਾ ਅਤੇ ਫਿਰ ਵੀ ਇੰਨਾ ਜ਼ਿਆਦਾ ਨਾ ਖਾਣਾ ਕਿ ਢਿੱਡ ਜ਼ਿਆਦਾ ਭਰ ਜਾਵੇ।
(ਖ) ਰੋਜ਼ੇਦਾਰ ਲਈ ਜ਼ਰੂਰੀ ਹੈ ਕਿ ਰੋਜ਼ੇ ਤੋਂ ਬਾਅਦ ਵੀ ਡਰਦੇ ਰਹਿਣਾ ਕਿ ਪਤਾ ਨਹੀਂ ਰੋਜ਼ਾ ਕਬੂਲ ਹੋਇਆ ਜਾਂ ਨਹੀਂ।
ਜਿਵੇਂ ਪੜ੍ਹ ਆਏ ਕਿ ਆਪਣੀ ਮਿਹਨਤ ਦੀ ਨੇਕ ਕਮਾਈ 'ਚੋਂ ਸਲਾਨਾ ਬੱਚਤ ਦਾ ਢਾਈ ਫੀਸਦੀ ਹਿੱਸਾ ਯਤੀਮਾਂ ਨੂੰ ਦੇਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇੱਕ ਹੋਰ ਦਾਨ ਦਿੱਤਾ ਜਾਂਦਾ ਹੈ ਜਿਸ ਨੂੰ ਫਿਤਰਾ ਕਿਹਾ ਜਾਦਾ ਹੈ।ਇਹ ਦਾਨ ਘਰ ਦੇ ਪਰ ਜੀਆਂ ਪਿੱਛੇ ਲਗਭਗ ਪੌਣੇ ਦੋ ਕਿਲੋ ਅਨਾਜ਼ ਜਾ ਇਸ ਦੀ ਕੀਮਤ ਦਾ ਪੈਸਾ ਗ਼ਰੀਬ ਨੂੰ ਈਦ ਦੀ ਨਮਾਜ਼ ਤੋਂ ਪਹਿਲਾਂ-ਪਹਿਲਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਖੁਸ਼ੀ-ਖੁਸ਼ੀ ਆਪਣਾ ਈਦ ਦਾ ਮੁਬਾਰਕ ਤਿਉਹਾਰ ਮਨਾਂ ਸਕਣ। ਇਸੇ ਤਰ੍ਹਾਂ ਇਹ ਮਹੀਨਾ ਰੂਹਾਨੀਅਤ ਪੱਖੋਂ ਤਾਂ ਲਾਭਦਾਇਕ ਹੈ ਹੀ ਦੂਜੇ ਪਾਸੇ ਵਿਗਿਆਨਿਕ ਤੇ ਸਮਾਜਿਕ ਤੌਰ 'ਤੇ ਵੀ ਲਾਭਦਾਇਕ ਹੈ।
ਜਿਵੇਂ ਰੋਜ਼ਾ ਰੱਖਣ ਨਾਲ ਪੂਰੇ ਜਿਸਮ ਦੀ ਮੈਡੀਕਲ ਪੱਖੋਂ ਵੀ ਅੰਦਰੂਨੀ ਸਫ਼ਾਈ ਹੋ ਜਾਦੀ ਹੈ। ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜ਼ਾਤ ਮਿਲ ਜਾਦੀ ਹੈ। ਰੋਜ਼ੇ ਦੀ ਹਾਲਤ ਵਿੱਚ ਰੋਜ਼ੇਦਾਰ ਨੂੰ ਜਦੋਂ ਭੁੱਖ-ਪਿਆਸ ਲਗਦੀ ਹੈ ਤਾਂ ਇਸ ਨੂੰ ਉਨ੍ਹਾਂ ਗ਼ਰੀਬ ਲੋੜਵੰਦਾਂ ਦੀ ਜਿਨ੍ਹਾਂ ਨੂੰ ਢਿੱਡ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ, ਉਨ੍ਹਾ ਨੂੰ ਭੁੱਖ ਅਤੇ ਪਿਆਸ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਇਬਾਦਤਾਂ ਮੁਕੰਮਲ ਹੋ ਜਾਣ ਉਪਰੰਤ ਰਮਜ਼ਾਨ ਮਹੀਨਾ ਮੁਕੰਮਲ ਹੋ ਜਾਂਦਾ ਹੈ ਤਾਂ ਈਦ ਦਾ ਚੰਦ ਨਜ਼ਰ ਆਉਣ ਉਪਰੰਤ ਖੁਸ਼ੀ ਵਿੱਚੋਂ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਿੱਠੀਆਂ ਸੇਵੀਆਂ ਆਢ ਗੁਆਂਢ ਸਕੇ ਸਬੰਧੀਆਂ ਵਿੱਚ ਵੰਡੀਆਂ ਜਾਂਦੀਆਂ ਹਨ ਅਤੇ ਇਸ ਨੂੰ ਮਿੱਠੀ ਈਦ ਵੀ ਕਹਿ ਲਿਆ ਜਾਂਦਾ ਹੈ। ਮਸਜਿਦ ਵਿੱਚ ਜਾ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ।
ਅਲੀ ਰਾਜਪੁਰਾ
094176-79302
ਅਮਰੀਕਾ ਦੀ ਅਡਾਨੀ ਗਰੁੱਪ ਵਿਰੁੱਧ ਲਾਮਬੰਦੀ, ਬੰਦਰਗਾਹਾਂ ਦੇ ਮਾਮਲੇ 'ਚ ਦਿੱਤਾ ਵੱਡਾ ਝਟਕਾ
NEXT STORY