ਰੁੱਖਾਂ ਬਾਝ ਨਾ ਧਰਤੀ ਸੋਂਹਦੀ, ਹੁਨਰ ਬਾਝ ਨਾ ਬੰਦਾ
ਉਦਮੀ ਪਹੁੰਚ ਗਿਆ ਚੰਨ ਉਤੇ, ਗਾਫ਼ਲ ਰੋਸ ਕਰੰਦਾ
ਪੁਰਾਣੇ ਦੌਰ 'ਚ ਆਬਾਦੀ ਤੋਂ ਬਾਹਰ ਜੇ ਕੋਈ ਚੰਗਾ ਕਾਰੋਬਾਰ ਸਥਾਪਤ ਕਰਦਾ ਤਾਂ ਬਜ਼ੁਰਗ ਅਕਸਰ ਕਿਹਾ ਕਰਦੇ, "ਹਲਾ ਬਈ, ਇਹ ਤਾਂ ਜੰਗਲ ਵਿੱਚ ਮੰਗਲ ਲਾ 'ਤਾ।" ਦਿਹਾਤ ਦੇ ਸ਼ਹਿਰੀਕਰਨ ਅਤੇ ਵਪਾਰੀਕਰਨ ਨੇ ਜੰਗਲ ਅਤੇ ਜੰਗਲੀ ਜੀਵਾਂ ਨੂੰ ਭਾਰੀ ਸੱਟ ਮਾਰੀ ਐ। ਸ਼ਹਿਰ ਪਿੰਡਾਂ ਨੂੰ ਖਾ ਗਏ ਤੇ ਵਪਾਰੀਕਰਨ ਜੰਗਲ ਜਾਤ ਨੂੰ। ਇਥੋਂ ਤੱਕ ਕਿ ਸੁੰਦਰੀਕਰਨ ਦੇ ਨਾਮ ਪੁਰ ਪਿੰਡਾਂ ਵਿੱਚੋਂ ਵੀ ਬਾਬਾ ਬੋਹੜ, ਪਿੱਪਲ ਬੇਰੀਆਂ ਖ਼ਤਮ ਕਰ ਦਿੱਤੀਆਂ ਗਈਆਂ। ਪੁਰਾਣੇ ਦੌਰ ਨਾਲੋਂ ਅੱਜ ਸਾਡੀਆਂ ਨਿੱਤ ਦੀਆਂ ਲੋੜਾਂ ਵੀਹ ਗੁਣਾਂ ਵੱਧ ਗਈਆਂ ਜਦ ਕਿ ਜੰਗਲ ਓਨੀ ਹੀ ਤੇਜ਼ੀ ਨਾਲ ਘੱਟ ਗਏ। ਜਿਸ ਨਾਲ ਕੁਦਰਤ ਦਾ ਸਮਤੋਲ ਵਿਗੜਣ ਅਤੇ ਬੇਤਹਾਸ਼ਾ ਪ੍ਰਦੂਸ਼ਣ ਵਧਣ ਨਾਲ ਜੰਗਲੀ ਜੀਵਨ ਦੇ ਨਾਲ ਹੀ ਮਨੁੱਖੀ ਜੀਵਨ ਵੀ ਜਿਊਂਦੇ ਰਹਿਣ ਲਈ ਸੰਘਰਸ਼ ਕਰਦਿਆਂ ਗੰਭੀਰ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਿਹੈ। ਇਸ ਲਈ ਸਮੁੱਚੀ ਮਨੁੱਖੀ ਬਸਤੀ ਜ਼ਿੰਮੇਵਾਰ ਅਤੇ ਖ਼ਤਰੇ 'ਚ ਐ। ਬਹੁਤ ਸਾਰੇ ਉਦਮੀ ਨੌਜਵਾਨ, ਸਮਾਜ ਸੇਵੀ ਜਥੇਬੰਦੀਆਂ ਵਾਤਾਵਰਨ ਹਿਤ ਨਿੱਠ ਕੇ ਕੰਮ ਕਰ ਰਹੀਆਂ ਨੇ ਪਰ ਜਿੰਨਾ ਸਮਾਂ ਇਹ ਕਾਰਜ ਲੋਕ ਲਹਿਰ ਨਹੀਂ ਬਣਦੇ ਓਨਾ ਸਮਾਂ ਖ਼ਤਾ ਦਰ ਖ਼ਤਾ ਖਾਂਦੇ ਰਹਾਂਗੇ। ਹੁਣ ਮੌਕਾ ਜੂਝ ਮਰਨ ਦਾ, ਜੇ ਮੌਕਾ ਨਾ ਸੰਭਲਿਆ ਤਾਂ ਆਉਣ ਵਾਲੇ ਪੁੱਤ ਪੜੋਤੇ ਗੰਭੀਰ ਪ੍ਰਸਥਿਤੀਆਂ ਦੇ ਸ਼ਿਕਾਰ ਹੋਣਗੇ ਤੇ ਫਿਰ ਪਛਤਾਵਾ ਈ ਹੱਥ ਰਹੇਗਾ।
'ਯਹ ਜ਼ਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ '
ਸੂਰਜ ਮੰਡਲ ਵਿੱਚ ਧਰਤੀ ਹੀ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਐ। ਇਹ ਥਲ ਮੰਡਲ, ਜਲ ਮੰਡਲ ਅਤੇ ਵਾਯੂ ਮੰਡਲ ਦੇ ਆਪਸੀ ਮਿਲਾਪ ਕਰਕੇ ਹੀ ਸਾਡੇ ਜੀਵ ਮੰਡਲ ਦੀ ਹੋਂਦ ਸੰਭਵ ਹੋ ਸਕੀ। ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਲਈ ਕਿਸੇ ਵੀ ਭੂ ਭਾਗ ਦੇ ਕੁੱਲ ਖੇਤਰਫਲ ਦਾ 33% ਭਾਗ ਜੰਗਲ ਹੇਠ ਹੋਣਾ ਜ਼ਰੂਰੀ ਹੈ। ਅਫ਼ਸੋਸ ਪੰਜਾਬ ਇਸ ਪੱਖੋਂ ਫਾਡੀ ਈ ਏ। ਪੰਜਾਬ ਜੰਗਲਾਤ ਦੀ ਰਿਪੋਰਟ 2017 ਮੁਤਾਬਕ ਪਿਛਲੇ 10 ਸਾਲਾਂ ਚ ਕੇਵਲ 66 ਵਰਗ ਕਿਲੋਮੀਟਰ ਜੰਗਲ ਦਾ ਈ ਵਾਧਾ ਹੋਇਐ। ਪੰਜਾਬ ਵਿੱਚ ਕੇਵਲ 6.07% ਭੂ ਭਾਗ ਈ ਜੰਗਲ ਹੇਠ ਐ। ਇਸ ਵਿੱਚੋਂ ਕੇਵਲ 3.65% ਭਾਗ ਕੁਦਰਤੀ ਬਨਸਪਤੀ ਅਤੇ 2.42% ਪ੍ਰਾਈਵੇਟ ਸੈਕਟਰ ਹੇਠ ਐ। ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹੁਸ਼ਿਆਰਪੁਰ ਅੱਬਲ 20.42% ਅਤੇ ਮਾਨਸਾ 1.26% ਨਾਲ ਫਾਡੀ ਐ।
ਇਕ ਰੁੱਖ ਦੇ ਸੌ ਸੁੱਖ ਹਨ। ਰੁੱਖਾਂ ਨਾਲ ਹੀ ਜੀਵ ਮੰਡਲ ਦੀ ਹੋਂਦ ਬਰਕਰਾਰ ਐ। ਸਾਡੀ ਜਾਚੇ ਪਾਣੀ ਅਤੇ ਜੰਗਲ ਸੰਕਟ ਤੇ ਕੰਟਰੋਲ ਕਰਨ ਦਾ ਕਾਰਗਰ ਤਰੀਕਾ, ਆਬਾਦੀ ਦੇ ਬੇਤਹਾਸ਼ਾ ਵਾਧੇ ਤੇ ਕੰਟਰੋਲ ਕਰਨਾ ਵੀ ਹੈ। ਅਜਿਹਾ ਵਰਤਾਰਾ ਭਾਰਤ ਵਰਗੇ ਮੁਲਕਾਂ 'ਚ ਅਸਲੋਂ ਮੁਹਾਲ ਐ ਜਿੱਥੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਨਹੀਂ, ਸਗੋਂ ਰਾਜਨੀਤੀ ਕਾਨੂੰਨ 'ਤੇ ਹਾਵੀ ਐ। ਫਰਕ ਆਪ ਦੇਖ ਲਓ ਕਿ ਕੁਦਰਤੀ ਸਰੋਤਾਂ ਨਾਲ ਮਾਲੋ ਮਾਲ ਹੋਣ ਦੇ ਬਾਵਜੂਦ ਵੀ ਭਾਰਤ ਰੁੱਖ ਅਤੇ ਪਾਣੀ ਸੰਕਟ ਨਾਲ ਜੂਝ ਰਿਹੈ ਉਥੇ ਦੁਬਈ ਵਰਗੇ ਮਾਰੂਥਲ ਦੇਸ਼ਾਂ ਨੇ ਦਿਲੋ-ਓ-ਜਾਨ ਨਾਲ ਸਖ਼ਤੀ ਵਰਤਦਿਆਂ ਆਪਣੇ ਆਪ ਨੂੰ ਨਖਲਿਸਤਾਨ 'ਚ ਤਬਦੀਲ ਕਰ ਲਿਐ।
ਜੇ ਜਲਗਾਹਾਂ ਧਰਤੀ ਦੇ ਗੁਰਦੇ ਹਨ ਤਾਂ ਜੰਗਲ ਧਰਤੀ ਦੇ ਫੇਫੜੇ । ਫੇਫੜੇ ਸਾਡੀ ਸ਼ਾਹ ਪ੍ਰਣਾਲੀ ਦਾ ਮੁੱਖ ਅੰਗ ਨੇ। ਜੰਗਲ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਅਤੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਜਜ਼ਬ ਕਰਕੇ ਬਦਲੇ 'ਚ ਅੰਮ੍ਰਿਤ ਰੂਪੀ ਆਕਸੀਜਨ ਦਿੰਦਾ ਹੈ। ਇਹੀ ਨਹੀਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਲੱਕੜ,ਬਰੋਜਾ,ਜੜੀ ਬੂਟੀਆਂ,ਠੰਡਕ,ਮੀਂਹ, ਕੁਦਰਤੀ ਰੈਣ ਬਸੇਰਾ,ਖਾਦ,ਫਲ਼,ਫੁੱਲ ਵਗੈਰਾ ਵਗੈਰਾ ਮਾਂ ਵਾਂਗ ਦਿੰਦਾ ਹੈ। ਸੋ ਸੌ ਜਨਮ ਲੈ ਕੇ ਵੀ ਮਾਂ ਵਾਂਗ, ਇਨ੍ਹਾਂ ਦਾ ਦੇਣ ਨਹੀਂ ਦੇ ਸਕਦੇ। ਆਓ ਇਸ ਵਾਰ ਦੀ ਹਰਿਆਵਲ ਲਹਿਰ ਨੂੰ ਘਰ ਘਰ ਲੈ ਕੇ ਜਾਈਏ। ਬੂਟੇ ਲਾਉਣ, ਫੋਟੋ ਖਿਚਵਾਉਣ ਤੱਕ ਹੀ ਸੀਮਤ ਨਾ ਰਹਿ ਕੇ ਬੂਟਿਆਂ ਨੂੰ ਪਾਲਣ/ਸਾਂਭਣ ਦਾ ਅਹਿਦ ਵੀ ਕਰੀਏ। ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵਾਂਗ ਹੋਰ ਵੀ ਧਾਰਮਿਕ ਸ਼ਖ਼ਸੀਅਤਾਂ ਇਧਰ ਜੁੜਨ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਰੁੱਖ ਆਕਸੀਜਨ ਪੈਦਾ ਕਰਨ ਦੇ ਕੁਦਰਤੀ ਮੁਫ਼ਤ ਕਾਰਖਾਨੇ ਹਨ। ਕਹਿੰਦੇ, ਰੱਬ ਮੁਸੀਬਤ ਵੇਲੇ ਈ ਯਾਦ ਆਉਂਦੈ। ਸੋ ਕੋਰੋਨਾ ਮਹਾਮਾਰੀ 'ਚ ਹੀ ਆਕਸੀਜਨ ਦੀ ਲੋੜ ਨੇ ਰੁੱਖਾਂ ਦੀ ਅਹਿਮੀਅਤ/ਅਣਹੋਂਦ ਦਾ ਅਹਿਸਾਸ ਕਰਵਾਇਆ। ਸੋ ਭਾਈ ਆਓ ਅਹਿਦ ਕਰੀਏ ਕਿ ਹਰ ਮਨੁੱਖ ਆਪਣੀ ਉਮਰ 'ਚ ਲਾਵੇ ਅਤੇ ਪਾਲੇ 10 ਰੁੱਖ। ਇਸੇ ਵਿੱਚ ਹੀ ਸਮਾਜ ਦਾ ਭਲਾ ਐ।
ਆਓ ਸੋਹਣਾ ਪੰਜਾਬ ਬਚਾਈਏ
ਮੰਗਲ ਦੇ ਵਿੱਚ ਜੰਗਲ ਲਾਈਏ
ਲੇਖਕ: ਸਤਵੀਰ ਸਿੰਘ ਚਾਨੀਆਂ
92569-73526
ਹੱਡ ਬੀਤੀ ਜੱਗ ਬੀਤੀ : ਹੱਥੋਂ ਝਪਟੀ ਪੜ੍ਹਾਈ
NEXT STORY